ਲੁਧਿਆਣਾ: 11 ਜਨਵਰੀ : ਤੇਲ ਬੀਜ ਫ਼ਸਲਾਂ ਵਿੱਚ ਸੂਰਜਮੁਖੀ ਦੀ ਫ਼ਸਲ ਗਿਣੀ ਜਾਂਦੀ ਹੈ। ਪੰਜਾਬ ਵਿੱਚ ਮੁੱਖ ਤੌਰ ਤੇ ਆਲੂ ਉਗਾਉਣ ਵਾਲੇ ਖੇਤਰ ਵਿੱਚ ਇਹ ਫ਼ਸਲ ਬਹਾਰ ਰੁੱਤ ਦੀ ਫ਼ਸਲ ਵਜੋਂ ਬੀਜੀ ਜਾਂਦੀ ਹੈ। ਸਾਲ 2010-11 ਦੌਰਾਨ ਸੂਰਜਮੁਖੀ ਦੀ ਕਾਸ਼ਤ 15 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਜਿਸ ਤੋਂ ਕੁੱਲ ਉਤਪਾਦਨ 25 ਹਜ਼ਾਰ ਟਨ ਦੇ ਕਰੀਬ ਹੋਇਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸਾਸ਼ਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਸਾਇੰਸਦਾਨ ਡਾ: ਜਗਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਜੂਨ ਜੁਲਾਈ 2012 ਦੇ ਕਰੀਬ ਸੂਰਜਮੁਖੀ ਦਾ ਭਾਅ 2800/- ਤੋਂ 3000/-ਰੁਪਏ ਪ੍ਰਤੀ ਕੁਇੰਟਲ ਰਹਿਣ ਦੀ ਸੰਭਾਵਨਾ ਹੈ। ਉਨ•ਾਂ ਦੱਸਿਆ ਕਿ ਇਸ ਫ਼ਸਲ ਦੀ ਕੀਮਤ ਮੰਗ, ਉਤਪਦਾਨ, ਖਾਣ ਵਾਲੇ ਤੇਲਾਂ ਦੀਆਂ ਅੰਤਰ ਰਾਸ਼ਟਰੀ ਕੀਮਤਾਂ ਅਤੇ ਸਰਕਾਰ ਦੀਆਂ ਨੀਤੀਆਂ ਤੇ ਨਿਰਭਰ ਕਰਦੀ ਹੈ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਦੇਸ਼ ਵਿੱਚ ਖਾਣ ਵਾਲੇ ਤੇਲ ਬੀਜਾਂ ਦੇ ਉਤਪਾਦਨ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਰਜਮੁਖੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਘੱਟੋ ਘੱਟ ਸਮਰਥਨ ਮੁੱਲ 2012 ਵਿੱਚ 2800/- ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਅਤੇ ਸਾਲ 2011-12 ਦੌਰਾਨ ਤੇਲ ਬੀਜਾਂ ਅਤੇ ਤੇਲਾਂ ਦਾ ਉਤਪਾਦਨ ਕ੍ਰਮਵਾਰ 35 ਅਤੇ 7.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜਦ ਕਿ ਦੇਸ਼ ਵਿੱਚ ਖਾਣ ਵਾਲੇ ਤੇਲਾਂ ਦੀ ਮੰਗ 17 ਮਿਲੀਅਨ ਟਨ ਦੇ ਅੰਕੜੇ ਨੂੰ ਛੂੰਹਣ ਦੀ ਉਮੀਦ ਹੈ। ਇਸ ਫਰਕ ਨੂੰ ਪੂਰਾ ਕਰਨ ਲਈ ਤੇਲ ਅਯਾਤ ਕਰਨਾ ਪੈ ਸਕਦਾ ਹੈ ਅਤੇ ਸੂਰਜਮੁਖੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ।