ਬਠਿੰਡਾ, 11 ਜਨਵਰੀ -ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਅੱਜ 30 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਵਿਧਾਨ ਸਭਾ ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ੍ਰੀ ਜਨਮੇਜਾ ਸਿੰਘ ਸੇਖੋਂ, ਕਾਂਗਰਸ ਦੇ ਸ੍ਰੀ ਮੰਗਤ ਰਾਏ ਬਾਂਸਲ, ਸੀ. ਪੀ. ਆਈ (ਐਮ. ਐਲ) ਲਿਬਰੇਸ਼ਨ ਦੇ ਸ੍ਰੀ ਹਰਵਿੰਦਰ ਸਿੰਘ, ਬਸਪਾ ਦੇ ਸ੍ਰੀ ਦੁਸਹਿਰਾ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਦਕਿ ਸ੍ਰੀ ਮੰਗਤ ਰਾਏ ਬਾਂਸਲ ਦੀ ਪਤਨੀ ਸ੍ਰੀਮਤੀ ਮਨੋਜ ਬਾਲਾ, ਸ੍ਰੀ ਮਹਿੰਦਰ ਸਿੰਘ ਅਤੇ ਸ੍ਰੀ ਜਸਵੀਰ ਸਿੰਘ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਪ੍ਰੀਤਮ ਸਿੰਘ ਅਤੇ ਪਰਮਜੀਤ ਕੌਰ, ਬਸਪਾ ਦੇ ਸ੍ਰੀ ਮਹਿੰਦਰ ਸਿੰਘ ਅਤੇ ਸੀ. ਪੀ. ਆਈ (ਐਮ. ਐਲ) ਲਿਬਰੇਸ਼ਨ ਦੇ ਸ੍ਰੀ ਅਮੀ ਲਾਲ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸਿਕੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸ੍ਰੀ ਗੁਰਪ੍ਰੀਤ ਸਿੰਘ ਨੇ ਤਿੰਨ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ। ਇਸੇ ਹਲਕੇ ਤੋਂ ਸ੍ਰੀ ਲਖਵੀਰ ਸਿੰਘ ਅਤੇ ਹਰਬੰਸ ਕੌਰ ਨੇ ਪੀ. ਪੀ. ਪੀ. ਵੱਲੋਂ ਕਾਗਜ਼ ਦਾਖ਼ਲ ਕਰਵਾਏ ਜਦਕਿ ਸ੍ਰੀ ਬਣਬੀਰ ਸਿੰਘ ਨੇ ਬਸਪਾ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ। ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਸ੍ਰੀ ਹਰਮਿੰਦਰ ਸਿੰਘ ਜੱਸੀ ਅਤੇ ਉਨ੍ਹਾਂ ਦੀ ਪਤਨੀ ਮਨਮੀਤ ਕੌਰ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਹਲਕੇ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਸ੍ਰੀ ਜਸਵੀਰ ਸਿੰਘ, ਜਨਰਲ ਸਮਾਜ ਪਾਰਟੀ ਦੇ ਸ੍ਰੀ ਰਾਜੇਸ਼ ਗੋਇਲ ਨੇ ਨਾਮਜ਼ਦਗੀਆਂ ਭਰੀਆਂ ਜਦਕਿ ਸ੍ਰੀ ਤ੍ਰਿਭਵਨ ਕੁਮਾਰ, ਸ੍ਰੀ ਹਰਮੇਸ਼ ਕੁਮਾਰ ਅਤੇ ਸ੍ਰੀ ਸੰਤ ਲਾਲ ਨੇ ਆਜ਼ਾਦ ਉਮੀਦਵਾਰਾਂ ਵਜੋਂ ਕਾਗਜ਼ ਦਾਖ਼ਲ ਕਰਵਾਏ। ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਸ੍ਰੀ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਭੁਪਿੰਦਰ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਅਮਰਜੀਤ ਸਿੰਘ ਤੇ ਸ੍ਰੀ ਸੁਖਮਨ ਸਿੰਘ ਅਤੇ ਬਸਪਾ ਵੱਲੋਂ ਸ੍ਰੀ ਨਿੱਕਾ ਸਿੰਘ ਅਤੇ ਸ੍ਰੀ ਗੁਰਤੇਜ ਸਿੰਘ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ। ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਦਰਸ਼ਨ ਸਿੰਘ ਨੇ ਦੋ ਨਾਮਜ਼ਦਗੀਆਂ ਭਰੀਆਂ।