January 12, 2012 admin

ਅਮਰਪਾਲ ਸਿੰਘ ਬੋਨੀ ਵਿਰੁੱਧ ਚੋਣ ਜਾਬਤੇ ਦੀ ਉਲੰਘਣਾ ਕਰਨ ਸਬੰਧੀ ਨੋਟਿਸ ਜਾਰੀ

ਅੰਮ੍ਰਿਤਸਰ, 12 ਜਨਵਰੀ:  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ ਸ੍ਰ ਅਮਰਪਾਲ ਸਿੰਘ ਬੋਨੀ ਵੱਲੋਂ ਗੁਰਦਵਾਰਾ ਸਾਹਿਬ ਦੇ ਕੰਪਲੈਕਸ ‘ਚ ਚੋਣ ਮੀਟਿੰਗ ਕਰਕੇ ਕੀਤੀ ਗਈ ਚੋਣ ਜਾਬਤੇ ਦੀ ਉਲੰਘਣਾ ਦਾ ਗੰਭੀਰ ਨੋਟਿਸ ਸਬੰਧਤ ਰਿਟਰਨਿੰਗ ਅਫਸਰ ਵੱਲੋਂ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਅਜਨਾਲਾ ਦੇ ਰਿਟਰਨਿੰਗ ਅਧਿਕਾਰੀ ਨੂੰ ਸ਼ਿਕਾਇਤ ਮਿਲੀ ਸੀ ਕਿ 3 ਜਨਵਰੀ, 2012 ਨੂੰ ਸ੍ਰ ਬੋਨੀ ਨੇ ਪਿੰਡ ਸਲੋਦੀਨ ਦੇ ਗੁਰਦਾਵਰਾ ਸਾਹਿਬ ‘ਚ ਚੋਣ ਮੀਟਿੰਗ ਕਰ ਰਿਹਾ ਹੈ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਹੈ।  ਸਬੰਧਤ ਅਧਿਕਾਰੀ ਨੇ ਤੁਰੰਤ ਫਲਾਇੰਗ ਸਕੂਐਡ ਅਤੇ ਚੋਣ ਜਾਬਤੇ ਨੂੰ ਲਾਗੂ ਕਰਾਉਣ ਵਾਲੀ ਟੀਮ ਨੁੰ ਘਟਨਾ ਸਥਾਨ ਤੇ ਭੇਜਿਆ ਤਾਂ ਜੋ ਵੀਡੀਓਗ੍ਰਾਫੀ ਆਦਿ ਕੀਤੀ ਜਾ ਸਕੇ। ਪਰ ਚੋਣ ਟੀਮਾਂ ਦੇ ਮੀਟਿੰਗ ਸਥਾਨ ਤੋਂ ਕੁਝ ਮਿੰਟ ਪਹਿਲਾਂ ਹੀ ਬੋਨੀ ਮੀਟਿੰਗ ਕਰਕੇ ਉਥੋ ਨਿਕਲ ਗਏ। ਉਕਤ ਟੀਮਾਂ ਨੇ ਪਿੰਡ ਵਾਸੀਆਂ ਤੋਂ ਪੁੱਛ-ਪੜਤਾਲ ਕੀਤੀ ਜਿਸ ਤੋਂ ਸਪਸ਼ਟ ਹੋ ਗਿਆ ਕਿ ਉਕਤ ਮੀਟਿੰਗ ਗੁਰਦਵਾਰਾ ਸਾਹਿਬ ਦੇ ਕੰਪਲੈਕਸ ‘ਚ ਹੋਈ ਸੀ। ਇਸ ਸ਼ਿਕਾਇਤ ਦੀ ਪੜਤਾਲ ਤਹਿਸੀਲਦਾਰ ਅਜਨਾਲਾ ਤੋਂ ਵੀ 4 ਜਨਵਰੀ ਨੂੰ ਕਰਵਾਈ ਗਈ, ਜਿੰਨਾਂ ਨੇ ਆਪਣੀ ਪੜਤਾਲੀਆਂ ਰਿਪੋਰਟ ‘ਚ ਲਿਖਿਆ ਕਿ ਮੀਟਿੰਗ 3 ਜਨਵਰੀ ਸ਼ਾਮ 4 ਵਜੇ ਉਕਤ ਗੁਰਦਵਾਰਾ ਸਾਹਿਬ ਦੇ ਕੰਪਲੈਕਸ ‘ਚ ਹੋਈ ਸੀ।
         ਉਕਤ ਸ਼ਿਕਾਇਤ ਸਬੰਧੀ ਸ੍ਰ ਬੋਨੀ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਲਿਖਿਆ ਗਿਆ ਕਿ ਆਪ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ ਜਾਵੇ। ਸ੍ਰ ਬੋਨੀ ਵੱਲੋਂ ਇਸ ਸਬੰਧੀ ਜਵਾਬ ਦਿੱਤਾ ਗਿਆ, ਪਰ ਰਿਟਰਨਿੰਗ ਅਧਿਕਾਰੀ ਇਸ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਚਿਤਾਵਨੀ ਨੋਟਿਸ ਜਾਰੀ ਕਰ ਦਿੱਤਾ ਅਤੇ ਅੱਗੋ ਤੋਂ ਅਜਿਹਾ ਕਰਨ ਤੋਂ ਵਰਜਿਆ ਅਤੇ ਇਸ ਸਬੰਧੀ ਨੋਟਿਸ ਬੋਰਡ ਤੇ ਵੀ ਨੋਟਿਸ ਦੀ ਕਾਪੀ ਲਗਾ ਦਿੱਤੀ। ਰਿਟਰਨਿੰਗ ਅਧਿਕਾਰੀ ਨੇ ਇਸ ਸਬੰਧੀ ਜਿਲ੍ਹਾ ਚੋਣ ਅਧਿਕਾਰੀ ਨੂੰ ਵੀ ਜਾਣੂੰ ਕਰਵਾਇਆ  ਜਿੰਨਾਂ ਨੇ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਦੱਸਣਯੋਗ ਹੈ ਕਿ ਚੋਣ ਜਾਬਤੇ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਇਥੋਂ ਤੱਕ ਕਿ ਦੋਸ਼ੀ ਪਾਏ ਗਏ ਉਮੀਦਵਾਰ ਦਾ ਪਾਰਟੀ ਚੋਣ ਨਿਸ਼ਾਨ ਵੀ ਵਾਪਸ ਲਿਆ ਜਾ ਸਕਦਾ ਹੈ। 

Translate »