ਫਤਹਿਗੜ੍ਹ ਸਾਹਿਬ: 12 ਜਨਵਰੀ : ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ ਧਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਸਬੰਧੀ ਦਿੱਤੇ ਆਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਹਨਾਂ ਦੀ ਕੀਤੀ ਵਿਸ਼ੇਸ਼ ਚੈਕਿੰਗ ਦੌਰਾਨ 33.70 ਲੱਖ ਰੁਪਏ ਦੇ ਕਰੀਬ ਰਾਸ਼ੀ, 10 ਕਿਲੋ ਭੁੱਕੀ ਅਤੇ 5 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਸ਼੍ਰੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਜੀ.ਟੀ. ਰੋਡ ‘ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਮਹਾਂਰਾਸ਼ਟਰਾ ਦੇ ਕੋਲ੍ਹਾਪੁਰ ਸ਼ਹਿਰ ਦੇ ਪ੍ਰਭਾਕਰ ਨਾਇਕ ਸਪੁੱਤਰ ਰਾਮ ਨਾਇਕ ਤੋਂ 6.50 ਲੱਖ ਰੁਪਏ, ਰਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਆਨੰਦ ਨਗਰ ਪਟਿਆਲਾ ਤੋਂ 4.28 ਲੱਖ ਰੁਪਏ, ਮੋਹਨ ਸਿੰਘ ਪੁੱਤਰ ਨੱਥਾ ਸਿੰਘ ਕੇਹਰਾ ਬਡਾਲੀ, ਆਲਾ ਸਿੰਘ ਤੋਂ 4.51 ਲੱਖ, ਸਰੂਪ ਸਿੰਘ ਪੁੱਤਰ ਨਾਹਰ ਚੰਦ ਨੂਰਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ 4 ਲੱਖ 31 ਹਜ਼ਾਰ 390 ਰੁਪਏ ਬਰਾਮਦ ਕੀਤੇ ਹਨ। ਜਿਨ੍ਹਾਂ ਬਾਰੇ ਉਹ ਕੋਈ ਢੁਕਵਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਅਤੇ ਇਹ ਰਾਸ਼ੀ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਸੰਜੀਵ ਕੁਮਾਰ ਜੈਨ ਪੁੱਤਰ ਨੇਮ ਜੈਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਤੋਂ 5 ਲੱਖ, ਅਮਲੋਹ ਪੁਲਿਸ ਵੱਲੋਂ ਜਗਤਾਰ ਸਿੰਘ ਸਪੁੱਤਰ ਗੁਰਚਰਨ ਸਿੰਘ ਪਿੰਡ ਦੱਲਣਵਾਲ ਜ਼ਿਲ੍ਹਾ ਸੰਗਰੂਰ ਤੋਂ 6 ਲੱਖ 10 ਹਜ਼ਾਰ ਅਤੇ ਜਗਮੀਤ ਸਿੰਘ ਪੁੱਤਰ ਕਾਲਾ ਸਿੰਘ ਅਮਲੋਹ ਤੋਂ 3 ਲੱਖ ਰੁਪਏ ਬਰਾਮਦ ਕੀਤੇ ਹਨ।