January 14, 2012 admin

ਅਬਜਰਵਰਾਂ ਵੱਲੋਂ ਚੋਣ ਅਧਿਕਾਰੀਆਂ ਨਾਲ ਵੋਟਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ – ਚੋਣ ਪ੍ਰਬੰਧਾਂ ਦਾ ਲਿਆ ਜਾਇਜਾ

ਅੰਮ੍ਰਿਤਸਰ, 14 ਜਨਵਰੀ: ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੇ ਚੋਣ ਪ੍ਰਬੰਧਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ 13 ਅਬਜਰਵਰਾਂ ਨੇ ਅੱਜ ਵੋਟ ਪ੍ਰਕਿਰਿਆ ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਚੋਣ ਅਧਿਕਾਰੀਆਂ ਨਾਲ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਚੋਣ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਆਪਣੇ ਵੱਲੋਂ ਕੁਝ ਜਰੂਰੀ ਦਿਸ਼ਾ ਨਿਰਦੇਸ਼  ਦਿੱਤੇ। ਜਿਲ੍ਹਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਅਬਜਰਵਰਾਂ ਨੂੰ ਜੀ ਆਇਆ ਆਖਦਿਆਂ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਸੰਖੇਪ ਬਿਓਰਾ ਸਾਂਝਾ ਕੀਤਾ। ਸ੍ਰੀ ਅਗਰਵਾਲ ਨੇ ਦੱਸਿਆ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਉਮੀਦਵਾਰਾਂ ਦੇ ਖਰਚੇ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਸੈਲ ਕਾਇਮ ਕੀਤਾ ਗਿਆ ਹੈ ਅਤੇ ਇਸ ਸੈਲ ਦੇ ਕੰਟਰੋਲ ਰੂਮ ਵਿੱਚ 24 ਘੰਟੇ  ਕਰਮਚਾਰੀ ਤਾਇਨਾਤ ਰਹਿੰਦੇ ਹਨ। ਇਸ ਤੋਂ ਇਲਾਵਾ 11 ਵੀਡੀਓ ਸਰਵਾਈਲੈਂਸ ਟੀਮਾਂ, 11 ਵੀਡੀਓ ਦੇਖਣ ਵਾਲੀਆਂ ਟੀਮਾਂ, 11 ਅਕਾਉਂਟ ਟੀਮਾਂ, 11 ਉਡਣ ਦਸਤੇ ਅਤੇ 31 ਸਟੈਟਿਕਸ ਸਰਵਾਈਲੈਂਸ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਵੱਲੋਂ ਅਖਬਾਰਾਂ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਅਤੇ ਲਗਵਾਈਆਂ ਜਾਂਦੀਆਂ ਪੇਡ ਨਿਊਜ ਉਪਰ ਨਜ਼ਰ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਜਾਬਤੇ ਨੂੰ ਲਾਗੂ ਕਰਵਾਉਣ ਲਈ 11 ਟੀਮਾਂ ਅਤੇ ਇਕ ਜਿਲ੍ਹਾ ਪੱਧਰੀ ਟੀਮ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ 3 ਮਾਈਕਰੋ ਅਬਜਰਵਰ ਜੋ ਕਿ ਸੈਂਟਰਲ ਕਰ ਤੇ ਆਬਕਾਰੀ ਵਿਭਾਗ ਵਿੱਚੋਂ ਹਨ ਵੀ ਤਾਇਨਾਤ ਕੀਤੇ ਗਏ ਹਨ। ਸ੍ਰੀ ਅਗਰਵਾਲ ਨੇ ਜਿਲ੍ਹੇ ਵਿੱਚ ਹੋਈਆਂ ਨਾਮਜਦਗੀਆਂ ਦਾ ਵੇਰਵਾ ਵੀ ਅਬਜਰਵਰਾਂ ਨੂੰ ਦਿੱਤਾ। ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਚੋਣਾਂ ਸਬੰਧੀ 152 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿੰਨਾਂ ਚੋਂ 121 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਵਿੱਚ ਨਸ਼ੇ, ਸ਼ਰਾਬ ਅਤੇ ਪੈਸੇ ਆਦਿ ਦੀ ਵਰਤੋਂ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਚੋਣ ਅਬਜਰਵਰਾਂ ਨੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀ ਗਈ ਤਿਆਰੀ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਲਈ ਆਏ ਹਨ ਅਤੇ ਇਹ ਯਕੀਨੀ ਬਣਾਉਣਗੇ ਕਿ ਚੋਣ ਜਾਬਤੇ ਦੀ  ਉਲੰਘਣਾ ਨਾ ਹੋਵੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਉਨਾਂ ਆਪਣੇ ਵੱਲੋਂ ਕੁਝ ਸੁਝਾਓ ਵੀ ਜਿਲ੍ਹਾ ਪ੍ਰਸਾਸ਼ਨ ਨਾਲ ਸਾਂਝੇ ਕੀਤੇ।
         ਅੱਜ ਦੀ ਇਸ ਮੀਟਿੰਗ ਵਿੱਚ ਸ੍ਰੀ ਅਨੂਪ ਕੁਮਾਰ ਆਈ:ਏ:ਐਸ, ਸ੍ਰੀ ਬਿਸ਼ਵਾ ਨਾਥ ਸਿਨਹਾ ਆਈ:ਏ:ਐਸ, ਸ੍ਰੀ ਅਰੁਣ ਐਸ:ਸ਼ਤਰੀਆ ਆਈ:ਏ:ਐਸ, ਸ੍ਰੀ ਸੀਤਾ ਰਮਨ ਆਈ:ਏ:ਐਸ, ਸ੍ਰੀ ਸਇਯਦ ਉਮੇਲ ਜਲੀਲ ਆਈ:ਏ:ਐਸ, ਸ੍ਰੀ ਮੁਹੰਮਦ ਮੁਸਤਫਾ ਆਈ:ਏ:ਐਸ, ਸ੍ਰੀ ਵਿਲਾਸ ਸ਼ਿੰਦੇ, ਏ ਮਜਮੂਦਾਰ, ਸ੍ਰੀ ਯੂ:ਬੀ:ਮਿਸ਼ਰਾ, ਸ੍ਰੀ ਮਹੇਸ਼ ਠਾਕੁਰ, ਸ੍ਰੀ ਸੰਜੇ ਮਿਸ਼ਰਾ, ਸ੍ਰੀ ਐਸ:ਐਨ ਸਿੰਘ ਆਈ:ਪੀ:ਐਸ ਅਤੇ ਸ੍ਰੀ ਭਾਸਕਰ ਰਾਓ ਆਈ:ਪੀ:ਐਸ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੁਲਿਸ ਕਮਿਸ਼ਨਰ ਸ੍ਰੀ ਆਰ:ਪੀ: ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਲਜੀਤ ਸਿੰਘ, ਵਧੀਕ ਡਿਪਟੀ ਕਮਿਸਨਰ ਵਿਕਾਸ ਅਮਿਤ ਦਾਖਾ, ਐਸ:ਐਸ:ਪੀ ਦਿਹਾਤੀ ਸ੍ਰੀ ਆਰ:ਪੀ:ਐਸ ਪਰਮਾਰ, ਵਧੀਕ ਜਿਲ੍ਹਾ ਚੋਣ ਅਫਸਰ ਸ੍ਰ ਸੁੱਚਾ ਸਿੰਘ ਨਾਗਰਾ ਅਤੇ ਸਾਰੇ ਹਲਕਿਆਂ ਦੇ ਰਿਟਰਨਿੰਗ ਅਫਸਰ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ। 

Translate »