ਅੰਮ੍ਰਿਤਸਰ, 14 ਜਨਵਰੀ : ਅੰਮ੍ਰਿਤਸਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਹਨਾਂ ਦੇ ਕਬਜੇ ਵਿਚੋਂ ਮਾਰੂ ਹਥਿਆਰ, ਨਸ਼ੀਲੇ ਪਦਾਰਥ ਅਤੇ ਲੁੱਟ ਦਾ ਅਤੇ ਚੋਰੀ ਸ਼ੁਦਾ ਸਮਾਨ ਵੀ ਬਰਾਮਦ ਕੀਤਾ ਹੈ। ਅੱਜ ਆਪਣੇ ਦਫਤਰ ਵਿੱਚ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਦੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਇਹ ਕਬੂਲ ਕੀਤਾ ਹੈ ਕਿ ਉਹਨਾਂ ਨੇ ਹਾਲ ਗੇਟ ਲਾਗਿਓਂ ਇੱਕ ਮੋਟਰ ਸਾਈਕਲ ਚੋਰੀ ਕੀਤਾ ਸੀ ਅਤੇ ਫਿਰ ਉਹਨਾਂ ਨੇ ਕੰਪਨੀ ਬਾਗ ਲਾਗੇ ਇੱਕ ਰਾਹਗੀਰ ਕੋਲੋਂ ਛੂਰੀ ਮਾਰ ਕੇ ਉਸਦਾ ਮੋਬਾਇਲ ਫੋਨ ਖੋਹਿਆ ਸੀ, ਜਿਸ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਇਸੇ ਤਰਾਂ ਇਹਨਾਂ ਦੋਸ਼ੀਆਂ ਨੇ ਛੁੱਟੀ ਕੱਟ ਕੇ ਆ ਰਹੇ ਫੌਜੀ ਦੇ ਸਿਰ ‘ਤੇ ਕਿਰਪਾਨ ਮਾਰ ਕੇ ਉਸਦਾ ਮੋਬਾਇਲ ਅਤੇ ਬੈਗ ਖੋਹ ਲਿਆ ਸੀ ਅਤੇ ਇੱਕ ਹੋਰ ਰਾਹਗੀਰ ਦਾ ਵੀ ਇਹਨਾਂ ਨੇ ਮੋਬਾਇਲ ਖੋਹ ਲਿਆ ਸੀ।
ਪੁਲਿਸ ਕਮਿਸ਼ਨਰ ਸ੍ਰੀ ਆਰ. ਪੀ. ਮਿੱਤਲ ਨੇ ਅੱਗੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਵਿਨੋਦ ਕੁਮਾਰ ਉਰਫ ਨੋਧਾ ਵਾਸੀ ਮੁਹੱਲਾ ਘੁਮਿਆਰਾਂ ਛੋਟਾ ਹਰੀਪੁਰਾ ਅੰਮ੍ਰਿਤਸਰ, ਕੁਲਦੀਪ ਸਿੰਘ ਉਰਫ ਕੀਪਾ ਵਾਸੀ ਗਲੀ ਨੰਬਰ 8 ਗੁਰੂ ਨਾਨਕ ਪੁਰਾ ਅੰਮ੍ਰਿਤਸਰ ਅਤੇ ਬਲਦੇਵ ਕੁਮਾਰ ਉਰਫ ਦੇਬਾ ਵਾਸੀ ਜੱਟਾਂ ਦੀ ਹਵੇਲੀ ਛੋਟਾ ਹਰੀਪੁਰਾ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਇਹਨਾਂ ਦੇ ਕਬਜ਼ੇ ‘ਚੋਂ 2 ਦੇਸੀ ਪਿਸਤੌਲ, 15 ਜਿੰਦਾਂ ਰੌਂਦ, 520 ਗ੍ਰਾਂਮ ਨਸ਼ੀਲਾ ਪਾਊਡਰ, 320 ਗ੍ਰਾਂਮ ਚਰਸ, 1 ਮੋਟਰ ਸਾਈਕਲ, 3 ਮੋਬਾਇਲ ਅਤੇ ਦਾਤਰ, ਕਿਰਚ ਅਤੇ ਕਰਪਾਨ ਬਰਾਮਦ ਹੋਏ ਹਨ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀਆਂ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ 2 ਦੋਸ਼ੀਆਂ ਨੂੰ 600 ਗ੍ਰਾਂਮ ਹੈਰੋਇਨ, 1 ਲੱਖ 65 ਹਜ਼ਾਰ ਰੁਪਏ ਭਾਰਤੀ ਕਰੰਸੀ, 1 ਟਰੱਕ (ਨੰ: ਐੱਚ. ਆਰ.-37- 3231) ਅਤੇ ਇੱਕ ਕੰਪਿਊਟਰ ਕੰਡੇ ਸਮੇਤ ਗ੍ਰਿਫਤਾਰ ਕੀਤਾ ਹੈ। ਸ੍ਰੀ ਮਿੱਤਲ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਇਕਬਾਲ ਸਿੰਘ ਉਰਫ ਪੱਪੂ ਵਾਸੀ ਭਾਈ ਮੰਝ ਸਿੰਘ ਰੋਡ, ਲੋਟ ਮਿਤ ਸਿੰਘ ਅੰਮ੍ਰਿਤਸਰ ਅਤੇ ਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਪਿੰਡ ਮੋਹਨ ਭੰਡਾਰੀਆਂ ਵਜੋਂ ਹੋਈ ਹੈ। ਉਹਨਾਂ ਦੱਸਿਆਂ ਕਿ ਫੜੇ ਗਏ ਦੋਸ਼ੀਆਂ ਨੇ ਮੰਨਿਆ ਹੈ ਕਿ ਉਹਨਾਂ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਲਿਆਂਦੀ ਸੀ ਕਿਉਂਕਿ ਰਜਿੰਦਰ ਸਿੰਘ ਆਪਣੇ ਟਰੱਕ ਪਾਕਿਸਤਾਨ ਨੂੰ ਸਬਜੀ ਲੈ ਕੇ ਜਾਂਦਾ ਸੀ।