ਲੁਧਿਆਣਾ 13 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਟੈਕਨਾਲੌਜੀ ਵਧੇਰੇ ਅਸਰਦਾਰ ਢੰਗ ਨਾਲ ਕਿਸਾਨਾਂ ਤੀਕ ਪਹੁੰਚਾਈ ਜਾਵੇਗੀ । ਇਹਨਾਂ ਤਕਨੀਕਾਂ ਵਿਚ ਹਰਾ ਪੱਤਾ ਚਾਰਟ, ਲੇਜ਼ਰ ਕਰਾਹਾ, ਹੈਪੀਸੀਡਰ ਅਤੇ ਟੈਂਨਸੀਓਮੀਟਰ ਪ੍ਰਮੁਖ ਹਨ । ਖਾਦਾਂ ਦੀ ਸਤੁੰਲਿਤ ਵਰਤੋਂ ਲਈ ਹਰਾ ਪੱਤਾ ਚਾਰਟ ਮਹੱਤਵਪੂਰਨ ਹਿੱਸਾ ਪਾ ਸਕਦਾ ਹੈ । ਇਸੇ ਤਰ•ਾਂ ਲੇਜ਼ਰ ਕਰਾਹਾ ਨਾਲ ਜ਼ਮੀਨ ਪੱਧਰੀ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ । ਹੈਪੀਸੀਡਰ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਟੈਂਨਸੀਓਮੀਟਰ ਨਾਲ ਝੋਨੇ ਨੂੰ ਲੋੜ ਮੁਤਾਬਿਕ ਪਾਣੀ ਲਾ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
ਮਾਹਿਰਾਂ ਅਤੇ ਕਿਸਾਨਾਂ ਦੇ ਵਿਚਾਰ ਵਟਾਂਦਰੇ ਉਪਰੰਤ ਸੰਬੋਧਨ ਕਰਦਿਆ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੁਖਤਾਰ ਸਿੰਘ ਗਿੱਲ ਨੇ ਕਿਹਾ ਕਿ ਕਿਸਾਨਾਂ ਦੇ ਭਲੇ ਲਈ ਵਿਕਸਤ ਤਕਨੀਕਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀ ਸਲਾਹਕਾਰ ਕੇਂਦਰਾਂ, ਕਿਸਾਨ ਕਲੱਬ ਤੋਂ ਇਲਾਵਾ ਰੇਡੀਓ, ਟੀਵੀ, ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਸਮਝਾਇਆ ਜਾਵੇਗਾ । ਉਹਨਾਂ ਆਖਿਆ ਕਿ ਇਸ ਵਾਰ ਕਿਸਾਨ ਮੇਲੇ ਮੌਕੇ ਇਹਨਾਂ ਸਭ ਤਕਨੀਕਾਂ ਨੂੰ ਪਹਿਲ ਦਿੱਤੀ ਜਾਵੇਗੀ । ਹਰਾ ਪੱਤਾ ਚਾਰਟ ਬਾਰੇ ਡਾ. ਵਰਿੰਦਰਪਾਲ ਸਿੰਘ ਅਤੇ ਟੈਂਨਸੀਓਮੀਟਰ ਬਾਰੇ ਡਾ. ਸੁਰਿੰਦਰ ਸਿੰਘ ਕੁੱਕਲ ਤੋਂ ਇਲਾਵਾ ਹੈਪੀਸੀਡਰ ਸੰਬੰਧੀ ਡਾ. ਜਸਕਰਨ ਸਿੰਘ ਮਾਹਲ ਨੇ ਜਾਣਕਾਰੀ ਦਿੱਤੀ । ਝੋਨੇ ਦੀ ਸਿਧੀ ਬੀਜਾਈ ਸੰਬੰਧੀ ਡਾ. ਐਮ.ਐਸ. ਭੁੱਲਰ ਨੇ ਇਸ ਦੇ ਫਾਇਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ । ਖੋਜ ਡਾਇਰੈਕੋਟਰੇਟ ਵੱਲੋਂ ਡਾ. ਪਿਆਰਾ ਸਿੰਘ ਚਾਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਭੂਮੀ ਵਿਗਿਆਿਨ ਵਿਭਾਗ ਦੇ ਮੁੱਖੀ ਡਾ. ਉਪਕਾਰ ਸਿੰਘ ਸਦਾਨਾ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਚਲਾਈ ।