January 14, 2012 admin

ਦਸਤਾਰ ਪ੍ਰਤੀ ਸੰਯੁਕਤ ਰਾਸ਼ਟਰ ਵੱਲੋ ਫਰਾਂਸ ਖਿਲਾਫ ਦਿੱਤਾ ਫੈਸਲਾ ਸ਼ਲਾਘਾਯੋਗ-ਜਥੇ: ਅਵਤਾਰ ਸਿੰਘ ਫਰਾਂਸ ਸਰਕਾਰ ਇਸ ਫੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰੇ

ਅੰਮ੍ਰਿਤਸਰ 14 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਕੌਮ ਦੇ ਧਾਰਮਿਕ ਅਤੇ ਵੱਖਰੀ ਪਹਿਚਾਣ ਦੇ ਪ੍ਰਤੀਕ ਅਨਿਖੜਵੇਂ ਅੰਗ ਦਸਤਾਰ ਪ੍ਰਤੀ ਸੰਯੁਕਤ ਰਾਸਟਰ (ਮਾਨਵੀਂ ਹੱਕਾਂ ਬਾਰੇ ਕੌਂਸਲ) ਵੱਲੋਂ ਫਰਾਂਸ ਸਰਕਾਰ ਖਿਲਾਫ ਦਿੱਤਾ ਫੈਸਲਾ ਇਤਿਹਾਸਕ ਤੇ ਸ਼ਲਾਂਘਾਯੋਗ ਕਰਾਰ ਦਿੱਤਾ ਅਤੇ ਫਰਾਂਸ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰੇ।
 ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਰਲੀਜ ਰਾਹੀਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸਟਰ) ਵੱਲੋਂ ਦਸਤਾਰ ਪ੍ਰਤੀ ਫਰਾਂਸ ਸਰਕਾਰ ਖਿਲਾਫ ਦਿੱਤੇ ਫੈਸਲੇ ਨਾਲ ਸਮੁੱਚੀ ਸਿੱਖ ਕੌਮ ਨੂੰ ਵੱਡੀ ਰਾਹਤ ਮਿਲੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫੈਸਲੇ ਦਾ ਪੁਰਜ਼ੋਰ ਸਵਾਗਤ ਕਰਦੀ ਹੈ। ਵਿਦੇਸ਼ੀ ਹਵਾਈ ਅੱਡਿਆਂ ਤੇ ਸੁਰੱਖਿਆ ਦੇ ਨਾਮਪੁਰ ਤਲਾਸ਼ੀ ਲੈਣ ਦੇ ਬਹਾਨੇ ਦਸਤਾਰ ਉਤਰਵਾ ਕੇ ਜਲੀਲ ਅਤੇ ਮਾਨਵੀਂ ਅਧਿਕਾਰਾਂ ਦਾ ਜੋ ਘਾਣ ਕੀਤਾ ਜਾਂਦਾ ਸੀ ਉਸ ਨੂੰ ਵੀ ਠੱਲ ਪਵੇਗੀ।
 ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਦੇਸ਼ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਸਬੰਧਤ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਅਤੇ ਮਿਲ ਕੇ ਦਸਤਾਰ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਸੀ ਤੇ ਕੁਝ ਦਿਨ ਪਹਿਲਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਡਾ.ਮਨਮੋਹਨ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਸ ਸਮੇਂ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਕੋਲ ਦਸਤਾਰ ਦਾ ਮਸਲਾ ਬੜੇ ਜੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਪਰ ਵਿਦੇਸ਼ੀ ਏਅਰਪੋਰਟਾਂ ਤੇ ਸਿੱਖਾਂ ਦੀ ਦਸਤਾਰ ਉਤਾਰ ਕੇ ਤਲਾਸ਼ੀ ਲਏ ਜਾਣ ਵਾਲੇ ਮਸਲੇ ਨੂੰ ਦੇਸ਼ ਦੀ ਸਰਕਾਰ ਆਪਣੀ ਬੇਇਜਤੀ ਤਾਂ ਮੰਨਦੀ ਸੀ ਪ੍ਰੰਤੂ ਕੁਟਨੀਤਕ ਪੱਧਰ ਤੇ ਦਸਤਾਰ ਮਸਲੇ ਪ੍ਰਤੀ ਸਰਕਾਰ ਵੱਲੋਂ ਜੋ ਕਰਨਾ ਚਾਹੀਦਾ ਸੀ, ਉਸਦਾ ਕੋਈ ਰਜਲਟ ਸਿੱਖਾਂ ਸਾਹਮਣੇ ਨਹੀ ਆਇਆ  ਕਿਉਕਿ ਜਿਸ ਦੇਸ਼ ਦੀ ਖਾਤਰ ਸਿੱਖਾਂ ਦੀਆਂ 80% ਤੋਂ ਵੱਧ ਕੁਰਬਾਨੀਆਂ ਹੋਣ ਤੇ ਅੰਨ-ਭੰਡਾਰ ਭਰਨ, ਦੇਸ਼ ਦੇ ਬਾਰਡਰਾਂ ਤੇ ਰੱਖਿਆ ਕਰਨ ‘ਚ ਸਿੱਖ ਮੋਹਰੀ ਹੋਣ ਪ੍ਰੰਤੂ ਉਸ ਘੱਟ ਗਿੱਣਤੀ ਕੌਮ ਪ੍ਰਤੀ ਆਵਾਜ ਬੁਲੰਦ ਕਰਨ ‘ਚ ਦੇਸ਼ ਦੀ ਸਰਕਾਰ ਵੱਲੋਂ ਕੋਈ ਕਦਮ ਨਾ ਚੁਕਣਾ ਹੈਰਾਨੀ ਤੇ ਅਫਸ਼ੋਸ਼ ਵਾਲੀ ਗੱਲ ਹੈ।
 ਉਹਨਾਂ ਕਿਹਾ ਕਿ ਜਿਥੇ-ਜਿਥੇ ਵੀ ਸਿੱਖ ਬੈਠੇ ਹਨ ਭਾਵੇਂ ਦੇਸ਼ ਕੋਈ ਵੀ ਹੋਵੇ ਹਰੇਕ ਸਿੱਖ ਨੇ ਦਸਤਾਰ ਦੇ ਕੌਮੀ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਅੱਜ ਹਰੇਕ ਸਿੱਖ ਨੇ ਸੰਯੁਕਤ ਰਾਸ਼ਟਰ ਵੱਲੋਂ ਫਰਾਂਸ ਸਰਕਾਰ ਖਿਲਾਫ ਦਿੱਤੇ ਫੈਸਲੇ ਤੋਂ ਸੰਤੁਸ਼ਟ ਤੇ ਰਾਹਤ ਮਹਿਸੂਸ ਕੀਤੀ ਹੈ ਤੇ ਇਸ ਇਤਿਹਾਸਕ ਜਿੱਤ ਲਈ ਹਰੇਕ ਸਭਾ ਸੁਸਾਇਟੀ, ਯੂਨਾਇਡ ਸਿੱਖਸ ਸੰਸਥਾ ਵਧਾਈ ਦੀ ਪਾਤਰ ਹੈ।
 ਉਹਨਾਂ ਕਿਹਾ ਕਿ ਸੰਸਾਰ ਯੁੱਧ ਵਿੱਚ ਵੀ ਫੌਜੀ ਸਿੱਖ ਦਸਤਾਰਧਾਰੀ ਦੇ ਰੂਪ ‘ਚ ਹੀ ਲੜੇ ਸਨ ਤੇ ਦੁਨੀਆਂ ਦੇ ਕਈ ਦੇਸ਼ਾਂ ਨੇ ਤਾਂ ਸਿੱਖਾਂ ਨੂੰ ਦਸਤਾਰ ਕਰਕੇ ਡਰਾਈਵਿੰਗ ਕਰਦੇ ਸਮੇਂ ਤੇ ਫੈਕਟਰੀਆਂ ‘ਚ ਕੰਮ ਕਰਦੇ ਸਮੇਂ ਸੁਰੱਖਿਆ ਟੋਪ ਪਾਉਣ ਤੋਂ ਛੋਟ ਵੀ ਦਿੱਤੀ ਹੋਈ ਹੈ, ਕਿਉਕਿ ਸਿੱਖ ਧਰਮ ‘ਸਾਬਤ ਸੂਰਤ ਦਸਤਾਰ ਸਿਰਾ’ ਦਾ ਧਾਰਨੀ ਹੈ। ਉਹਨਾਂ ਕਿਹਾ ਕਿ ਪਰਿਵਾਰਕ ਪਾਲਣ ਪੋਸ਼ਣ ਲਈ ਦੁਨੀਆਂ ਦੇ ਕਿਸੇ ਵੀ ਦੇਸ਼ ‘ਚ ਰਹਿੰਦੇ ਸਿੱਖਾਂ ਨੇ ਆਪਣੀ ਸਖਤ ਮਿਹਨਤ ਸਦਕਾ ਆਪਣੀ ਰੋਜੀ ਰੋਟੀ ਦੇ ਨਾਲ-ਨਾਲ ਉਸ ਦੇਸ਼ ਦੀ ਤਰੱਕੀ ‘ਚ ਵੀ ਅਹਿਮ ਯੋਗਦਾਨ ਪਾਇਆ ਹੈ ਤੇ ਆਪਣੇ ਵਤਨ ਦੀ ਮਿੱਟੀ ਪੰਜਾਬ ਨਾਲ ਵੀ ਜੁੜੇ ਰਹੇ, ਜਿਸ ਕਰਕੇ ਉਹਨਾਂ ਨੂੰ ਪੰਜਾਬ ਆਉਣ ਸਮੇਂ ਏਅਰਪੋਰਟਾਂ ਤੇ ਤਲਾਸ਼ੀ ਦੌਰਾਨ ਜਲੀਲ ਹੋਣਾ ਪੈਂਦਾ ਸੀ ਤੇ ਹੁਣ ਸੰਯੁਕਤ ਰਾਸ਼ਟਰ ਦੇ ਇਸ ਫੈਸਲੇ ਨਾਲ ਵੱਡੀ ਰਾਹਤ ਮਿਲੇਗੀ।

Translate »