ਅੰਮ੍ਰਿਤਸਰ, 15 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਮੀਡੀਆ ‘ਤੇ ਕੀਤੇ ਜਾਂਦੇ ਖਰਚੇ ‘ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਕਾਇਮ ਕੀਤੀ ਮੀਡੀਆ ਸਰਟੀਫਿਕੇਟ ਅਤੇ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਸ੍ਰ. ਸੁੱਚਾ ਸਿੰਘ ਨਾਗਰਾ ਨੇ ਚੋਣਾਂ ‘ਚ ਭਾਗ ਲੈ ਰਹੇ ਉਮੀਦਵਾਰਾਂ ਅਤੇ ਸਮੂਹ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਨਾਲ ਸਬੰਧਤ ਕੋਈ ਵੀ ਇਸ਼ਤਿਹਾਰ ਮੀਡੀਆ ਸਰਟੀਫਿਕੇਟ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਲਗਾਉਣ।
ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵੱਲੋਂ ਮੀਡੀਆ ‘ਤੇ ਕੀਤੇ ਜਾਂਦੇ ਖਰਚੇ ਨੂੰ ਬੜੀ ਬਾਰੀਕੀ ਨਾਲ ਵਾਚਿਆ ਜਾ ਰਿਹਾ ਹੈ ਅਤੇ ਉਮੀਦਵਾਰਾਂ ਵੱਲੋਂ ਰੇਡੀਓ, ਟੀ. ਵੀ. ਚੈਨਲਾਂ ਅਤੇ ਅਖਬਾਰਾਂ ਅਤੇ ਈ-ਪੇਪਰਾਂ ਰਾਹੀਂ ਪ੍ਰਚਾਰ ‘ਤੇ ਕੀਤੇ ਜਾਂਦੇ ਖਰਚੇ ਦਾ ਹਿਸਾਬ ਲਗਾ ਕੇ ਇਹ ਖਰਚਾ ਵੀ ਉਹਨਾਂ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਇਹ ਸਖਤ ਹਦਾਇਤਾਂ ਹਨ ਕਿ ਉਮੀਦਵਾਰ ਰੇਡੀਓ, ਟੀ. ਵੀ. ਚੈਨਲਾਂ, ਲੋਕਲ ਕੇਬਲ ਨੈਟਵਰਕ, ਅਖਬਾਰਾਂ ਅਤੇ ਈ-ਪੇਪਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਉਸਦੀ ਮਨਜੂਰੀ ਲਏ ਅਤੇ ਇਸਤਿਹਾਰਾਂ, ਮਸ਼ਹੂਰੀਆਂ ‘ਤੇ ਕੀਤੇ ਜਾ ਰਹੇ ਖਰਚੇ ਬਾਰੇ ਦੱਸੇ।
ਸ੍ਰ. ਨਾਗਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਸ ਖਬਰ ਵਿੱਚ ਕਿਸੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੋਵੇ ਜਾਂ ਕੋਈ ਖਬਰ ਕਿਸੇ ਖਾਸ ਉਮੀਦਵਾਰ ਦਾ ਪੱਖ ਪੂਰਦੀ ਦਿਖਾਈ ਦੇਵੇ ਤਾਂ ਉਸ ਨੂੰ ਪੇਡ ਨਿਊਜ਼ ਮੰਨਿਆ ਜਾਵੇਗਾ ਅਤੇ ਇਸ ਦਾ ਖਰਚ ਵੀ ਸਬੰਧਤ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ। ਉਹਨਾਂ ਮੀਡੀਆ ਨੂੰ ਅਪੀਲ ਵੀ ਕੀਤੀ ਹੈ ਕਿ ਚੋਣਾਂ ਨਾਲ ਸਬੰਧਤ ਇੱਕਪਾਸੜ ਖਬਰਾਂ ਨਾ ਲਗਾਈਆਂ ਜਾਣ ਨਹੀਂ ਤਾਂ ਅਜਿਹੀਆਂ ਖਬਰਾਂ ਨੂੰ “ਪੇਡ ਨਿਊਜ਼” ਮੰਨਿਆ ਜਾਵੇਗਾ।