ਅੰਮ੍ਰਿਤਸਰ, 17 ਜਨਵਰੀ : ਚੋਣ ਕਮਿਸ਼ਨ ਵੱਲੋਂ ਜਿਲ੍ਹਾ ਅੰਮ੍ਰਿਤਸਰ ਲਈ ਨਿਯੁਕਤ ਕੀਤੇ ਗਏ ਚੋਣ ਅਬਜਰਵਰਾਂ ਨੇ ਅੱਜ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਚੋਣਾਂ ਬਾਰੇ ਦਿਸ਼ਾਂ ਨਿਰਦੇਸ਼ ਦੇਣ, ਚੋਣ ਜਾਬਤੇ ਬਾਰੇ ਜਾਣੂੰ ਕਰਵਾਉਣ ਅਤੇ ਹੋਰ ਹਦਾਇਤਾਂ ਦੇਣ ਲਈ ਵੱਖ ਵੱਖ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਸਰਕਟ ਹਾਊਸ ਵਿੱਚ ਵਿਸ਼ੇਸ਼ ਮੀਟਿੰਗ ਕੀਤੀ। ਜਿਲ੍ਹੇ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਮੀਟਿੰਗ ਵਿੱਚ ਹਾਜ਼ਰ ਅਬਜਰਵਰਾਂ ਅਤੇ ਪ੍ਰਤੀਨਿਧੀਆਂ ਨੂੰ ਜੀ ਆਇਆ ਕਿਹਾ ਅਤੇ ਮੀਟਿੰਗ ਦੇ ਏਜੰਡੇ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਉਮੀਦਵਾਰ ਰੈਲੀ ਜਾਂ ਮੀਟਿੰਗ ਰਿਟਰਨਿੰਗ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਕਰੇ, ਲਾਉਡ ਸਪੀਕਰ, ਗੱਡੀਆਂ ਆਦਿ ਦੀ ਪ੍ਰਵਾਨਗੀ ਲਏ। ਸਰਕਾਰੀ ਇਮਾਰਤਾਂ ਅਤੇ ਥਾਂ ਦੀ ਵਰਤੋਂ ਚੋਣ ਪ੍ਰਚਾਰ ਲਈ ਹਰਗਿਜ ਨਾ ਕੀਤੀ ਜਾਵੇ ਅਤੇ ਨਿੱਜੀ ਜਾਇਦਾਦਾਂ ਦੀ ਵਰਤੋਂ ਲਈ ਲਿਖਤੀ ਆਗਿਆ ਮਾਲਿਕ ਕੋਲੋਂ ਲਈ ਜਾਵੇ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਅਬਜਰਵਰਾਂ ਨੇ ਕਿਹਾ ਕਿ ਉਨ੍ਹਾਂ ਅੱਜ ਹਲਕਾ ਦੱਖਣੀ ਅੰਮ੍ਰਿਤਸਰ ਦਾ ਦੌਰਾ ਕੀਤਾ ਜਿਸ ਵਿੱਚ ਕਈ ਥਾਵਾਂ ਉਤੇ ਚੋਣ ਜਾਬਤੇ ਦੀ ਉਲੰਘਣਾ ਸਾਹਮਣੇ ਆਈ, ਜਿਸ ਸਬੰਧੀ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਚੋਣ ਅਧਿਕਾਰੀ ਨੇ ਹਾਜ਼ਰ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਕਮਿਸ਼ਨ ਦੇ ਦਾਅਰੇ ਵਿੱਚ ਰਹਿ ਕੇ ਅਮਨ ਪੂਰਵਕ ਕਰਵਾਈਆਂ ਜਾਣਗੀਆਂ ਅਤੇ ਕਿਸੇ ਨਾਲ ਵੀ ਜਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨਗਦੀ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਵਿਸਥਾਰ ਪੂਰਵਕ ਵਰਣਨ ਵੀ ਕੀਤਾ।
ਇਸ ਮੌਕੇ ਸ੍ਰੀ ਅਨੂਪ ਕੁਮਾਰ ਆਈ:ਏ:ਐਸ, ਸ੍ਰੀ ਬਿਸ਼ਵਾ ਨਾਥ ਸਿਨਹਾ ਆਈ:ਏ:ਐਸ, ਸ੍ਰੀ ਅਰੁਣ ਐਸ:ਸ਼ਤਰੀਆ ਆਈ:ਏ:ਐਸ, ਸ੍ਰੀ ਸੀਤਾ ਰਮਨ ਆਈ:ਏ:ਐਸ, ਸ੍ਰੀ ਸਇਯਦ ਉਮੇਲ ਜਲੀਲ ਆਈ:ਏ:ਐਸ, ਸ੍ਰੀ ਮੁਹੰਮਦ ਮੁਸਤਫਾ ਆਈ:ਏ:ਐਸ, ਸ੍ਰੀ ਵਿਲਾਸ ਸ਼ਿੰਦੇ, ਏ ਮਜਮੂਦਾਰ, ਸ੍ਰੀ ਯੂ:ਬੀ:ਮਿਸ਼ਰਾ, ਸ੍ਰੀ ਮਹੇਸ਼ ਠਾਕੁਰ, ਸ੍ਰੀ ਸੰਜੇ ਮਿਸ਼ਰਾ, ਸ੍ਰੀ ਐਸ:ਐਨ ਸਿੰਘ ਆਈ:ਪੀ:ਐਸ ਅਤੇ ਸ੍ਰੀ ਭਾਸਕਰ ਰਾਓ ਆਈ:ਪੀ:ਐਸ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੁਲਿਸ ਕਮਿਸ਼ਨਰ ਸ੍ਰੀ ਆਰ:ਪੀ: ਮਿੱਤਲ, ਐਸ:ਐਸ:ਪੀ ਦਿਹਾਤੀ ਸ੍ਰੀ ਆਰ:ਪੀ:ਐਸ ਪਰਮਾਰ, ਵਧੀਕ ਜਿਲ੍ਹਾ ਚੋਣ ਅਫਸਰ ਸ੍ਰ ਸੁੱਚਾ ਸਿੰਘ ਨਾਗਰਾ ਅਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।