January 17, 2012 admin

ਦਹੇਜ – ਸਮਾਜ ਤੇ ਇੱਕ ਵੱਡਾ ਕਲੰਕ

ਧੀ ਦੇ ਜਨਮ ਲੈਂਦਿਆਂ ਹੀ ਪਿਓ ਨੂੰ ਸਤਾਉਣ ਲੱਗ ਪੈਂਦੀ ਹੈ ਉਸਦੇ ਵਿਆਹ ਦੇ ਖਰਚਿਆਂ ਦੀ ਫਿਕਰ
ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਹੋਵੇ। ਆਮ ਤੌਰ ਤੇ ਵਿਆਹ ਵੇਲੇ ਇਹ ਉਮੀਦ ਹੁੰਦੀ ਹੈ ਕਿ ਲੜਕੀ ਵਾਲੇ ਦਾਜ ਵਿੱਚ ਨਕਦੀ, ਗਹਿਣੇ ਤੇ ਹੋਰ ਘਰ ਦਾ ਸਮਾਨ ਦੇਣ  ਤੇ ਅਜਿਹਾ ਨਾ ਹੋਣ ਦੀ ਸੁਰਤ ਤੇ ਕਈ ਦਾਜ ਦੇ ਲਾਲਚੀ ਸਹੁਰਿਆਂ ਵਲੋਂ ਕੁੜੀਆਂ ਨਾਲ ਮਾੜਾ ਸਲੂਕ ਵੀ ਕੀਤਾ ਜਾਂਦਾ ਹੈ। ਜਿਸ ਨਾਲ ਕਈ ਕੁੜੀਆਂ ਖੁਦਕੁਸ਼ੀ ਤੱਕ ਲਈ ਮਜਬੂਰ ਹੋ ਜਾਂਦੀਆਂ ਹਨ ਤੇ ਕਈਆਂ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵਲੋਂ ਮਾਰ ਦੇਣ ਦੀਆਂ ਖੱਬਰਾਂ ਵੀ ਆਉਂਦੀਆਂ ਹਨ। ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ 1961 ਵਿੱਚ ਲਾਗੂ ਹੋਇਆ ਸੀ ਪਰ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ ਹੈ। ਦਾਜ ਦੀ ਪ੍ਰਥਾ ਨੇ ਭਾਰਤੀ ਸਮਾਜ ਵਿੱਚ ਆਪਣੀਆਂ ਜੜਾਂ ਇੰਨੀਆਂ ਫੈਲਾ ਲਈਆਂ ਹਨ ਕਿ ਲੱਗਦਾ ਹੀ ਨਹੀਂ ਕਿ ਇਸ ਤੋਂ ਕਦੇ ਛੁਟਕਾਰਾ ਵੀ ਮਿਲ ਸਕਦਾ ਹੈ।
ਸਮਾਜ ਦੀ ਤਰੱਕੀ ਤੇ ਆਧੁਨਿਕਤਾ ਨਾਲ ਇਸ ਕੁਰੀਤੀ ਦੇ ਘੱਟਣ ਦੀ ਥਾਂ ਵਾਧਾ ਹੀ ਹੋਇਆ ਹੈ। ਕਿੰਨੇ ਹੀ ਮਾਂ ਬਾਪ ਹਨ ਜੋ ਆਪਣੀ ਧੀ ਦੇ ਵਿਆਹ ਲਈ ਲਿਆ ਹੋਇਆ ਕਰਜਾ ਚੁਕਾਉਂਦੇ ਹੀ ਮਰ ਜਾਂਦੇ ਹਨ ਤੇ ਕਿੰਨੇ ਹੀ ਪਿਓ ਇਸ ਘੁਟਨ ਨਾਲ ਰੋਜ਼ ਜੀ ਰਹੇ ਹਨ ਤੇ ਕਿੰਨੀਆਂ ਹੀ ਧੀਆਂ ਦਾਜ ਨਾ ਦੇਣ ਪਾਉਣ ਕਾਰਨ ਕੁਆਰੀਆਂ ਹੀ ਰਹਿ ਜਾਂਦੀਆਂ ਹਨ। ਸਮਾਜ ਵਿੱਚ ਵੱਧ ਰਹੀ ਕੰਨਿਆ ਭਰੂਣ ਹੱਤਿਆ ਦਾ ਪ੍ਰਮੁੱਖ ਕਾਰਨ ਇਹ ਦਾਜ ਦੀ ਬਿਮਾਰੀ ਵੀ ਹੈ। ਧੀ ਦੇ ਜਨਮ ਲੈਂਦਿਆਂ ਹੀ ਪਿਓ ਨੂੰ ਉਸਦੇ ਵਿਆਹ ਦੇ ਖਰਚਿਆਂ ਦੀ ਫਿਕਰ ਸਤਾਉਣ ਲੱਗ ਪੈਂਦੀ ਹੈ। ਦਾਜ ਦੀ ਇਹ ਪ੍ਰਥਾ ਦੁਨੀਆਂ ਦੇ ਲੱਗਪਗ ਹਰ ਦੇਸ਼ ਵਿੱਚ ਫੈਲੀ ਹੋਈ ਹੈ। ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ ਪਰ ਇਹ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ। ਬੇਸ਼ਕ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ ਪਰ ਇਹ ਪ੍ਰਥਾ ਅਮੀਰਾਂ ਦੀ ਦੇਣ ਹੈ ਅਤੇ ਇਸ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਨਾ ਪੈਂਦਾ ਹੈ। ਅਮੀਰ ਤਾਂ ਸ਼ੌਂਕ ਅਤੇ ਸਟੇਟਸ ਦੇ ਲਈ ਲੱਖਾਂ ਰੁਪਏ ਵਿਆਹ ਤੇ ਲਗਾ ਦਿੰਦਾ ਹੈ ਪਰ ਗਰੀਬ ਨੂੰ ਤਾਂ ਆਪਣਾ ਪੇਟ ਕੱਟ ਕੇ ਪੈਸੇ ਜੋੜ ਕੇ ਹੱਥ ਤੰਗ ਕਰਕੇ ਵਿਆਹ ਤੇ ਪੈਸੇ ਲਗਾਉਣੇ ਪੈਂਦੇ ਹੈ ਅਤੇ ਕਈਆਂ ਉਪਰ ਤਾਂ ਫਿਰ ਵੀ ਕਰਜਾ ਚੜ ਜਾਂਦਾ ਹੈ ਤੇ ਫਿਰ ਵੀ ਮੁੰਡੇ ਵਾਲੇ ਖੁਸ਼ ਹੋਣਗੇ ਇਸ ਦੀ ਕੋਈ ਗਾਰੰਟੀ ਨਹੀਂ।
ਕਈ ਯੋਗ ਕੁੜੀਆਂ ਦੇ ਵਿਆਹ ਵਿੱਚ ਦਾਜ ਨਾ ਹੋਣ ਕਾਰਨ ਰੁਕਾਵਟ ਆ ਜਾਂਦੀ ਹੈ। ਪਹਿਲਾਂ ਤਾ ਮੁੰਡਾ ਭਾਲਣਾ ਹੀ ਔਖਾ ਤੇ ਫਿਰ ਜਿਹੜਾ ਮੁੰਡਾ ਮਾਂ ਪਿਓ ਧੀ ਲਈ ਲੱਭਦੇ ਹਨ ਉਸ ਵਲੋਂ ਦਾਜ ਹੀ ਇੱਨਾਂ ਮੰਗ ਲਿਆ ਜਾਂਦਾ ਹੈ ਕਿ ਧੀ ਦੇ ਮਾਂ ਪਿਓ ਖੁਦ ਨੂੰ ਬੇਬਸ ਮਹਿਸੂਸ ਕਰਦੇ ਹਨ। ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤਾਂ ਉਸਦੇ ਪਰਿਵਾਰ ਵਾਲੇ ਉਸਦੀ ਯੋਗਤਾ ਮੁਤਾਬਕ ਦਾਜ ਵੀ ਉੱਚਾ ਭਾਲਦੇ ਹਨ ਪਰ ਕੁੜੀ ਦੇ ਗੁਨਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਰਿਸ਼ਤੇ ਕਰਣ ਲੱਗੇ ਕੁੜੀ ਦੇ ਗੁਣ ਨਹੀਂ ਉਸਦੇ ਪਿਓ ਦੀ ਹਸਤੀ ਵੇਖੀ ਜਾਂਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੁਰਾਣੇ ਸਮੇਂ ਵਿੱਚ ਇਸਤਰੀ ਧੰਨ ਦੇ ਰੂਪ ਵਿੱਚ ਜਿਸ ਰਸਮ ਦੀ ਸ਼ੁਰੂਆਤ ਔਖੇ ਵੇਲੇ ਔਰਤਾਂ ਦੇ ਸਹਾਰੇ ਦੇ ਰੂਪ ਵਿੱਚ ਹੋਈ ਸੀ ਉਹ ਹੀ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਵਿਆਹ ਵਿੱਚ ਸਭ ਤੋਂ ਵੱਡੀ ਰੁਕਾਵਟ ਵਜੋਂ ਉਭਰ ਕੇ ਆ ਰਿਹਾ ਹੈ। ਡਾਕਟਰ, ਇੰਜੀਨਿਅਰ, ਐਸ.ਬੀ.ਏ, ਸੀ.ਏ ਆਦਿ ਆਪਣੇ ਵਿਆਹਾਂ ਵਿੱਚ ਮੋਟਾ ਦਾਜ ਲੈਣਾ ਆਪਣਾ ਹੱਕ ਸਮਝਦੇ ਹਨ। ਭਾਵੇਂ ਸਮਾਜ ਦੀ ਸੋਚ ਬਦਲਣ ਨਾਲ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਪਰ ਅੱਜ ਵੀ ਇਹ ਪ੍ਰਥਾ ਸਮਾਜ ਦੇ ਮੱਥੇ ਤੇ ਲੱਗਿਆ ਕਲੰਕ ਹੈ। ਕਾਨੂੰਨੀ ਤੌਰ ਤੇ ਭਾਂਵੇਂ ਦਾਜ ਦੇਣਾ ਜਾਂ ਲੈਣਾ ਜੁਰਮ ਹੈ ਪਰ ਇਹ ਰੋਜ ਦਿੱਤਾ ਜਾ ਰਿਹਾ ਹੈ ਤੇ ਲਿੱਤਾ ਵੀ ਜਾ ਰਿਹਾ ਹੈ। ਰੋਜ ਦਹੇਜ ਦੇ ਲੈਣ ਦੇਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ।
ਸਰਕਾਰੀ ਆਂਕੜੇ ਵੀ ਦਾਜ ਸੰਬੰਧੀ ਅਪਾਰਧ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਦਰਸ਼ਾਉਂਦੇ ਹਨ। ਹਜਾਰਾਂ ਔਰਤਾਂ ਆਏ ਸਾਲ ਦਾਜ ਕਾਰਨ ਮਰ ਜਾਂਦੀਆਂ ਹਨ ਜਾਂ ਮਾਰ ਦਿੱਤੀਆਂ ਜਾਂਦੀਆਂ ਹਨ। ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਅਪਰਾਧਾਂ ਦਾ ਰਿਕਾਰਡ ਸਭ ਤੋਂ ਮਾੜਾ ਹੈ। ਸਰਕਾਰੀ ਆਂਕੜਿਆਂ ਦੇ ਮੁਤਾਬਕ ਹਰ 4 ਘੰਟੇ ਵਿੱਚ ਇੱਕ ਔਰਤ ਦਹੇਜ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੰਦੀ ਹੈ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰੋ ਮੁਤਾਬਕ 1999 ਵਿੱਚ ਦਹੇਜ ਕਾਰਨ 6699 ਮੌਤਾਂ ਹੋਇਆ ਜਿਹੜਾ ਆਂਕੜਾ ਵੱਧ ਕੇ 2004 ਵਿੱਚ 7026 ਹੋ ਗਿਆ। 2005 ਵਿੱਚ 6787, 2006 ਵਿੱਚ 7618, 2007 ਵਿੱਚ 8093, 2008 ਵਿੱਚ 8172 ਤੇ 2009 ਵਿੱਚ 8383 ਔਰਤਾਂ ਤੇ ਕੁੜੀਆਂ ਦਹੇਜ ਦੀ ਬਲਿ ਚੜ ਗਈਆਂ।
2009 ਵਿੱਚ ਆਂਧ੍ਰ ਪ੍ਰਦੇਸ਼ ਵਿੱਚ 546, ਅਸਾਮ ਵਿੱਚ 170, ਬਿਹਾਰ 1295, ਹਰਿਆਣਾ 281, ਝਾਰਖੰਡ 295, ਕਰਨਾਟਕ 264, ਮੱਧ ਪ੍ਰਦੇਸ਼ 858, ਮਹਾਰਾਸ਼ਟਰਾ 341, ਉੜੀਸਾ 384, ਪੰਜਾਬ 126, ਰਾਜਸਥਾਨ 436, ਤਮਿਲਨਾਡੁ 194, ਉੱਤਰ ਪ੍ਰਦੇਸ਼ 2232, ਉੱਤਰਾਖੰਡ 94, ਪੱਛਮੀ ਬੰਗਾਲ 506, ਦਿੱਲੀ ਵਿੱਚ 141 ਮੌਤਾਂ ਦਹੇਜ ਦੀ ਕੁਰੀਤੀ ਕਾਰਨ ਹੋਈਆਂ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰ ਦੇ ਆਂਕੜਿਆਂ ਮੁਤਾਬਕ ਪੁਰਬੀ ਭਾਰਤ ਵਿੱਚ ਹਾਲਾਤ ਅਜੇ ਕਾਫੀ ਸਹੀ ਹਨ ਕਿਉਕਿ ਉਥੇ ਦਹੇਜ ਕਾਰਨ ਹੋਣ ਵਾਲੀਆਂ ਮੌਤਾਂ ਨਾ ਬਰਾਬਰ ਹਨ। ਦਹੇਜ਼ ਸੰਬਧੀ ਮਾਮਲੇ ਵਿੱਚ 2008 ਵਿੱਚ 22624 ਗਿਰਫਤਾਰੀਆਂ ਤੇ 2009 ਵਿੱਚ 23374 ਗਿਰਫਤਾਰੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ 18192 ਮਰਦ ਤੇ 5182 ਔਰਤਾਂ ਸਨ। ਪਰ ਇਹ ਸਾਰੇ ਆਂਕੜੇ ਸੋਚ ਵਿੱਚ ਪਾਉਣ ਵਾਲੇ ਹਨ ਕਿ ਆਏ ਦਿਨ ਅਸੀਂ ਅਖਬਾਰ ਵਿੱਚ ਕਿਸੇ ਨਾ ਕਿਸੇ ਧੀ ਭੈਣ ਦੇ ਦਹੇਜ ਦੀ ਬਲਿ ਚੜਨ ਦੀਆਂ ਖਬਰਾਂ ਪੜਦੇ ਹਾਂ। ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਂ ਜਿਸ ਦਿਨ ਇਸ ਸੰਬੰਧ ਵਿੱਚ ਕੋਈ ਖਬਰ ਨਾ ਲੱਗੀ ਹੋਵੇ । ਦਾਜ ਵਿਰੋਧੀ ਕਾਨੂੰਨ ਦੇ ਤਹਿਤ 2004 ਵਿੱਚ 3592 ਮਾਮਲੇ ਦਰਜ ਕੀਤੇ ਗਏ ਜਿਹੜੇ ਕਿ 2006 ਤੱਕ ਵੱਧ ਕੇ 4504 ਹੋ ਗਏ। 2007 ਵਿੱਚ 5623, 2008 ਵਿੱਚ 5555 ਤੇ 2009 ਵਿੱਚ 5650 ਮਾਮਲੇ ਦਾਜ ਵਿਰੋਧੀ ਕਾਨੂੰਨ ਦੇ ਤਹਿਤ ਦਰਜ ਕੀਤੇ ਗਏ। 2009 ਵਿੱਚ ਸਭ ਤੋਂ ਵੱਧ ਆਂਧ੍ਰ ਪ੍ਰਦੇਸ਼ ਵਿੱਚ 1362 ਤੇ ਫਿਰ ਬਿਹਾਰ ਵਿੱਚ 1252 ਮਾਮਲੇ ਦਰਜ ਕੀਤੇ ਗਏ। ਸ਼ਹਿਰਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਮਾਮਲੇ ਬੰਗਲੂਰੁ ਵਿੱਚ 567 ਮਾਮਲੇ ਦਰਜ ਕੀਤੇ ਗਏ। ਦਾਜ ਵਿਰੋਧੀ ਕਾਨੂੰਨ ਦੇ ਤਹਿਤ 2008 ਵਿੱਚ 10535 ਗਿਰਫਤਾਰੀਆਂ ਕੀਤੀਆਂ ਗਈਆਂ ਤੇ 2009 ਵਿੱਚ 10242 ਗਿਰਫਤਾਰੀਆਂ ਹੋਈਆਂ ਜਿਸ ਵਿੱਚੋਂ 7978 ਮਰਦ ਤੇ 2264 ਔਰਤਾਂ ਸਨ।
ਸਰਕਾਰ ਨੇ ਦਾਜ ਦੀ ਪ੍ਰਥਾ ਤੇ ਘਰੇਲੁ ਹਿੰਸਾ ਨੂੰ ਰੋਕਣ ਲਈ ਕਈ ਕਾਨੂੰਨ ਤੇ ਯੋਜਨਾਵਾਂ ਬਣਾਈਆਂ ਹਨ ਪਰ ਦਾਜ ਪ੍ਰਥਾ ਨੂੰ ਖਤਮ ਕਰ ਪਾਉਣ ਵਿੱਚ ਨਕਾਮਯਾਬ ਰਹੀ ਹੈ। ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਉਪਰੀ ਤੌਰ ਤੇ ਤਾਂ ਭਾਵੇਂ ਕੋਈ ਵੀ ਇਸ ਪ੍ਰਥਾ ਦੇ ਪੱਖ ਵਿੱਚ ਨਾ ਹੋਵੇ ਪਰ ਮੋਕਾ ਆਉਂਦੇ ਹੀ ਇਸ ਨੂੰ ਲੈਣ ਤੋਂ ਕੋਈ ਵਿਰਲਾ ਹੀ ਨਾ ਕਰਦਾ ਹੈ। ਧੀ ਵਾਲੇ ਵੀ ਆਪਣੀ ਧੀ ਦੇ ਵਿਆਹ ਵਿੱਚ ਦਾਜ ਦਿੰਦੇ ਹਨ ਅਤੇ ਪੁੱਤਰ ਦੇ ਵਿਆਹ ਵਿੱਚ ਦਾਜ ਲੈਂਦੇ ਹਨ। ਲੋਕਾਂ ਦੀ ਸੋਚ ਬਦਲਣ ਦੀ ਲੌੜ ਹੈ। ਇੱਕਲੇ ਕਾਨੂੰਨ ਨਾਲ ਇਸ ਸਮਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਸਮਾਜ ਦੀ ਸੋਚ ਵਿੱਚ ਬਦਲਾਵ ਜਰੂਰੀ ਹੈ ਕਿਉਂਕਿ ਕਿਸੇ ਲਈ ਜੇ ਇਹ ਮਾਨ ਇੱਜਤ ਦੀ ਗੱਲ ਹੈ ਤੇ ਕਿਸੇ ਦੁਸਰੇ ਲਈ ਇਹ ਆਪਣੀ ਇੱਜਤ ਬਚਾਉਣ ਦਾ ਮਸਲਾ ਹੈ। ਇਸ ਸਮਲੇ ਦੇ ਹਲ ਲਈ ਸਮਾਜਿਕ ਜਾਗਰੁਕਤਾ ਦੀ ਜਰੂਰਤ ਹੈ। ਜਰੂਰਤ ਹੈ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਅੱਗੇ ਆਉਣ ਦੀ। ਜੇਕਰ ਅੱਜ ਦੀ ਪੀੜੀ ਹੀ ਦਹੇਜ ਦਾ ਬਾਈਕਾਟ ਕਰ ਦੇਵੇ ਤਾਂ ਇਹ ਕੁਰੀਤੀ ਆਪਣੇ ਆਪ ਹੀ ਹਲ ਹੁੰਦੀ ਜਾਵੇਗੀ। ਅੱਜ ਕਲ ਤਾਂ ਕਈ ਖੇਤਰਾਂ ਵਿੱਚ ਕੁੜੀਆਂ ਮੁੰਡਿਆਂ ਤੋਂ ਵੀ ਅੱਗੇ ਹਨ। ਮੁੰਡਿਆਂ ਨੂੰ ਵੀ ਆਪਣਾ ਜੀਵਨ ਸਾਥੀ ਚੁਣਨ ਵੇਲੇ ਉਸਦੇ ਗੁਨਾਂ ਨੂੰ ਵੇਖਣਾ ਚਾਹੀਦਾ ਹੈ ਨਾ ਕਿ ਉਸਦੇ ਪਿਓ ਦੇ ਬੈਂਕ ਬੈਲੰਸ ਨੂੰ। ਧੀ ਦੇ ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਉਹ ਉਸਨੂੰ ਬੋਝ ਨਾ ਸਮਝ ਕੇ ਸਗੋਂ ਕਾਬਲ ਬਣਾ ਕੇ ਆਪਣੇ ਪੈਰਾਂ ਤੇ ਖੜਾ ਕਰਨ ਤਾਂ ਜੋ ਉਹ ਜਿੰਦਗੀ ਦੇ ਹਰ ਉਤਾਰ ਚੜਾਵ ਦਾ ਸਾਮਨਾ ਕਰ ਸਕੇ।

Translate »