January 17, 2012 admin

ਚੋਣ ਅਬਜ਼ਰਵਰਾਂ ਵੱਲੋਂ ਮਜੀਠਾ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਆਦਰਸ਼ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ : ਚੋਣ ਅਬਜ਼ਰਵਰ

ਅੰਮ੍ਰਿਤਸਰ, 17 ਜਨਵਰੀ : ਵਿਧਾਨ ਸਭਾ ਹਲਕਾ ਮਜੀਠਾ ਵਿੱਚ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕਰਾਉਣ ਲਈ ਮਜੀਠੇ ਹਲਕੇ ਦੇ ਚੋਣ ਨਿਗਰਾਨ ਜਨਰਲ ਸ੍ਰੀ ਅਰੁਣ ਕੇ ਸਤਾਰੀਆ ਅਤੇ ਖਰਚਾ ਅਬਜ਼ਰਵਰ ਸ੍ਰੀ ਯੂ. ਬੀ. ਮਿਸ਼ਰਾ ਵੱਲੋਂ ਚੋਣਾਂ ‘ਚ ਭਾਗ ਲੈ ਰਹੇ ਉਮੀਦਵਾਰਾਂ ਨਾਲ ਇੱਕ ਅਹਿਮ ਮੀਟਿੰਗ ਹਲਕੇ ਦੇ ਰਿਟਰਨਿੰਗ ਅਧਿਕਾਰੀ ਸ੍ਰ ਮਨਜੀਤ ਸਿੰਘ ਨਾਰੰਗ ਦੇ ਦਫ਼ਤਰ ਵਿੱਚ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਚੋਣ ਅਬਜ਼ਰਵਰ ਸ੍ਰੀ ਅਰੁਣ ਸਤਾਰੀਆ ਨੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਦਰਸ਼ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕਰਨ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਬਿਲਕੁੱਲ ਸ਼ਾਂਤਮਈ ਅਤੇ ਅਜ਼ਾਦਾਨਾ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ ਅਤੇ ਕਿਸੇ ਗੈਰਸਮਾਜੀ ਤੱਤ ਨੂੰ ਗੜਬੜੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪੋਲਿੰਗ ਸਟਾਫ ਦੀ ਸਿਖਾਲਈ ਚੱਲ ਰਹੀ ਹੈ ਅਤੇ ਉਹਨਾਂ ਨੂੰ ਈ. ਵੀ. ਐਮ. ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ 23 ਜਨਵਰੀ ਨੂੰ ਮਸ਼ੀਨਾਂ ਵਿੱਚ ਬੈਲਟ ਪੇਪਰ ਭਰੇ ਜਾਣਗੇ ਅਤੇ ਉਸ ਸਮੇਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਮੌਕੇ ‘ਤੇ ਸੱਦਿਆ ਜਾਵੇਗਾ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਹੀ ਵੋਟਿੰਗ ਮਸ਼ੀਨਾਂ ਸੀਲ ਕੀਤੀਆਂ ਜਾਣਗੀਆਂ।
ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਬਾਰੇ ਖਰਚਾ ਅਬਜ਼ਰਵਰ ਸ੍ਰੀ ਯੂ. ਬੀ. ਮਿਸ਼ਰਾ ਨੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 16 ਲੱਖ ਤੋਂ ਵੱਧ ਚੋਣ ਖਰਚਾ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਉਮੀਦਵਾਰ ਵੱਲੋਂ ਜੋ ਵੀ ਚੋਣ ਖਰਚਾ ਕੀਤਾ ਜਾ ਰਿਹਾ ਹੈ ਉਮੀਦਵਾਰ ਉਸਦਾ ਪੂਰਾ ਹਿਸਾਬ ਆਪਣੇ ਰਿਟਰਨਿੰਗ ਅਧਿਕਾਰੀ, ਖਰਚਾ ਅਬਜ਼ਰਵਰ ਨੂੰ ਨਾਲ ਦੀ ਨਾਲ ਹੀ ਦੇਣ। ਸ੍ਰੀ ਮਿਸ਼ਰਾ ਨੇ ਕਿਹਾ ਕਿ ਹਲਕਾ ਮਜੀਠਾ ਨਾਲ ਸਬੰਧਤ ਸਾਰੇ ਉਮੀਦਵਾਰਾਂ ਦੇ ਚੋਣ ਖਰਚੇ ਵਾਲੇ ਰਿਕਾਰਡ ਦੀ ਪੜਤਾਲ 19, 23 ਅਤੇ 27 ਜਨਵਰੀ ਨੂੰ ਕੀਤੀ ਜਾਵੇਗੀ ਜਿਸ ਦੌਰਾਨ ਉਮੀਦਵਾਰ ਆਪਣੇ ਖਰਚੇ ਦੇ ਬਿੱਲ ਵਗੈਰਾ ਨਾਲ ਲੈ ਕੇ ਆਉਣ। ਅਬਰਜ਼ਰਵਰ ਸਾਹਿਬਾਨ ਨੇ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਚੋਣ ਪ੍ਰਬੰਧਾਂ ਜਾਂ ਚੋਣ ਜਾਬਤੇ ਦੀ ਉਲੰਘਣਾਂ ਦੀ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

Translate »