January 17, 2012 admin

ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ-ਐਸ.ਪੀ.(ਡੀ)

ਪਟਿਆਲਾ: 17 ਜਨਵਰੀ : ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਦੇ ਆਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਂਟੀ ਗੁੰਡਾ ਸਟਾਫ ਪਟਿਆਲਾ ਦੇ ਏ.ਐਸ.ਆਈ. ਸ੍ਰ: ਹਰਬਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਪਟਿਆਲਾ ਏ.ਐਸ.ਆਈ. ਭਾਗ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਕੀਤੀ ਜਾ ਰਹੀ ਗਸ਼ਤ ਦੌਰਾਨ ਗੁਰਦੁਆਰਾ ਝਾਲ ਸਾਹਿਬ ਨੇੜੇ ਪੀ.ਆਰ.ਟੀ.ਸੀ. ਵਰਕਸ਼ਾਪ ਪਾਸੋਂ ਇੱਕ ਮੁਖਬਰੀ ਦੇ ਅਧਾਰ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸਤਿੰਦਰਪਾਲ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ 34/4 ਤੋਪਖਾਨਾਂ ਮੋੜ ਘਾਸ ਮੰਡੀ ਪਟਿਆਲਾ, ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ 489/ਬੀ-4 ਤੋਪਖਾਨਾਂ ਮੋੜ ਪਟਿਆਲਾ, ਮਨਜੀਤ ਸਿੰਘ ਉਰਫ ਸੰਨੀ ਪੁੱਤਰ ਸੁਰਜੀਤ ਸਿੰਘ ਵਾਸੀ 18/4 ਤੋਪਖਾਨਾਂ ਮੋੜ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਰਾਤ ਨੂੰ ਹਨੇਰੇ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁਟਾਂ ਖੋਹਾਂ ਕਰਦੇ ਸਨ।
         ਸ੍ਰ: ਥਿੰਦ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਦੋਂ ਇਸ ਗੈਂਗ ਨੂੰ ਕਾਬੂ ਕੀਤਾ ਗਿਆ ਤਾਂ ਉਹ ਪਾਲ ਪੈਟਰੋਲ ਪੰਪ ਦੇ ਸਾਹਮਣੇ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਖੇਡ ਮੈਦਾਨ ਵਿੱਚ ਬੈਠ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 08 ਮਿਤੀ 16/1/2012 ਨੂੰ ਆਈ.ਪੀ.ਸੀ. ਦੀ ਧਾਰਾ 399 ਤੇ 402 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਥਾਣਾ ਲਾਹੌਰੀ ਗੇਟ ਵਿਖੇ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਸਤਿੰਦਰਪਾਲ ਸਿੰਘ ਪੁੱਤਰ ਪ੍ਰਮਜੀਤ ਸਿੰਘ ਦੇ ਕਬਜੇ ਵਿੱਚੋਂ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 2 ਰੌਂਦ, ਮਨਜੀਤ ਸਿੰਘ ਉਰਫ ਸਨੀ ਪੁੱਤਰ ਸੁਰਜੀਤ ਸਿੰਘ ਪਾਸੋਂ ਇੱਕ ਖੋਖਰੀ, ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਕਬਜੇ ਵਿੱਚੋਂ ਇੱਕ ਲੋਹੇ ਦੀ ਰਾਡ ਬਰਾਮਦ ਹੋਈ । ਜਦੋਂ ਕਿ ਰੂਬੀ ਪੁੱਤਰ ਪਵਨ ਕੁਮਾਰ, ਮਹਿੰਦਰਪਾਲ ਸਿੰਘ ਉਰਫ ਬਾਦਲ ਪੁੱਤਰ ਧਰਮਪਾਲ ਮੌਕੇ ਤੋਂ ਭਜਣ ਵਿੱਚ ਸਫਲ ਹੋ ਗਏ । ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
         ਸ੍ਰ: ਥਿੰਦ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਸਤਿੰਦਰਪਾਲ ਸਿੰਘ ਪੁੱਤਰ ਪ੍ਰਮਜੀਤ ਸਿੰਘ, ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ, ਮਨਜੀਤ ਸਿੰਘ ਉਰਫ ਸਨੀ ਪੁੱਤਰ ਸੁਰਜੀਤ ਸਿੰਘ ਨੇ ਮੰਨਿਆਂ ਕਿ ਉਹ ਆਪਣੇ ਸਾਥੀਆਂ ਨਾਲ ਰਲਕੇ ਮਾਰੂ ਹਥਿਆਰਾਂ ਦੀ ਨੋਕ ‘ਤੇ ਰਾਤ ਸਮੇਂ ਆਉਂਦੇ ਜਾਂਦੇ ਲੋਕਾਂ ਪਾਸੋਂ ਨਗਦੀ ਅਤੇ ਮੋਬਾਇਲ ਵਗੈਰਾ ਖੋਹ ਲੈਂਦੇ ਸਨ । ਸ੍ਰ: ਥਿੰਦ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤਿਆ ਜਾਂਦਾ ਮੋਟਰ ਸਾਈਕਲ ਨੰ: ਪੀ.ਬੀ.-11 ਐਸ-1001 ਹੀਰੋ ਹਾਂਡਾ ਸਪਲੈਂਡਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਪਾਸੋਂ ਸਖਤੀ ਨਾਲ ਪੁੱਛਗਿਛ ਜਾਰੀ ਹੈ ਅਤੇ ਇਹਨਾਂ ਵੱਲੋਂ ਕੀਤੀਆਂ  ਹੋਰ ਵੀ ਵੱਡੀਆਂ ਵਾਰਦਾਤਾਂ ਦੇ ਕੇਸ ਟਰੇਸ ਹੋਣ ਦੇ ਆਸਾਰ ਹਨ।

Translate »