ਲੁਧਿਆਣਾ-17-ਜਜਨਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਇਕ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਅੱਜ ਯੂਨੀਵਰਸਿਟੀ ਦੇ ਪ੍ਰੀਖਿਆ ਹਾਲ ਵਿਖੇ ਲਗਾਈ ਗਈ। ਯੂਨੀਵਰਸਿਟੀ ਦੇ ਵਿਗਿਆਨੀਆਂ, ਵਿਦਿਆਰਥੀਆਂ ਅਤੇ ਹੋਰ ਕਈ ਸਿੱਖਿਆ ਮਾਹਿਰਾਂ ਨੇ ਇਸ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ। ਵਿਦਿਆਰਥੀਆਂ ਵਾਸਤੇ ਪੁਸਤਕਾਂ ਦੀ ਪੜਚੋਲ ਅਤੇ ਚੋਣ ਕਰਨ ਵਾਸਤੇ ਇਕ ਬੜਾ ਬਿਹਤਰ ਮੌਕਾ ਸੀ ਕਿਉਂਕਿ ਇਕੋ ਮੰਚ ਉੱਤੇ ਕਈ ਪ੍ਰਕਾਸ਼ਕਾਂ ਨੇ ਆਪਣੀਆਂ ਪੁਸਤਕਾਂ ਲਿਆਂਦੀਆਂ ਸਨ। ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਡਾ. ਵਿਜੇ ਕੁਮਾਰ ਤਨੇਜਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕੀਤਾ। ਡਾ. ਤਨੇਜਾ ਨੇ ਕਿਹਾ ਕਿ ਕਿਤਾਬਾਂ ਦਾ ਉਦਯੋਗ ਇਸ ਵਕਤ ਕਈ ਤਬਦੀਲੀਆਂ ਅਤੇ ਚੁਣੋਤੀਆਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਜਿੱਥੇ ਕਾਗਜੀ ਪੁਸਤਕਾਂ ਦੀ ਤਕਨਾਲੋਜੀ ਲਗਾਤਾਰ ਬਦਲ ਰਹੀ ਹੈ ਉੱਥੇ ਇਲੈਕਟ੍ਰਾਨਿਕ ਕਿਤਾਬਾਂ ਦਾ ਇਕ ਨਵਾਂ ਅਧਿਆਇ ਸ਼ੁਰੂ ਹੋ ਚੁੱਕਾ ਹੈ। ਉਨ•ਾਂ ਕਿਹਾ ਕਿ ਪੁਸਤਕ ਦਾ ਸਰੂਪ ਕੋਈ ਵੀ ਹੋਵੇ, ਇਹ ਤਰੱਕੀ ਅਤੇ ਵਿਕਾਸ ਦਾ ਸਬੱਬ ਜ਼ਰੂਰ ਬਣਦੀ ਹੈ। ਜਿੱਥੇ ਪਹਿਲੀ ਪੀੜ•ੀ ਕਾਗਜੀ ਪੁਸਤਕਾਂ ਤੇ ਨਿਰਭਰ ਸੀ ਉੱਥੇ ਸਾਡੀ ਨਵੀਂ ਪੀੜ•ੀ ਦੇ ਵਿਗਿਆਨੀ ਅਤੇ ਵਿਦਿਆਰਥੀ ਆਈ ਪੈਡ ਅਤੇ ਇਲੈਕਟ੍ਰਾਨਕਿ ਬੁੱਕ ਬੈਂਕ ਵਰਗੇ ਸਾਧਨਾਂ ਨਾਲ ਗਿਆਨ ਪ੍ਰਾਪਤ ਕਰ ਰਹੇ ਹਨ। ਬਦਲਦੇ ਵਕਤ ਨਾਲ ਪੈਰ ਮਿਲਾ ਕੇ ਚੱਲਣਾ ਹੀ ਸਹੀ ਤਰਜ਼ੇ -ਜ਼ਿੰਦਗੀ ਹੈ।
ਯੂਨੀਵਰਸਿਟੀ ਦੇ ਲਾਈਬ੍ਰੇਰੀਅਨ ਡਾ. ਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਪੰਜਵੀਂ ਪੁਸਤਕ ਪ੍ਰਦਰਸ਼ਨੀ ਹੈ ਅਤੇ ਇਸ ਵਿੱਚ ਉੱਤਰੀ ਭਾਰਤ ਦੇ 23 ਉੱਘੇ ਪ੍ਰਕਾਸ਼ਕਾਂ ਅਤੇ ਪੁਸਤਕ ਵਿਕ੍ਰੇਤਾਵਾਂ ਨੇ ਹਿੱਸਾ ਲਿਆ। ਪੁਸਤਕ ਪ੍ਰਦਰਸ਼ਨੀ ਵਿੱਚ ਵਿਭਿੰਨ ਵਿਸ਼ਿਆਂ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ। ਡਾ. ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਅਧਿਆਪਕਾਂ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਬਨਾਉਣ ਲਈ ਵੀ ਉਤਸ਼ਾਹਿਤ ਕਰਦੀ ਹੈ ਜਿਸ ਸਬੰਧੀ ਵਿਸ਼ੇਸ਼ ਸਕੀਮ ਅਧੀਨ ਸਸਤੀਆਂ ਪੁਸਤਕਾਂ ਖਰੀਦੀਆਂ ਜਾ ਸਕਦੀਆਂ ਹਨ। ਪੁਸਤਕ ਪ੍ਰਦਰਸ਼ਨੀ ਵਿੱਚ ਡਾ. ਹਰਪਾਲ ਸਿੰਘ ਸੰਧੂ, ਡੀਨ, ਡਾ. ਪ੍ਰਯਾਗ ਦੱਤ ਜੁਆਲ, ਰਜਿਸਟਰਾਰ, ਡਾ. ਸਰਨਰਿੰਦਰ ਸਿੰਘ ਰੰਧਾਵਾ, ਨਿਰਦੇਸ਼ਕ ਖੋਜ, ਡਾ. ਸਤਿੰਦਰ ਪਾਲ ਸਿੰਘ ਸੰਘਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਆਸ਼ਾ ਧਵਨ, ਡੀਨ ਫਿਸ਼ਰੀਜ ਕਾਲਜ ਅਤੇ ਕੇ. ਆਰ. ਰੋਹੇਲਾ, ਕੰਪਟਰੋਲਰ, ਵੈਟਨਰੀ ਯੂਨੀਵਰਸਿਟੀ ਵੀ ਉੇਚੇਚੇ ਤੌਰ ਤੇ ਮੌਜੂਦ ਸਨ।