ਲੁਧਿਆਣਾ: 17 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ 36 ਮੈਂਬਰੀ ਫਰਾਂਸੀਸੀ ਡੈਲੀਗੇਸ਼ਨ ਦੇ ਮੁਖੀ ਸ਼੍ਰੀ ਡੈਨਿਸ ਮਨਾਸ਼ ਨੇ ਕਿਹਾ ਹੈ ਕਿ ਜਿਵੇਂ 6ਵੇਂ ਦਹਾਕੇ ਵਿੱਚ ਹਰੇ ਇਨਕਲਾਬ ਦਾ ਜਨਮ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਯਤਨਾਂ ਨਾਲ ਹੋਇਆ ਸੀ ਇਵੇਂ ਹੀ ਹੁਣ ਸਦਾਬਹਾਰ ਖੇਤੀ ਇਨਕਲਾਬ ਦੀ ਅਗਵਾਈ ਵੀ ਇਹੀ ਸੰਸਥਾ ਕਰੇਗੀ। ਤ੍ਰਿਸਕਾਲੀਆ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮਨਾਸ਼ ਨੇ ਆਖਿਆ ਕਿ ਨਵੀਆਂ ਚੁਣੌਤੀਆਂ ਵਿੱਚ ਪ੍ਰਮੁਖ ਕੁਦਰਤੀ ਸੋਮਿਆਂ ਦੀ ਸੰਭਾਲ ਹੈ। ਇਸ ਨਾਲ ਹੀ ਭੋਜਨ ਸੁਰੱਖਿਆ ਯਕੀਨੀ ਬਣੇਗੀ ਅਤੇ ਇਨ•ਾਂ ਦੋਹਾਂ ਕੰਮਾਂ ਵੱਲ ਇਸ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗ ਬੜੀ ਤਨਦੇਹੀ ਨਾਲ ਲੱਗੇ ਹੋਏ ਹਨ। ਉਨ•ਾਂ ਆਖਿਆ ਕਿ ਅਨਾਜ ਸੁਰੱਖਿਆ ਦੇ ਨਾਲ ਨਾਲ ਪੌਸ਼ਟਿਕ ਸੁਰੱਖਿਆ ਵੱਲ ਵੀ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਫਦ ਨੇ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ, ਐਗਰੋ ਮੈਟਰਾਲੋਜੀ, ਭੂਮੀ ਵਿਗਿਆਨ ਅਤੇ ਮਾਇਕਰੋਬਾਇਲੋਜੀ ਵਿਭਾਗ ਦਾ ਦੌਰਾ ਕੀਤਾ।
ਇਸ ਵਫਦ ਨਾਲ ਵਿਚਾਰ ਵਟਾਂਦਰਾ ਕਰਦਿਆਂ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੀਕ ਵੱਖ ਵੱਖ ਫ਼ਸਲਾਂ ਦੀਆਂ 700 ਕਿਸਮਾਂ ਰਿਲੀਜ਼ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਮਿਥੀਆਂ ਪਹਿਲ ਕਦਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਤਪਸ਼ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬਾਰੇ ਖੋਜ ਕੀਤੀ ਜਾਵੇਗੀ। ਸਿਆਲੂ ਮੱਕੀ, ਜੌਂਅ, ਕਣਕ, ਮਸਰ, ਮਟਰ, ਤੇਲ ਬੀਜ ਫ਼ਸਲਾਂ ਆਦਿ ਬਾਰੇ ਡੈਲੀਗੇਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਦਿਲਚਸਪੀ ਵਿਖਾਈ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਵਫਦ ਨੂੰ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਬਾਰੇ ਜਾਣਕਾਰੀ ਦਿੱਤੀ।