ਗੁਰਦਾਸਪੁਰ, 18 ਜਨਵਰੀ : ਭਾਰਤੀ ਚੋਣ ਕਮਿਸ਼ਨ ਵਲੋਂ ਨਿਰਪੱਖ ਅਤੇ ਸ਼ਾਂਤੀ ਪੂਰਵਕ ਕਰਵਾਉਣ ਲਈ ਜ਼ਿਲੇ ‘ਚ ਪਹੁੰਚੇ ਕੁਲ 7 ਆਬਜਰਵਰ, ਜਿਨਾਂ ਵਿੱਚ 3 ਜਨਰਲ ਆਬਜਰਵਰ ਸ੍ਰੀ ਏ.ਆਰ.ਸੂਕੁਮਾਰ, ਆਈ.ਏ.ਐਸ, ਪ੍ਰਿੰਸੀਪਲ ਸੈਕਟਰੀ , ਸ੍ਰੀ ਸੁਧੀਰ ਕੁਮਾਰ, ਆਈ.ਏ.ਐਸ, ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ, ਨਵੀ ਦਿੱਲੀ ਅਤੇ ਸ੍ਰੀ ਮੁਹੰਮਦ ਸੋਹਰਾਬ ਅਲੀ ,ਆਈ.ਏ.ਐਸ ,2 ਖਰਚਾ ਆਬਜਰਵਰ ਸ੍ਰੀ ਮਨੋਜ ਕੁਮਾਰ ਵਧੀਕ ਕਮਿਸ਼ਨਰ ਆਫ ਇੰਨਕਮ ਟੈਕਸ (ਟੀ.ਡੀ.ਐਸ) ਅਤੇ ਡਾ. ਦੀਪਕ, ਆਈ ਆਰ.ਐਸ, ਕਮਿਸ਼ਨਰ ਆਫ ਇੰਨਕਮ ਟੈਕਸ ਅਤੇ 2 ਪੁਲਿਸ ਆਬਜਰਵਰ ਸ੍ਰੀ ਕੇ.ਕੇ.ਸ਼ਰਮਾ ਆਈ.ਪੀ.ਐਸ ਅਤੇ ਸ੍ਰੀ ਐਚ.ਐਨ.ਦੇਵਾ ਆਈ.ਪੀ.ਐਸ ਅਤੇ ਜਿਲਾ ਚੋਣ ਅਧਿਕਾਰੀ –ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਵਲੋਂ ਜਿਲੇ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਮਾਨਤਾ ਪ੍ਰਾਪਤ ਪਾਰਟੀਆਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਚੋਣਾਂ ਦੇ ਚਲ ਰਹੇ ਕੰਮਾਂ ਨੂੰ ਰੀਵਿਊ ਅਤੇ ਜਰੂਰੀ ਨੁਕਤਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਚੋਣ ਹਲਕਿਆਂ ਦੇ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫ਼ਸਰ, ਪੁਲਿਸ ਅਧਿਕਾਰੀ, ਚੋਣਾਂ ਨਾਲ ਸਬੰਧਿਤ ਸਮੂਹ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਤੇ ਪ੍ਰਤੀਨਿਧ ਆਦਿ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਆਬਜਰਵਰਾਂ ਨੇ ਭਾਰਤੀ ਚੋਣ ਕਮਿਸ਼ਨ ਵਲੋਂ ਵੱਖ –ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ । ਉਨਾ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨਾ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਨਿਰਪੱਖ ਚੋਣਾਂ ਕਰਵਾਉਣ ਲਈ ਸਮੂਹ ਚੋਣ ਅਧਿਕਾਰੀਆਂ ਨੂੰ ਆਪਣਾ ਪੂਰਨ ਸਹਿਯੋਗ ਕਰਨ।
ਖਰਚਾ ਆਬਜਰਵਰਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾਂ ਨੂੰ ਆਪਣੇ ਖਰਚੇ ਰਜਿਸਟਰ ਸਮੇ-ਸਮੇ ਤੇ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਉਮੀਦਵਾਰ ਆਪਣੇ ਖਰਚਾ ਰਜਿਸਟਰ ਆਪਣੇ ਸਬੰਧਿਤ ਰਿਟਰਨਿੰਗ ਅਫਸਰ ਨੂੰ ਚੈੱਕ ਕਰਵਾਉਣ। ਉਨਾ ਅੱਗੇ ਕਿਹਾ ਕਿ ਕੋਈ ਵੀ ਉਮੀਦਵਾਰ ਚੋਣ ਰੈਲੀ ਜਾਂ ਮੀਟਿੰਗ ਕਰਨ ਲਈ ਅਗਾਊ ਮਨਜੂਰੀ ਜਰੂਰ ਲਵੇ। ਅਗਾਊ ਮਨਜੂਰੀ ਨਾ ਲੈਣ ਦੀ ਹਾਲਤ ਵਿੱਚ ਉਮੀਦਵਾਰ ਵਲੋਂ ਕਰਵਾਈ ਗਈ ਕੋਈ ਵੀ ਚੋਣ ਰੈਲੀ ਜਾਂ ਮੀਟਿੰਗ ਉੱਪਰ ਹੋਇਆ ਖਰਚ ਸਬੰਧਿਤ ਉਮੀਦਵਾਰ ਦੇ ਖਰਚੇ ਰਜਿਸਟਰ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਪੁਲਿਸ ਆਬਜਰਵਰਾਂ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਹੀ ਅਤੇ ਸਬੂਤਾਂ ‘ਤੇ ਆਧਾਰ ‘ਤੇ ਸਿਕਾਇਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਠੋਸ ਸਬੂਤ ਜਾਂ ਪੱਕੀ ਸੂਚਨਾ ਦੋ ਆਧਾਰ ਤੇ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇ। ਉਨਾ ਕਿਹਾ ਕਿ ਬਿਨਾ ਕਿਸੇ ਠੋਸ ਸ਼ਿਕਾਇਤ ਦੇ ਜਿਥੇ ਪੁਲਿਸ ਅਤੇ ਸਬੰਧਿਤ ਸ਼ਿਕਾਇਤ ਕਰਨ ਵਾਲੇ ਦਾ ਸਮਾਂ ਬਰਬਾਦ ਹੁੰਦਾ ਹੈ, ਉਥੇ ਮਾੜੇ ਅਨਸਰ ਵਿਰੁੱਧ ਕਾਰਵਾਈ ਕਰਨ ਵਿੱਚ ਦੇਰੀ ਹੋ ਜਾਂਦੀ ਹੈ। ਉਨਾ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾ ਕੋਲੋ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਸ਼ਾਤੀਪੂਰਵਕ ਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਸਹਿਯੋਗ ਦੇਣ। ਉਨਾ ਪੁਲਿਸ ਵਿਭਾਗ ਨੂੰ ਜਿਲੇ ‘ਚ ਪੂਰੀ ਸਖਤੀ ਨਾਲ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਚੋਣਾਂ ਦੌਰਾਨ ਅਮਨ-ਕਾਨੂੰਨ ਵਿਵਸਥਾ ਵਿਗਾੜਨ ਦੀ ਇਜ਼ਾਜ਼ਤ ਨਹੀ ਦਿੱਤੀ ਜਾਵੇਗੀ।
ਇਸ ਮੌਕੇ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਕਿਹਾ ਕਿ ਜ਼ਿਲ•ੇ ਵਿੱਚ ਚੋਣਾਂ ਕਰਵਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨਾ ਕਿਹਾ ਕਿ ਵੱਖ-ਵੱਖ ਚੋਣ ਚੋਣ ਹਲਕਿਆਂ ਵਿੱਚ ਗਠਿਤ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਵਲੋਂ ਆਦਰਸ਼ ਚੋਣ ਜਾਬਤੇ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ ਹੈ। ਉਨਾ ਕਿਹਾ ਜਿਲੇ ਵਿੱਚ ਚੋਣ ਪ੍ਰਚਾਰ ਸਹੀ ਤਰੀਕੇ ਨਾਲ ਹੋ ਰਿਹਾ ਹੈ ਅਤੇ ਜੇਕਰ ਕੋਈ ਵੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾਂ ਨੂੰ ਜਿਲਾ ਪ੍ਰਸਾਸਨ ਨਾਲ ਸਹਿਯੋਗ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿਲੇ ਵਿੱਚ ਚੋਣਾਂ ਸ਼ਾਤੀਪੂਰਵਕ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰਨ ਸਹਿਯੋਗ ਦੇਣ।