ਪਟਿਆਲਾ 18 ਜਨਵਰੀ: ਚੋਣ ਕਮਿਸ਼ਨ ਵੱਲੋ ਨਿਰਧਾਰਤ ਸੀਮਾ ਤੋਂ ਵੱਧ ਚੋਣ ਖਰਚਾ ਨਾ ਕੀਤਾ ਜਾਵੇ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਖਿਲਾਫ਼ ਕਾਰਵਾਈ ਲਈ ਰਾਜ ਚੋਣ ਅਧਿਕਾਰੀ ਨੂੰ ਲਿਖਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖਰਚਾ ਚੋਣ ਦਰਸ਼ਕ ਸ੍ਰੀ ਐਸ.ਕੇ.ਮੀਨਾ ਨੇ ਅੱਜ ਮਿਨੀ ਸਕੱਤਰੇਤ ਵਿਖੇ ਰਾਜਸੀ ਪਾਰਟੀਆਂ ਨੂੰ ਚੋਣ ਜ਼ਾਬਤੇ ਅਤੇ ਖਰਚਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਇਸ ਮੌਕੇ ਤੇ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਪਟਿਆਲਾ ਸ੍ਰੀ ਅਨਿਲ ਗਰਗ ਵੀ ਉਹਨਾਂ ਨਾਲ ਮੌਜੂਦ ਸਨ।
ਖਰਚਾ ਚੋਣ ਦਰਸ਼ਕ ਸ੍ਰੀ ਐਸ.ਕੇ.ਮੀਨਾ ਨੇ ਵਿਧਾਨ ਸਭਾ ਹਲਕਾ 115 ਪਟਿਆਲਾ ਸ਼ਹਿਰੀ, 110 ਪਟਿਆਲਾ ਦਿਹਾਤੀ ਅਤੇ 109 ਨਾਭਾ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਰੋਜ਼ਾਨਾ ਚੋਣ ਖਰਚਿਆਂ ਸਬੰਧੀ ਆਪਣੇ ਰਜਿਸਟਰਾਂ ਨੂੰ ਮੇਨਟੇਨ ਕਰਨ। ਉਹਨਾਂ ਕਿਹਾ ਕਿ ਉਹ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਚੋਣ ਖਾਤਿਆਂ ਸਬੰਧੀ ਖਰਚਾ ਰਜਿਸਟਰ 20, 24 ਅਤੇ 28 ਜਨਵਰੀ ਨੂੰ ਸ਼ਾਮ 2 ਵਜੇ ਤੋਂ 4 ਵਜੇ ਤੱਕ ਮਿੰਨੀ ਸਕੱਤਰੇਤ, ਏ ਬਲਾਕ ਪਹਿਲੀ ਮੰਜ਼ਿਲ ਤੇ ਸਥਿਤ 115 ਪਟਿਆਲਾ ਸ਼ਹਿਰੀ ਦੇ ਰਿਟਰਨਿੰਗ ਅਫ਼ਸਰ ਦੇ ਦਫਤਰ ਵਿਖੇ ਚੈਕ ਕਰਨਗੇ। ਉਹਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਬੇਹਿਸਾਬਾ ਖਰਚਾ ਨਾ ਕਰਨ ਲਈ ਵੀ ਕਿਹਾ। ਉਹਨਾਂ ਕਿਹਾ ਕਿ ਚੋਣ ਖਰਚੇ ਵਿੱਚ ਪਾਰਦਰਸ਼ਤਾ ਰੱਖਣ ਲਈ ਹਰ ਉਮੀਦਵਾਰ ਆਪਣਾ ਵੱਖਰਾ ਖਰਚਾ ਰਜਿਸਟਰ ਮੇਨਟੇਨ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਹਰ ਉਮੀਦਵਾਰ ਚੋਣਾਂ ਦੇ ਖਰਚਿਆਂ ਸਬੰਧੀ ਆਪਣਾ ਵੱਖਰਾ ਬੈਂਕ ਖਾਤਾ ਖੋਲ•ੇਗਾ ਅਤੇ ਸਾਰੇ ਖਰਚੇ ਇਸ ਖਾਤੇ ਰਾਹੀਂ ਹੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਹਰ ਉਮੀਦਵਾਰ ਲਈ ਕੈਸ਼ ਰਜਿਸਟਰ ਮੇਨਟੇਨ ਕਰਨਾ ਵੀ ਲਾਜ਼ਮੀ ਹੋਵੇਗਾ, ਜਿਸ ਵਿੱਚ ਪੈਸੇ ਦੇ ਆਦਾਨ-ਪ੍ਰਦਾਨ ਬਾਰੇ ਰਿਕਾਰਡ ਰੱਖਿਆ ਜਾਵੇਗਾ।
ਸ੍ਰੀ ਮੀਨਾ ਨੇ ਦੱਸਿਆ ਕਿ ਰਾਜਸੀ ਪਾਰਟੀ ਦੇ ਉਮੀਦਵਾਰ ਨੂੰ ਪ੍ਰਚਾਰ ਕਰਨ ਲਈ ਕੇਵਲ ਇੱਕ ਵਹੀਕਲ ਦੀ ਆਗਿਆ ਹੋਵੇਗੀ ਅਤੇ ਇੱਕ ਤੋ ਵੱਧ ਵਹੀਕਲ ਰਾਹੀਂ ਚੋਣ ਪ੍ਰਚਾਰ ਕਰਨ ਤੇ ਡੀ.ਸੀ ਰੇਟਾਂ ਮੁਤਾਬਕ ਖਰਚਾ ਉਮੀਦਵਾਰ ਦੇ ਚੋਣ ਖਾਤੇ ਵਿੱਚ ਬੁੱਕ ਹੋ ਜਾਵੇਗਾ। ਉਹਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਚੋਣ ਪ੍ਰਕਿਰਿਆ ਖੁਸ਼ਗਵਾਰ ਮਾਹੌਲ ਨਾਲ ਨੇਪਰੇ ਚਾੜ•ਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਸ੍ਰੀ ਪਰਮਿੰਦਰ ਸਿੰਘ ਇਨਕਮ ਟੈਕਸ ਅਫ਼ਸਰ, ਸ੍ਰੀ ਸ਼ੁਸ਼ੀਲ ਕੁਮਾਰ ਵਰਮਾ ਬਰਾਂਚ ਮੈਨੇਜਰ ਐਲ. ਆਈ.ਸੀ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।