January 19, 2012 admin

ਵੋਟ ਦਾ ਪਾਉਣ ਲਈ ਵੋਟਰ ਕਾਰਡ ਜਾਂ ਚੋਣ ਕਮਿਸ਼ਨ ਵਲੋਂ ਨਿਰਧਾਰਤ ਹੋਰ ਸ਼ਨਾਖ਼ਤੀ ਦਸਤਾਵੇਜ਼ ਕਰਨੇ ਪੈਣਗੇ ਪੇਸ਼- ਜ਼ਿਲਾ ਚੋਣ ਅਫ਼ਸਰ ਵਿਜੈ ਐਨ ਜਾਦੇ

ਬਰਨਾਲਾ, 19 ਜਨਵਰੀ – ਪੰਜਾਬ ਵਿਚ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2012 ਲਈ ਵੋਟਰ ਨੂੰ ਵੋਟ ਦੇ ਭੁਗਤਾਨ ਵੇਲੇ ਆਪਣਾ ਇਲੈਕਟ੍ਰੋਨਿਕ ਫੋਟੋ ਸ਼ਨਾਖਤੀ ਕਾਰਡ (ਐਪਿਕ) ਦਿਖਾਉਣਾ ਹੋਵੇਗਾ।ਜਿਨਾਂ ਵੋਟਰਾਂ ਕੋਲ ਐਪਿਕ ਕਾਰਡ (ਵੋਟਰ ਸ਼ਨਾਖ਼ਤੀ ਕਾਰਡ) ਨਹੀਂ ਹਨ, ਉਨਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਕੋਈ ਹੋਰ ਅਧਿਕਾਰਤ ਫੋਟੋ ਸ਼ਨਾਖਤੀ ਕਾਰਡ (ਵੋਟਰ ਸਲਿੱਪ) ਦਿਖਾਉਣਾ ਪਵੇਗਾ। ਪਰ ਜਿਨਾਂ ਵੋਟਰਾਂ ਦੀ ਫੋਟੋ ਵੋਟਰ ਸੂਚੀ ‘ਚ ਉਪਲਬਧ ਨਹੀਂ ਹੈ, ਚੋਣ ਕਮਿਸ਼ਨ ਵਲੋਂ ਨਿਰਧਾਰਤ ਕੀਤੇ ਗਏ ਫੋਟੋ ਵਾਲੇ ਹੋਰ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ।
ਅੱਜ ਇਸ ਸਬੰਧੀ ਜ਼ਿਲਾ ਬਰਨਾਲਾ ਦੇ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਜੈ ਐਨ ਜਾਦੇ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਮਿਲੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਨਾਂ ਸ਼ਨਾਖਤੀ ਦਸਤਾਵੇਜਾਂ ‘ਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਨੌਕਰੀ ਸਬੰਧੀ ਫੋਟੋ ਵਾਲਾ ਸ਼ਨਾਖਤੀ ਕਾਰਡ (ਜੋ ਕਿ ਕੇਂਦਰ ਸਰਕਾਰ/ਰਾਜ ਸਰਕਾਰ/ਸਥਾਨਕ ਸਰਕਾਰਾਂ/ਅਰਧ ਸਰਕਾਰੀ ਅਦਾਰਿਆਂ ਵਲੋਂ ਜਾਰੀ ਕੀਤੀ ਹੋਣ), ਬੈਂਕਾਂ/ਡਾਕਖਾਨਿਆਂ ਜਾਂ ਸਹਿਕਾਰੀ ਅਦਾਰਿਆਂ ਵਲੋਂ ਫੋਟੋ ਸਮੇਤ ਜਾਰੀ ਪਾਸ ਬੁੱਕ ਜਿਸਦਾ ਖਾਤਾ 31 ਦਸੰਬਰ 2011 ਤੋਂ ਪਹਿਲਾਂ-ਪਹਿਲਾਂ ਖੋਲਿਆ ਹੋਵੇ, ਸ਼ਾਮਿਲ ਹਨ।
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਪਛੜੀ ਸ਼੍ਰੇਣੀ ਦਾ ਫੋਟੋ ਵਾਲਾ ਸਰਟੀਫਿਕੇਟ ਜੋ ਕਿ ਯੋਗ ਅਧਿਕਾਰੀ ਵਲੋਂ 31 ਦਸੰਬਰ 2011 ਤੋਂ ਪਹਿਲਾਂ ਦਾ ਜਾਰੀ ਕੀਤਾ ਹੋਵੇ, ਪੈਨਸ਼ਨ ਸਬੰਧੀ ਦਸਤਾਵੇਜ਼ ਜਿਵੇਂ ਕਿ ਸੇਵਾ ਮੁਕਤ ਅਧਿਕਾਰੀਆਂ ਦੀ ਪੈਨਸ਼ਨ ਬੁੱਕ, ਵਿਧਵਾ/ਆਸ਼ਰਿਤ ਹੋਣ ਸਬੰਧੀ ਸਰਟੀਫਿਕੋਟ, ਬੁਢਾਪਾ ਪੈਨਸ਼ਨ/ਵਿਧਵਾ ਪੈਨਸ਼ਨ ਸਬੰਧੀ ਫੋਟੋ ਵਾਲੇ ਦਸਤਾਵੇਜ਼ ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਹੋਏ ਹੋਣ ਵੀ ਵੋਟ ਲਈ ਵਰਤੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਆਜਾਦੀ ਘੁਲਾਟੀਆਂ ਦਾ ਫੋਟੋ ਵਾਲਾ ਸ਼ਨਾਖਤੀ ਕਾਰਡ, ਹਥਿਆਰ ਦਾ ਲਾਇਸੈਂਸ ਫੋਟੋ ਵਾਲਾ, ਯੋਗ ਅਧਿਕਾਰੀ ਵਲੋਂ ਜਾਰੀ ਅੰਗਹੀਣਤਾ ਦਾ ਸਰਟੀਫਿਕੋਟ, ਫੋਟੋ ਵਾਲਾ ਸਿਹਤ ਬੀਮਾ ਸਕੀਮ ਦਾ ਸਮਾਰਟ ਕਾਰਡ (ਕਿਰਤ ਮੰਤਰਾਲੇ ਵਲੋਂ ਜਾਰੀ ਕੀਤਾ) ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਕੀਤੇ ਹੋਣ ਦਿਖਾਕੇ ਵੀ ਵੋਟਰ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰ ਸਕਦਾ ਹੈ। ਮਨਰੇਗਾ ਤਹਿਤ ਜਾਰੀ ਫੋਟੋ ਵਾਲਾ ਜਾਬ ਕਾਰਡ, ਰਜਿਸਟਰੀ ਸਬੰਧੀ ਦਸਤਾਵੇਜ਼ ਜੋ ਕਿ 31 ਦਸੰਬਰ 2011 ਤੋਂ ਪਹਿਲਾਂ ਜਾਰੀ ਹੋਣ ਨੂੰ ਵੋਟ ਲਈ ਸਬੂਤ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਵੋਟਰ ਜੋ ਕਿ ਆਪਣੇ ਪਾਸਪੋਰਟ ‘ਚ ਦਰਜ ਜਾਣਕਾਰੀ ਦੇ ਆਧਾਰ ‘ਤੇ ਵੋਟਰ ਬਣੇ ਹਨ, ਲਈ ਪੋਲਿੰਗ ਕੇਂਦਰ ‘ਤੇ ਆਪਣਾ ਅਸਲੀ ਪਾਸਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ ਤਾਂ ਹੀ ਉਹ ਵੋਟ ਪਾ ਸਕਣਗੇ।  

Translate »