January 20, 2012 admin

ਲੀਡਰਾਂ ਨੂੰ ਚਿੰਬੜੀਆਂ ਜੋਕਾਂ

ਜੋਕਾਂ ਮੂਲ ਰੂਪ ਵਿਚ ਪਾਣੀ ਵਿਚ ਵਿਚਰਦੇ ਪਸ਼ੂਆਂ ਨੂੰ ਚਿੰਬੜਦੀਆਂ ਹਨ ਤੇ ਉਹਨਾਂ ਦਾ ਲਹੂ ਚੂਸਦੀਆਂ ਹਨ। ਪਸ਼ੂ ਵਿਚਾਰਾ ਇੰਨ•ਾਂ ਜੋਕਾਂ ਤੋਂ ਅਣਜਾਣ ਹੁੰਦਾ ਹੈ ਅਤੇ ਚੁਪ ਚਾਪ ਇੰਨ•ਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਜਦੋਂ ਜੋਕ ਪਸ਼ੂ ਦੇ ਨਾਲ ਹੀ ਪਾਣੀ ਤੋਂ ਬਾਹਰ ਆ ਜਾਂਦੀ ਹੈ ਤਾਂ ਤੱਤੇ ਚਿਮਟੇ ਨਾਲ ਲਾਹੀ ਜਾਂਦੀ ਹੈ। ਇਹ ਜੋਕਾਂ ਇਨਸਾਨਾਂ ਦੇ ਰੂਪ ਵਿਚ ਵੀ ਮਿਲਦੀਆਂ ਹਨ। ਇੰਨ•ਾਂ ਦਾ ਸ਼ਿਕਾਰ ਵੀ ਇਨਸਾਨ ਹੀ ਹੁੰਦਾ ਹੈ। ਇੰਨ•ਾਂ ਲਈ ਸਭ ਤੋਂ ਸੌਖਾ ਨਿਸ਼ਾਨਾ ਸਿਆਸੀ ਲੋਕ ਹੁੰਦੇ ਹਨ। ਇਹ ਵਿਚਾਰੇ ਹਮੇਸ਼ਾ ਸੱਤਾ ਲਈ ਭੁੱਂਖੇ ਰਹਿੰਦੇ ਹਨ। ਇਹ ਭੁੱਖ ਇੰਨ•ਾਂ ਲਈ ਅਸਿਹ ਹੁੰਦੀ ਹੈ, ਇਸੇ ਲਈ ਇਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ ਤੇ ਇਸੇ ਲਈ ਅਸਾਨ ਨਿਸ਼ਾਨੇ ਬਣਦੇ ਹਨ। ਭੁੱਖ ਤਾਂ ਸ਼ੇਰ ਨੂੰ ਵੀ ਸਰਕਸ ਵਿਚ ਨੱਚਣ ਲਗਾ ਦੇਂਦੀ ਹੈ, ਉਹ ਵੀ ਵਾਰ ਵਾਰ।
ਸਿਆਸੀ ਲੋਕ ਪਹਿਲੇ ਦਿਨ ਤੋਂ ਹੀ ਸ਼ਿਕਾਰ ਬਣਦੇ ਹਨ। ਛੋਟੀ ਛੋਟੀ ਖਬਰ ਪੈਸੇ ਦੇ ਕੇ ਲਗਵਾਉਂਦੇ ਹਨ। ਹਰ ਸਮਾਗਮ ਵਿਚ ਫੋਟੋ ਖਿਚਵਾਂਦੇ ਹਨ ਤੇ ਫੋਟੋਗਰਾਫਰ ਦਾ ਪੂਰਾ ਬਿੱਲ ਹੀ ਭਰ ਦੇਂਦੇ ਹਨ। ਛੋਟੀ ਜਿਹੀ ਪ੍ਰਧਾਨਗੀ ਲਈ ਵੀ ਹਜ਼ਾਰ ਹਜ਼ਾਰ ਦੇ ਕਈ ਨਵੇਂ ਨਵੇਂ ਨੋਟ ਦੇਣੇ ਪੈਂਦੇ ਹਨ। ਗੱਡੀ ‘ਚ ਤੇਲ ਪੁਆ ਕਿ ਦੇਣਾ ਤਾਂ ਆਮ ਜਿਹੀ ਗੱਲ ਹੈ। ਵੱਡੇ ਲੀਡਰ ਦੀ ਆਮਦ ਤੇ ਝੰਡੇ ਸਣੇ ਡੰਡੇ, ਸਵਾਗਤੀ ਬੈਨਰ ਤੇ ਦੁਪਹਿਰ ਜਾਂ ਸ਼ਾਮ ਦੀ ਰੋਟੀ ਸਣੈ ਠੰਡਾ ਤੱਤਾ ਪਾਣੀ ਧਾਣੀ ਦਾ ਖਰਚਾ ਤਾਂ ਕਰਨਾ ਹੀ ਪੈਂਦਾ ਹੈ। ਜੇ ਮਿਹਰ ਹੋ ਜਾਵੇ ਤਾਂ ਮਾੜੀ ਮੋਟੀ ਅਹੁਦੇਦਾਰੀ ਵੀ ਲੱਖਾਂ ਦੇ ਨੇੜੇ ਪੈ ਜਾਂਦੀ ਹੈ ਕਿਉਂਕਿ ਇਸੇ ਨਾਲ ਹੀ ਥਾਣੇ ਜਾਂ ਸਰਕਾਰੀ ਦਫਤਰਾਂ ਵਿਚ ਪਹੁੰਚ ਬਣਦੀ ਹੈ ਤੇ ਨੋਟਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਹੀ ਕਈ ਜੋਕਾਂ ਸਲਾਹਕਾਰ ਦੇ ਰੂਪ ਵਿਚ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪ੍ਰਛਾਵੇਂ ਵਾਂਗ ਨਾਲ ਰਹਿੰਦੇ ਹਨ। ਲੀਡਰ ਤੋਂ ਫੋਨ ਰੀਚਾਰਜ ਕਰਵਾਉਂਦੇ ਹਨ ਤੇ ਮੀਡੀਏ ਨੂੰ ਕਾਲਾਂ ਕਰਦੇ ਹਨ। ਪ੍ਰੈਸ ਨੋਟ ਸਣੇ ਫੋਟੋ ਰੋਜ਼ ਭੇਜਦੇ ਹਨ। ਵੇਲੇ ਕੁਵੇਲੇ ਆਪਣੀ ਮਾਤਾ ਨੂੰ ਬਿਮਾਰ ਦੱਸ ਕੇ ਲੀਡਰ ਤੋਂ ਕੁਝ ਨਾ ਕੁਝ ਨਾ ਮੋੜਨਯੋਗ ਉਧਾਰ ਮੰਗ ਲੈਂਦੇ ਹਨ। ਕਈ ਤਾਂ ਇਸ ਤੋਂ ਬਾਅਦ ਰੱਜੀ ਜੋਕ ਵਾਂਗ ਗੁੰਮ ਹੋ ਜਾਂਦੇ ਹਨ ਤੇ ਕਈ ਹਾਲੇ ਵੀ ਦੂਰ ਦ੍ਰਿਸ਼ਟੀ ਕਰਕੇ ਨਾਲ ਲੱਗੇ ਰਹਿੰਦੇ ਹਨ।
ਜੇ ਰੱਬ ਨਾ ਕਰੇ, ਲੀਡਰ ਨੂੰ ਟਿੱਕਟ ਮਿਲ ਜਾਵੇ ਤਾਂ ਸਮਝੋ ਇੰਨ•ਾਂ ਦੀਆਂ ‘ਪੌਂ ਬਾਰਾਂ’। ਲੀਡਰ ਵਿਚਾਰਾ ਅਣਗਿਣਤ ਮਾਇਆ ਲੁਟਾ ਕਿ ਮਸੀਂ ਟਿਕਟ ਲੈਕੇ ਆਇਆ ਹੁੰਦਾ ਹੈ, ਇਸ ਲਈ ਉਸ ਅੰਦਰ ਆਪਣੇ ਵੋਟਰਾਂ ਪ੍ਰਤੀ ਬੇ–ਵਿਸ਼ਵਾਸ਼ੀ ਹੁੰਦੀ ਹੈ। ਇੱਕ ਡਰ ਹੁੰਦਾ ਹੈ, ਇਸੇ ਲਈ ਕੋਈ ਮੌਕਾ ਨਹੀਂ ਖੁੰਝਾਉਣਾ ਚਾਹੁੰਦਾ। ਇਹ ਸਮਾਂ ਜੋਕਾਂ ਲਈ ਬਹੁਤ ਅਨੁਕੂਲ ਹੁੰਦਾ ਹੈ। ‘ਬਸ ਜੀ ਆਪਾਂ ਤਾਂ ਜਿੱਤੇ ਪਏ ਆਂ’ ਆਦਿ ਆਮ ਫਿਕਰੇ ਸ਼ੁਰੂਆਤੀ ਹੁੰਦੇ ਹਨ। ਪਰ ‘ਜੇ ਫਲਾਣੈ ਨੂੰ ਕੁਝ ਕਰ ਦਈਏ ਤਾਂ ਗੱਲ ਪੱਕੀ’ ਤੇ ਨਾਲ ਹੀ ਲੀਡਰ ਦੀ ਜੇਬ ਹਲਕੀ ਕਰਵਾ ਲੈਂਦੇ ਹਨ। ਆਪ ਇਹ ਕਦੇ ਅੱਗੇ ਨਹੀਂ ਆਉਂਦੇ, ਸਿਰਫ ‘ਜੋਕਾਂ’ ਵਾਂਗ ਲੀਡਰ ਨੂੰ ਪੁੜਿਆਂ ਤੋਂ ਚੂਸਦੇ ਹਨ।
ਅੱਜ ਦੇ ਸਿਆਸੀ ਗੰਧਲ ਵਿਚ ਵਕਤੀ ਜੋਕਾਂ ਵੀ ਪੈਦਾ ਹੋ ਗਈਆਂ ਹਨ। ਇਹ ਕਿਸੇ ਮੁਹੱਲੇ, ਪਿੰਡ, ਫਿਰਕੇ ਜਾਂ ਕਿਸੇ ਡੇਰੇ ਦੇ ਸ਼ਰਧਾਲੂਆਂ ਦੇ ਲੀਡਰ ਅਖਵਾਉਂਦੇ ਹਨ। ਇਹ 200 ਤੋਂ 5000 ਵੋਟਰਾਂ ਨੂੰ ਆਪਣੀਆਂ ਪਾਲੀਆਂ ਹੋਈਆਂ ਭੇਡਾਂ ਦੱਸਦੇ ਹਨ। ਬੜੀ ਆਕੜ ਨਾਲ ਲੀਡਰ ਤੋਂ ਲੱਖਾਂ ਮੰਗਦੇ ਹਨ। ਕਮਜ਼ੋਰ ਦਿਲ ਲੀਡਰ ਇੰਨ•ਾਂ ਤੋਂ ਡਰ ਜਾਂਦੇ ਹਨ ਤੇ ਆਪਣੀ ਸਿਆਸੀ ਭੁੱਖ ਖਾਤਰ ਜੇਬਾਂ ਢਿੱਲੀਆਂ ਕਰ ਦੇਂਦੇ ਹਨ। ਪਰ ਜ਼ਰਾ ਸੂਝਵਾਨ ਤੇ ਹੰਢੇ ਲੀਡਰ ਇੰਨਾਂ ਨਾਲ ਸੌਦਾ ਘੱਟ ਵਧ ਵੀ ਕਰ ਲੈਂਦੇ ਹਨ ਤੇ ਲੱਖਾਂ ਮੰਗਣ ਵਾਲੇ, ਦੋ ਬੋਤਲਾਂ ਤੋਂ ਲੈਕੇ 500 ਰੁਪਏ ਤੱਕ ਵੀ ਥੱਲੇ ਆ ਜਾਂਦੇ ਹਨ। ਆਪਣੀਆਂ ਭੇਡਾਂ ਦਾ ਮੁੱਲ ਕੁਝ ਨਿੱਕੇ ਪੈਸੇ ਪ੍ਰਤੀ ਭੇਡ ਲੈਕੇ ਖੁਸ਼ ਹੋ ਜਾਂਦੇ ਹਨ। ਜੇਕਰ ਕੋਈ ਲੀਡਰ ਇੰਨਾਂ ਝੂਠੀਆਂ ਜੋਕਾਂ ਨੂੰ ਸਮਝ ਜਾਵੇ ਤਾਂ ਇਹ ਦੂਸਰੀ ਪਾਰਟੀ ਵਿਚ ਚਲੇ ਜਾਣ ਤਾਂ ਡਰਾਵਾ ਦੇ ਦੇਂਦੇ ਹਨ ਪਰ ਲੀਡਰ ਦੇ ਗਰਮ ਚਿਮਟੇ ਅੱਗੇ ਇਹ ਲਿੱਥ ਕਿ ਡਿੱਗ ਪੈਂਦੇ ਹਨ ਤੇ ਬਿੰਨ ਪਾਣੀਓਂ ਮਰੀਆਂ ਜੋਕਾਂ ਦੇ ਸਮਾਨ ਹੋ ਜਾਂਦੇ ਹਨ।
– ਜਨਮੇਜਾ ਸਿੰਘ ਜੌਹਲ

Translate »