ਅੰਮ੍ਰਿਤਸਰ, 20 ਜਨਵਰੀ : ਵਿਧਾਨ ਸਭਾ ਹਲਕਾ ਮਜੀਠਾ ਦੇ ਚਾਰ ਉਮੀਦਵਾਰਾਂ ਵੱਲੋਂ ਖਰਚਾ ਅਬਜ਼ਰਵਰ ਨੂੰ ਆਪਣੇ ਚੋਣ ਖਰਚੇ ਸਬੰਧੀ ਜਾਣਕਾਰੀ ਨਾ ਦੇਣ ‘ਤੇ ਮਜੀਠਾ ਦੇ ਰਿਟਰਨਿੰਗ ਅਫਸਰ ਨੇ ਸਬੰਧਤ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਮਜੀਠਾ ਦੇ ਰਿਟਰਨਿੰਗ ਅਫਸਰ ਸ੍ਰ. ਮਨਜੀਤ ਸਿੰਘ ਨਾਰੰਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਅਤੇ 19 ਜਨਵਰੀ ਨੂੰ ਮਜੀਠਾ ਵਿਧਾਨ ਸਭਾ ਹਲਕੇ ਦੇ ਖਰਚਾ ਅਬਜ਼ਰਵਰ ਸ੍ਰੀ ਯੂ. ਬੀ. ਮਿਸ਼ਰਾ ਵੱਲੋਂ ਹਲਕੇ ਦੇ ਸਾਰੇ ਉਮੀਦਾਵਾਰਾਂ ਦੇ ਚੋਣ ਖਰਚੇ ਦੀ ਪੜਤਾਲ ਕਰਨ ਲਈ ਐਸ. ਡੀ. ਐਮ. ਅੰਮ੍ਰਿਤਸਰ-1 ਦੇ ਦਫਤਰ ਵਿਖੇ ਬੁਲਾਇਆ ਗਿਆ ਸੀ ਪਰ ਇਸ ਪੜਤਾਲ ਦੌਰਾਨ ਚਾਰ ਅਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ, ਸ਼ੈਲਿੰਦਰ ਸਿੰਘ ਯਾਦਵ, ਵਰਿਆਮ ਸਿੰਘ ਅਤੇ ਸੁਖਜਿੰਦਰ ਸਿੰਘ ਗੈਰ ਹਾਜ਼ਰ ਰਹੇ ਸਨ ਅਤੇ ਇਹਨਾਂ ਵੱਲੋਂ ਆਪਣੇ ਚੋਣ ਖਰਚੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ।
ਉਹਨਾਂ ਦੱਸਿਆ ਕਿ ਇਹਨਾਂ ਉਮੀਦਵਾਰਾਂ ਜਾਰੀ ਨੋਟਿਸਾਂ ਵਿੱਚ ਹਦਾਇਤ ਕੀਤੀ ਗਈ ਹੈ ਕਿ ਉਹ 23 ਜਨਵਰੀ ਨੂੰ ਆਪਣੇ ਸਾਰੇ ਚੋਣ ਖਰਚੇ ਦੇ ਰਿਕਾਰਡ ਨਾਲ ਖਰਚਾ ਅਬਜ਼ਰਵਰ ਕੋਲ ਪੇਸ਼ ਹੋਣ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਇਹ ਉਮੀਦਵਾਰ ਆਪਣੇ ਚੋਣ ਖਰਚੇ ਬਾਰੇ ਨਹੀਂ ਦੱਸਦੇ ਤਾਂ ਇਹ ਮੰਨ ਲਿਆ ਜਾਵੇਗਾ ਕਿ ਇਹਨਾਂ ਉਮੀਦਵਾਰਾਂ ਨੇ ਆਪਣੇ ਚੋਣ ਖਰਚੇ ਦਾ ਹਿਸਾਬ ਨਹੀਂ ਰੱਖਿਆ ਅਤੇ ਕਾਨੂੰਨ ਅਨੁਸਾਰ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।