January 20, 2012 admin

ਇੰਡੀਆ ਟੀ.ਵੀ ਤੇ ਇੰਡੀਆ ਟੂਡੇ ਦੇ ਚੋਣ ਸਰਵੇਖਣ ਖਰਚੇ ਨੂੰ ਕਾਂਗਰਸ ਦੇ ਚੋਣ ਖਰਚੇ ਵਿਚ ਜੋੜਿਆ ਜਾਵੇ: ਅਕਾਲੀ ਦਲ

ਚੰਡੀਗੜ੍ਹ, 20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁਲਕ ਦੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਇੰਡੀਆ ਅਤੇ ਆਜ ਤੱਕ ਟੀ.ਵੀ. ਚੈਨਲਾਂ ਅਤੇ ਇੰਡੀਆ ਟੂਡੇ ਮੈਗਜ਼ੀਨ  ਵਲੋ’ ਪੰਜਾਬ ਵਿਧਾਨ ਸਭਾ ਸਬੰਧੀ ਪੇਸ਼ ਕੀਤੇ ਗਏ ਚੋਣ ਸਰਵੇਖਣਾਂ ਨੂੰ ‘ਮੁੱਲ ਦੀਆਂ ਖਬਰਾਂ’ ਮੰਨ ਕੇ ਇਸ ਦੇ ਖਰਚੇ ਨੂੰ ਕਾਂਗਰਸ ਪਾਰਟੀ ਦੇ  ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਜੋੜਿਆ ਜਾਵੇ।
       ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਐਸ.ਵਾਈ. ਕੁਰੈਸ਼ੀ ਨੂੰ ਲਿਖੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋ’ ਇੰਡੀਆ ਟੀ.ਵੀ. ਚੈਨਲ ਅਤੇ ”ਇੰਡੀਆ ਟੂਡੇ” ਮੈਗਜ਼ੀਨ ਰਾਹੀ’ ਆਪਣੇ ਹੱਕ ਵਿੱਚ ਮਨਘੜਤ ਚੋਣ ਸਰਵੇਖਣ ਪੇਸ਼ ਕਰਵਾਏ ਗਏ ਹਨ। ਇਹਨਾਂ ਚੋਣ ਸਰਵੇਖਣਾ ਵਿੱਚ ਕੀਤੀਆਂ ਗਈਆਂ ਪੇਸ਼ੀਨਗੋਈਆਂ ਬਿਲਕੁਲ ਨਿਰਅਧਾਰ, ਗੁੰਮਰਾਹਕੁੰਨ ਅਤੇ ਹਕੀਕਤ ਤੋ’ ਕੋਹਾਂ ਦੂਰ ਹਨ ਅਤੇ ਇਹ ਸਰਵੇਖਣ ਸੂਬੇ ਵਿਚ ਨਿਰਪੱਖ ਅਤੇ ਆਜਾਦ ਚੋਣਾਂ ਹੋਣ ਵਿਚ ਵਿਘਨ ਸਾਬਤ ਹੋ ਸਕਦੇ ਹਨ।
       ਡਾ. ਚੀਮਾ ਨੇ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਹੈ ਕਿ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਿਚ ਪੇਸ਼ ਕੀਤੇ ਜਾਂਦੇ  ਚੋਣ ਸਰਵੇਖਣਾਂ ਉਪਰ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਰਾਹੀ’ ਕੋਈ ਵੀ ਸਿਆਸੀ ਪਾਰਟੀ ਵੋਟਰਾਂ ਨੂੰ ਪ੍ਰਭਾਵਿਤ ਨਾ ਕਰ ਸਕੇ। ਉਹਨਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਜੇ ਇਹੋ ਜਿਹੇ ਸਰਵੇਖਣਾਂ ਉਤੇ ਬਿਲਕੁਲ ਪਾਬੰਦੀ ਨਹੀਂ’ ਲਾਈ ਜਾ ਸਕਦੀ ਤਾਂ ਇਨ੍ਹਾਂ ਨੂੰ ਇਸ਼ਤਿਹਾਰ ਤਸਲੀਮ ਕਰਕੇ ਇਹਨਾਂ ਦਾ ਖਰਚਾ ਉਸ ਪਾਰਟੀ ਦੇ ਉਮੀਦਵਾਰਾਂ ਦੇ ਖਰਚੇ ਵਿਚ ਜੋੜਿਆ ਜਾਵੇ ਜਿਹੜੀ ਪਾਰਟੀ ਦੇ ਹੱਕ ਵਿਚ ਇਨ੍ਹਾਂ ਚੋਣ ਸਰਵੇਖਣਾਂ ਦੇ ਨਤੀਜੇ ਭੁਗਤਦੇ ਦਿਖਾਏ ਜਾਂਦੇ ਹਨ।

Translate »