– ਜਨਮੇਜਾ ਸਿੰਘ ਜੌਹਲ
ਕੁਦਰਤ ਨੇ ਦੋ ਤਰ•ਾਂ ਦੀ ਜੀਵਨ ਵੰਡ ਕੀਤੀ ਹੈ। ਇੱਕ ਉਹ ਜੋ ਸਥਿਰ ਰਹਿੰਦੇ ਹਨ, ਜਿਵੇਂ ਦਰਖਤ ਆਦਿ ਅਤੇ ਦੂਜੇ ਉਹ ਜੋ ਚਲਦੇ ਫਿਰਦੇ ਹਨ ਜਿਵੇਂ ਮਨੁੱਖ, ਜਾਨਵਰ, ਮੱਛੀਆਂ ਆਦਿ। ਇਹ ਵੰਡ ਬਹੁਤ ਮਹੱਤਵਪੂਰਣ ਹੈ। ਸਾਰੀ ਸ਼੍ਰਿਸ਼ਟੀ ਦਾ ਕਾਰਵਿਹਾਰ ਇਸ ਵੰਡ ਦੀ ਕਾਰਜਸ਼ੈਲੀ ਉਤੇ ਨਿਰਭਰ ਹੈ। ਸਥਿਰ ਜੀਵਾਂ ਉਤੇ ਧਰਤੀ ਦੀ ਖਾਧ ਖੁਰਾਕ ਦੀ ਜ਼ਿੰਮੇਵਾਰੀ ਹੈ। ਅਸਥਿਰ ਜੀਵ, ਜੀਵਨ ਬੀਜਾਂ ਦੀ ਧਰਤੀ ਉਤੇ ਵੰਡ ਕਰਦੇ ਹਨ। ਹਵਾ, ਪਾਣੀ ਤੇ ਰੋਸ਼ਨੀ ਇਹਨਾਂ ਪ੍ਰੀਕ੍ਰਿਆਵਾਂ ਦੇ ਵਾਹਨ ਬਣਦੇ ਹਨ। ਇੱਕ ਹੋਰ ਗੱਲ ਹੈ ਕਿ ਸਥਿਰ ਜੀਵ ਧਰਤੀ ਨੂੰ ਸੁੰਦਰਤਾ ਦੇਂਦੇ ਹਨ। ਉੱਗਣ ਲੱਗੇ ਵੀ, ਜਵਾਨੀ ਵਿਚ ਵੀ ਤੇ ਬੁਢਾਪੇ ਵਿਚ ਵੀ। ਅਸਥਿਰ ਜੀਵਾਂ ਨੂੰ ਇਹ ਖੂਬਸੂਰਤੀ ਜੀਵਨ ਅਨੰਦ ਦੇਂਦੀ ਹੈ। ਪਰ ਦੋਹਾਂ ਜੀਵਨ ਵੰਡਾਂ ਵਿੱਚ ਇੱਕ ਵੱਡਾ ਫਰਕ ਹੈ। ਸਥਿਰ ਜੀਵ ਹਰ ਬਦਲਦੇ ਮੌਸਮ ਨਾਲ ਆਪਣਾ ਰੂਪ ਬਦਲਦੇ ਹਨ। ਬਹਾਰ ਤੋਂ ਪੱਤਝੜ ਤੱਕ ਇਹ ਹਰ ਸਾਲ ਆਪਣਾ ਪਹਿਰਾਵਾ ਨਵਿਆ ਲੈਂਦੇ ਹਨ। ਪਰ ਅਸਥਿਰ ਜੀਵ ਪੂਰੇ ਜੀਵਨ ਵਿੱਚ ਇੱਕ ਪਹਿਰਾਵੇ ਨੂੰ ਇੱਕ ਵਾਰ ਹੀ ਜੀਉਂਦੇ ਹਨ। ਮਸਲਨ ਮਨੁੱਖ ਤੇ ਬਚਪਨ, ਜਵਾਨੀ ਤੇ ਬੁਢਾਪਾ ਇੱਕ ਵਾਰੀ ਹੀ ਆਉਂਦੇ ਹਨ। ਦਰਖਤਾਂ ਵਾਂਗ ਮਨੁੱਖ ਜੀਵਨ ਨੂੰ ਦੁਹਰਾਅ ਨਹੀਂ ਸਕਦਾ। ਦਰਖਤ ਸਾਨੂੰ ਹਰ ਮੌਸਮ ਵਿਚ ਖਿੜਨਾ ਦਸਦੇ ਹਨ। ਜਿਹੜਾ ਮਨੁੱਖ ਜਾਂ ਜੀਵ ਆਪਣੇ ਹਰ ਪੜਾਅ ਨੂੰ ਮਾਨਣ ਦੀ ਕੋਸ਼ਿਸ਼ ਕਰਦਾ ਹੈ, ਖੇੜਾ ਉਸਦਾ ਸਾਥ ਦੇਂਦਾ ਹੈ। ਕੁਦਰਤ ਨੂੰ ਪਿਆਰ ਕਰਨ ਵਾਲੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਜਾਂ ਕਹਿ ਲਵੋ ਹਰ ਥਾਂ ਖਿੜੇ ਰਹਿੰਦੇ ਹਨ, ਏਸ ਬਾਪੂ ਵਾਂਗ।