January 24, 2012 admin

ਦੁਨੀਆਂ ਦਾ ਕੋਈ ਵੀ ਚੈਨਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗਲਤ ਬਿਆਨੀ ਨਾ ਕਰੇ- ਜਥੇਦਾਰ ਅਵਤਾਰ ਸਿੰਘ

ਅਮਰੀਕਾ ਸਰਕਾਰ ‘ਜੇਅ ਲੇਨੋ’ ਤੇ ਕੇਸ ਦਰਜ਼ ਕਰੇ
ਅੰਮ੍ਰਿਤਸਰ 24 ਜਨਵਰੀ:- ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਅਮਰੀਕਾ ਦੇ ਇਕ ਟੀ.ਵੀ. ਚੈਨਲ ਐਨ.ਬੀ.ਸੀ. ਤੇ ਪ੍ਰੋਗਰਾਮ ਪੇਸ਼ ਕਰਤਾ ਜੇਅ ਲੇਨੋ ਵੱਲੋਂ ਕੀਤੀ ਗਈ ਅਪਮਾਨ ਜਨਕ ਟਿੱਪਣੀ ਦਾ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆ ਇਸ ਕਾਰਵਾਈ ਨੂੰ ਨਾ ਸਹਾਰਨ ਯੋਗ ਦੱਸਿਆ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਨ.ਬੀ.ਸੀ. ਟੀ.ਵੀ. ਚੈਨਲ ਤੇ ਪ੍ਰੋਗਰਾਮ ਪੇਸ਼ ਕਰਤਾ ਵਿਰੁੱਧ ਕੇਸ ਦਰਜ਼ ਕੀਤਾ ਜਾਵੇ।
ਅਮਰੀਕਾ ਦੇ ਮਸ਼ਹੂਰ ਟੀ.ਵੀ ਚੈਨਲ ਐਨ.ਬੀ.ਸੀ. ਵੱਲੋਂ ਪਿਛਲੇ ਦਿਨੀਂ ਫੋਕੀ ਸ਼ੋਹਰਤ ਦੀ ਖਾਤਰ ਪ੍ਰੋਗਰਾਮ ‘ਟੂਨਾਈਟ ਵਿਦ’ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ‘ਜੇਅ ਲੇਨੋ’ ਨਾਮ ਦੇ ਵਿਅਕਤੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਮਿਟ ਰੋਮਨੀ ਲਈ ਗਰਮੀਆਂ ਦੀ ਰਿਹਾਇਸ਼ਗਾਹ ਦੱਸਿਆ ਗਿਆ ਤੇ ਪ੍ਰੋਗਰਾਮ ਸਮੇਂ ਪਿਛੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵੀ ਦਿਖਾਈ ਗਈ ਹੈ ਅਤੇ ਇਸ ਮੰਦਭਾਗੀ ਟਿਪਣੀ ਤੇ ਕੁਝ ਗੈਰ ਸਿੱਖ ਦਰਸ਼ਕ ਹੱਸਦੇ ਦਿਖਾਏ ਗਏ ਹਨ। ਸਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ ਤੇ ਇਸ ਨੂੰ ਹਲਕੇ ‘ਚ ਨਹੀ ਲਿਆ ਜਾ ਸਕਦਾ। ਇਸ ਨਾਲ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਫਿਰਕੂ ਸੋਚ ਦੇ ਧਾਰਨੀ ਲੋਕਾਂ ਵੱਲੋਂ ਜਿੰਨਾਂ ਦਾ ਆਪਣਾ ਕੋਈ ਧਰਮ ਨਹੀ ਹੁੰਦਾ ਉਹ ਲੋਕ ਹੀ ਦੂਸਰੇ ਧਰਮ ਬਾਰੇ ਅਜਿਹਾ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪੇਸ਼ ਕਰਨ ਵਾਲੇ ਟੀ.ਵੀ ਚੈਨਲ ਦੀ ਫਿਰਕੂ ਸੋਚ ਜੱਗ ਜਾਹਰ ਹੋਈ ਹੈ। ਉਹਨਾਂ ਕਿਹਾ ਕਿ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਹਰ ਵਿਅਕਤੀ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ ਹੈ ਤੇ ਚੌਂਹ ਵਰਣਾ ਦੇ ਸਾਂਝੇ ਇਸ ਤੀਰਥ ਅਸਥਾਨ ਤੇ ਸੰਸਾਰ ਭਰ ਦੇ ਵੀ.ਵੀ.ਆਈ.ਪੀ ਤੋਂ ਇਲਾਵਾ ਰੋਜ਼ਾਨਾਂ ਹਜ਼ਾਰਾਂ ਸ਼ਰਧਾਲੂ ਇਥੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ।
ਉਹਨਾਂ ਕਿਹਾ ਕਿ ਦੁਨੀਆਂ ਦੇ ਹੋਰ ਦੇਸ਼ਾਂ ਵਾਂਗ ਅਮਰੀਕਾ ਦੀ ਤਰੱਕੀ ‘ਚ ਵੀ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ ਤੇ ਹੁਣ ਵੀ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੇ ਵੱਡੇ ਕਾਰੋਬਾਰ ਕਰਕੇ ਇਸ ਦੇਸ਼ ਦੀ ਅਰਥ ਦਸ਼ਾ ਨੂੰ ਉੱਚਾ ਚੁੱਕਣ ਲਈ ਲਗਾਤਾਰ ਸਹਾਈ ਹੋ ਰਹੇ ਹਨ। ਉਹਨਾਂ ਕਿਹਾ ਕਿ ਫਿਰਕੂ ਸੋਚ ਵਾਲੇ ਐਨ.ਬੀ.ਸੀ. ਟੀ.ਵੀ. ਚੈਨਲ ਦੇ ਪ੍ਰਬੰਧਕਾਂ ਅਤੇ ਪ੍ਰੋਗਰਾਮ ਦੇ ਪੇਸ਼ ਕਰਤਾ ‘ਜੇਅ ਲੇਨੋ’ ਨੂੰ ਬਿਨਾਂ ਦੇਰੀ ਕੀਤੇ ਸਮੁੱਚੀ ਸਿੱਖ ਕੌਮ ਪਾਸੋਂ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਦਿੱਲੀ ਸਥਿਤ ਅਮਰੀਕਾ ਦੇ ਸਫੀਰ ਨੂੰ ਪੱਤਰ ਲਿਖ ਕਿ ਸਿੱਖ ਭਾਵਨਾ ਤੋਂ ਜਾਣੂ ਕਰਵਾਉਂਦਿਆਂ ਸਬੰਧਤ ਟੀ.ਵੀ. ਚੈਨਲ ਅਤੇ ਪ੍ਰੋਗਰਾਮ ਦੇ ਪੇਸ਼ ਕਰਤਾ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।
ਉਹਨਾਂ ਕਿਹਾ ਕਿ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਟੀ.ਵੀ. ਚੈਨਲ ਤੇ ਪਾਬੰਦੀ ਲਗਾਉਣ ਤੇ ਇਸ ਦੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤਾਂ ਜੋ ਦੁਨੀਆਂ ਦੇ ਇਸ ਵੱਡੇ ਲੋਕਤੰਤਰੀ ਦੇਸ਼ ਵਿਚ ਕੋਈ ਵੀ ਧਰਮ ਆਪਣੇ ਆਪ ਨੂੰ ਅਸਰੁੱਖਿਅਤ ਨਾ ਸਮਝੇ।

Translate »