January 24, 2012 admin

ਲੈਪਟਾਪ, ਪ੍ਰਾਵੀਡੰਟ ਫੰਡ ਤੇ ਬੇਰੋਜ਼ਗਾਰੀ ਭੱਤਾ ਸਕੀਮਾਂ ਇਸੇ ਮਾਰਚ ਤੋ -ਬਾਦਲ

ਚੰਡੀਗੜ੍ਹ 24 ਜਨਵਰੀ:  ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਸੂਬੇ ਵਿਚ ਮੁੜ ਬਣ ਰਹੀ ਅਕਾਲੀ-ਭਾਜਪਾ ਸਰਕਾਰ ਇਸੇ ਮਾਰਚ ਮਹੀਨੇ ਕੈਬਨਿਟ ਦੀ ਪਹਿਲੀ ਮੀਟਿੰਗ ਪਹਿਲੇ ਫ਼ੈਸਲੇ ਵਿਚ ਹੀ 1000 ਰੁ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ, ਕਿਸਾਨਾਂ ਨੂੰ ਮੁਲਾਜ਼ਮਾਂ ਦੀ ਤਰਜ ਤੇ ਪ੍ਰਾਵੀਡੈਟ ਫੰਡ ਅਤੇ  ਹਰ ਵਿਦਿਆਰਥੀ ਨੂੰ ਮੁਫ਼ਤ ਲੈਪ-ਟਾਪ ਦੇਣ ਦੀ ਸਕੀਮ ਲਾਗੂ  ਕਰ ਦੇਵੇਗੀ।
       ਸ੍ਰ ਬਾਦਲ ਨੇ  ਯਾਦ ਕਰਾਇਆ ਕਿ 1997 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਦੇਣ ਅਤੇ ਦਲਿਤ ਲੜਕੀਆਂ ਨੂੰ ਸ਼ਗਨ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ ਸੀ। ਇਸੇ ਤਰ੍ਹਾਂ ਹੀ 2007 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਨੇ ਵੀ ਆਪਣੀ ਪਹਿਲੀ ਕੈਬਨਿਟ ਮੀਂਟਿੰਗ ਵਿਚ ਹੀ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਉਤੇ ਆਟਾ ਤੇ ਦਾਲ ਦੇਣਾ ਸ਼ੁਰੂ ਕਰ ਦਿੱਤਾ ਸੀ। ਸ੍ਰ ਬਾਦਲ ਨੇ ਅੱਜ ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਹ ਮਾਮਲਿਆਂ ਨੂੰ ਗੱਲਾਂ ਬਾਤਾਂ ਨਾਲ ਸਾਰਨ ਅਤੇ ਲਟਕਾਉਣ ਦੀ ਥਾਂ ਤੁਰੰਤ ਨਿਪਟਾਉਣ ਦੀ ਨੀਤੀ ਵਿਚ ਵਿਸ਼ਵਾਸ਼ ਰੱਖਦੇ ਹਨ।
       ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਇੱਕ ਲਾਹੇਵੰਦਾ ਧੰਦਾ ਨਾ ਰਹਿ ਜਾਣ ਕਾਰਣ ਬਿਜਲੀ ਪਾਣੀ ਮੁਫ਼ਤ ਦੇਣ ਦੇ ਨਾਲ ਨਾਲ ਹੁਣ ਮੁਲਾਜ਼ਮਾਂ ਦੀ ਤਰਜ਼ ਤੇ 5 ਏਕੜ ਦੀ ਮਾਲਕੀ ਤੱਕ ਦੀ ਕਿਸਾਨਾਂ ਨੂੰ ਪ੍ਰਾਵੀਡੰਟ ਫੰਡ ਸਕੀਮ ਰਾਹੀ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦੁਨੀਆਂ ਭਰ ਵਿਚ ਹੋ ਰਹੇ ਗਿਆਨ ਦੇ ਵਿਸਫ਼ੋਟ ਨਾਲ ਜੋੜਨ ਲਈ ਗਿਆਰਵੀ ਅਤੇ ਬਾਰਵੀ ਜਮਾਤ ਦੇ ਸਾਰੇ ਮੁੰਡੇ ਕੁੜੀਆਂ ਨੂੰ ਇੰਟਰਨੈਟ ਦੀ ਸਹੂਲਤ ਵਾਲੇ  ਲੈਪਟਾਪ ਕੰਪਿਊਟਰ ਮੁਫ਼ਤ ਦਿੱਤੇ ਜਾਣਗੇ। ਸ੍ਰ ਬਾਦਲ ਨੇ ਕਿਹਾ ਕਿ ਉਨ੍ਰਾਂ ਨੂੰ ਪੂਰਾ ਯਕੀਨ ਹੈ ਕਿ ਇਹ ਸਹੂਲਤ ਨਾਲ ਪੰਜਾਬ ਦੇ ਪੇਂਡੂ ਪਰਿਵਾਰਾਂ ਦੇ ਵਿਦਿਆਰਥੀ ਵੀ ਸ਼ਹਿਰਾਂ ਦੇ ਵੱਡੇ ਸਕੂਲਾਂ ਵਿਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਦਾ ਮੁਕਾਬਲਾ ਕਰਨ ਲਈ ਸਮਰੱਥ ਹੋ ਜਾਣਗੇ।
      ਸ੍ਰ: ਬਾਦਲ ਨੇ ਕਿਹਾ ਕਿ ਸੂਬੇ ਵਿਚ ਮੁੜ ਬਨਣ ਵਾਲੀ ਅਕਾਲੀ-ਭਾਜਪਾ ਸਰਕਾਰ ਬੇਰੋਜ਼ਗਾਰ ਨੌਜੁਆਨ ਮੁੰਡੇ ਕੁੜੀਆਂ ਨੂੰ ਕੁਝ ਰਾਹਤ ਦੇਣ ਲਈ 1000 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਫੈਸਲਾ ਵੀ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਰਕਾਰ ਪਹਿਲੇ 3 ਸਾਲਾਂ ਦੇ ਅੰਦਰ ਅੰਦਰ ਘੱਟੋ ਘੱਟ 5 ਲੱਖ ਨੌਜੁਆਨਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ ਵਿਚ ਨੌਕਰੀਆਂ ਮੁਹੱਈਆ ਕਰਵਾਉਣ ਨੂੰ ਵੀ ਹਰ ਹਾਲਤ ਵਿਚ ਯਕੀਨੀ ਬਣਾਵੇਗੀ।

Translate »