January 24, 2012 admin

ਭਾਰਤ ਆਪਣੇ ਅਣਥੱਕ ਯਤਨਾਂ ਸਦਕਾ ਹੀ ਪੋਲੀਓ ਤੋਂ ਮੁਕਤੀ ਪਾਉਣ ਵਿੱਚ ਸਫਲ ਹੋ ਪਾਇਆ ਹੈ

ਪੋਲੀਓ ਦੁਬਾਰਾ ਸਿਰ ਨਾ ਚੁੱਕ ਸਕੇ ਇਸ ਦਿਸ਼ਾ ਵੱਲ ਲਗਾਤਾਰ ਯਤਨ ਕਰਦੇ ਰਹਿਣਾ ਪਵੇਗਾ
ਅਕੇਸ਼ ਕੁਮਾਰ
ਲੇਖਕ
ਮੋ 98880-31426
ਭਾਰਤੀਆਂ ਲਈ ਖੁਸ਼ੀ ਦੀ ਗੱਲ• ਹੈ ਕਿ ਪਿਛਲੇ ਇੱਕ ਸਾਲ ਦੇ ਦੌਰਾਨ ਪੁਰੇ ਭਾਰਤ ਵਿੱਚ ਪੋਲੀਓ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤ ਵਿੱਚ ਪੋਲੀਓ ਨਾਲ ਅਪਾਹਿਜ ਹੋਣ ਦਾ ਅਖੀਰੀ ਮਾਮਲਾ 13 ਜਨਵਰੀ 2011 ਨੂੰ ਪੱਛਮੀ ਬੰਗਾਲ ਵਿੱਚ ਸਾਮਣੇ ਆਇਆ ਸੀ ਅਤੇ ਕੁਝ ਬਾਕੀ ਦੇ ਬੱਚਦੇ ਸੈਂਪਲ ਜੋਕਿ ਲਬੋਰਟਰੀ ਵਿੱਚ ਹਨ ਜੇ ਉਹ ਟੈਸਟ ਵੀ ਸਹੀ ਆ ਜਾਂਦੇ ਹਨ ਤਾਂ ਭਾਰਤ ਫਰਵਰੀ ਦੇ ਮੱਧ ਤੱਕ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀ ਪੋਲੀਓ ਖੇਤਰੀ ਦੇਸ਼ਾਂ (ਜਿਹਨਾਂ ਵਿੱਚ ਆਏ ਸਾਲ ਪੋਲੀਓ ਦੇ ਮਾਮਲੇ ਸਾਮਣੇ ਆਉਂਦੇ ਹਨ) ਦੀ ਸੁਚੀ ਵਿੱਚੋਂ ਵੀ ਬਾਹਰ ਹੋ ਜਾਵੇਗਾ। ਇਸ ਵੇਲੇ 4 ਦੇਸ਼ਾਂ ਨੂੰ ਪੋਲੀਓ ਖੇਤਰੀ ਦੇਸ਼ਾਂ ਦੀ ਗਿਣਤੀ ਵਿੱਚ ਰੱਖਿਆ ਗਿਆ ਹੈ – ਭਾਰਤ, ਪਾਕਿਸਤਾਨ, ਅਫਗਾਨਿਸਤਾਨ ਤੇ ਨਾਈਜੀਰੀਆ। 2009 ਤੱਕ ਭਾਰਤ ਵਿੱਚ ਸਾਰੀ ਦੁਨੀਆਂ ਨਾਲੋਂ ਵੱਧ ਪੋਲੀਓ ਦੇ ਮਾਮਲੇ ਸਨ -741 ਜਿਹੜੇ ਕਿ 2010 ਵਿੱਚ ਘੱਟ ਕੇ 42 ਤੇ 2011 ਵਿੱਚ 1 ਮਾਮਲੇ ਰਹਿ ਗਏ। ਆਪਣੇ ਅਣਥੱਕ ਯਤਨਾ ਸਦਕਾ ਹੀ ਭਾਰਤ ਇਸਤੋਂ ਮੁਕਤੀ ਪਾਉਣ ਵਿੱਚ ਸਫਲ ਹੋ ਪਾਇਆ ਹੈ।  
ਪੋਲੀਓ ਅਪਾਹਿਜ ਕਰਨ ਵਾਲਾ ਅਜਿਹਾ  ਰੋਗ ਹੈ ਜਿਸ ਨਾਲ ਕਿ ਮੌਤ ਵੀ ਹੋ ਸਕਦੀ ਹੈ। ਪੋਲੀਓ ਦੇ ਕਿਟਾਣੂ ਦਿਮਾਗ ਤੇ ਅਸਰ ਕਰਕੇ ਕੁੱਝ ਘੰਟਿਆਂ ਵਿੱਚ ਹੀ ਅਪਾਹਿਜ ਬਣਾ ਦਿੰਦੇ ਹਨ। ਇਸਦਾ ਕੋਈ ਇਲਾਜ ਨਹੀਂ ਪਰ ਇਸ ਤੋਂ ਬਚਾ ਲਈ ਦਵਾਈ ਜਰੂਰ ਹੈ। ਪੋਲੀਓ ਤੋਂ ਮੁਕਤੀ ਪਾਉਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਪੋਲੀਓ ਤੋਂ ਬਚਾਅ ਲਈ ਦਵਾਈ ਪਲਾਈ ਜਾਵੇ ਜਦੋਂ ਤੱਕ ਕਿ ਇਸਦਾ ਫੈਲਨਾ ਬੰਦ ਨਾ ਹੋ ਜਾਵੇ ਤੇ ਦੁਨੀਆਂ ਪੋਲੀਓ ਤੋਂ ਮੁਕਤ ਨਾ ਹੋ ਜਾਵੇ। ਪੋਲੀਓ ਦੀ ਦਵਾਈ ਕਈ ਵਾਰ ਪਲਾਈ ਜਾਂਦੀ ਹੈ ਤੇ ਇਹ ਫਿਰ ਉਮਰ ਭਰ ਬੱਚੇ ਨੂੰ ਪੋਲੀਓ ਤੋਂ ਬਚਾ ਕੇ ਰਖਦੀ ਹੈ। ਵੈਸੇ ਤਾਂ ਪੋਲੀਓ ਕਿਸੀ ਵੀ ਉਮਰ ਵਿੱਚ ਹੋ ਸਕਦਾ ਹੈ ਪਰ 5 ਸਾਲ ਤੋਂ ਘੱਟ ਉਮਰ ਦੇ ਬੱਚੇ ਛੇਤੀ ਇਸਦੀ ਪਕੜ ਵਿੱਚ ਆਉਂਦੇ ਹਨ। ਪੋਲੀਓ ਦੇ ਕਿਟਾਣੂ ਹਵਾ ਪਾਣੀ ਨਾਲ ਇੱਕ ਤੋਂ ਦੂਜੇ ਤੱਕ ਫੈਲਦੇ ਹਨ ਖਾਸ ਕਰ ਜੇ ਸਾਫ ਸਫਾਈ ਦਾ ਸਹੀ ਪ੍ਰਬੰਧ ਨਾ ਹੋਵੇ ਤਾਂ। ਗੰਦਗੀ ਤੇ ਬੈਠਦੀਆਂ ਮੱਖੀਆਂ ਇਸ ਨੂੰ ਫੈਲਾਉਣਦੀਆਂ ਹਨ। ਪਰ ਜੇਕਰ ਪੋਲੀਓ ਤੋਂ ਬਚਾਅ ਲਈ ਦਵਾਈ ਲਈ ਹੋਵੇ ਤਾਂ ਇਹ ਕਿਟਾਣੂ ਆਪਣਾ ਅਸਰ ਨਹੀਂ ਦਿਖਾ ਪਾਉਂਦੇ। 90 ਫਿਸਦੀ ਪੋਲੀਓ ਕੇਸਾਂ ਵਿੱਚ ਜਾਂ ਤਾਂ ਕੋਈ ਸੁਰੂਆਤੀ ਲੱਛਣ ਹੀ ਨਹੀਂ ਹੁੰਦਾ ਜਾਂ ਨਾ ਬਰਾਬਰ ਲੱਛਣ ਹੁੰਦੇ ਹਨ ਜਿਹਨਾਂ ਤੇ ਆਮ ਤੌਰ ਤੇ ਗੋਰ ਹੀ ਨਹੀਂ ਕੀਤੀ ਜਾਂਦੀ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਥਕਾਵਟ, ਸਿਰਦਰਦ, ਉਲਟੀ, ਗਰਦਨ ਵਿੱਚ ਅਕੜਾ ਤੇ ਲੱਤਾਂ ਬਾਹਾਂ ਵਿੱਚ ਦਰਦ ਹੁੰਦੀ ਹੈ।  
20ਵੀਂ ਸਦੀ ਦੇ ਸ਼ੁਰੂਆਤ ਵਿੱਚ ਉਧਯੋਗਿਕ ਦੇਸ਼ਾਂ ਵਿੱਚ ਇਹ ਬਹੁਤ ਹੀ ਭਿਆਨਕ ਰੂਪ ਵਿੱਚ ਫੈਲਿਆ ਸੀ ਤੇ ਆਏ ਸਾਲ ਹਜਾਰਾਂ ਹੀ ਬੱਚੇ ਇਸ ਨਾਲ ਅਪਾਹਿਜ ਹੋ ਜਾਂਦੇ ਸਨ। 1950-1960 ਵਿੱਚ ਇਸ ਤੋਂ ਬਚਾਅ ਦੀ ਦਵਾਈ ਆਉਣ ਤੋਂ ਬਾਦ ਇਸਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ। ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਸਮਸਿਆ ਨੂੰ ਸਮਝਣ ਵਿੱਚ ਕਾਫੀ ਸਮਾਂ ਲੱਗ ਗਿਆ। ਅਪਾਹਿਜਾਂ ਤੇ ਸਰਵੇ ਕਰਣ ਤੇ 1970 ਵਿੱਚ ਹੀ ਇਹ ਜਾਨਿਆ ਜਾ ਸਕਿਆ ਕਿ ਵਿਕਾਸਸ਼ੀਲ ਦੇਸ਼ ਵੀ ਇਸ ਬਿਮਾਰੀ ਤੋਂ ਅਛੂਤੇ ਨਹੀਂ ਹਨ। ਜਿਸ ਕਾਰਨ 1970 ਤੋਂ ਦੁਨੀਆਂ ਭਰ ਵਿੱਚ ਪੋਲੀਓ ਨਾਲ ਲੜਨ ਲਈ ਇਸ ਦੀ ਦਵਾਈ ਪਲਾਉਣ ਦਾ ਕੰਮ ਸ਼ੁਰੂ ਹੋਇਆ। ਵਰਲਡ ਹੈਲਥ ਆਰਗਨਾਈਜ਼ੇਸ਼ਨ ਮੁਤਾਬਕ 1988 ਵਿੱਚ ਜਦੋਂ ਵਿਸ਼ਵ ਪੱਧਰ ਤੇ ਇਸ ਦੇ ਸਮੂਲ ਨਾਸ਼ ਲਈ ਗਲੋਬਲ ਪੋਲੀਓ ਈਰੈਡੀਕੇਸ਼ਨ ਈਨੀਸ਼ਿਏਟਿਵ (ਜੀ ਪੀ ਈ ਆਈ) ਸ਼ੁਰੂ ਹੋਇਆ ਤਾਂ ਦੁਨੀਆਂ ਭਰ ਵਿੱਚ ਹਰ ਰੋਜ ਪੋਲੀਓ ਨਾਲ 1000 ਬੱਚੇ ਅਪਾਹਿਜ ਹੋ ਰਹੇ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ 2.5 ਅਰਬ ਬੱਚਿਆਂ ਨੂੰ ਪੋਲੀਓ ਤੋਂ ਛੁਟਕਾਰੇ ਲਈ ਦਵਾਈ ਦਿੱਤੀ ਜਾ ਚੁੱਕੀ ਹੈ ਤੇ ਇਸ ਸਦਕਾ ਹੀ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚੋਂ ਇਸਨੂੰ ਖਤਮ ਕਰ ਦਿੱਤਾ ਗਿਆ ਹੈ। ਜੀ ਪੀ ਈ ਆਈ ਦਾ ਮੁੱਖ ਮੰਤਵ ਹੈ ਕਿ ਮੁੜ ਕੋਈ ਬੱਚਾ ਪੋਲੀਓ ਕਾਰਨ ਅਪਾਹਿਜ ਨਾ ਹੋਵੇ ਤੇ ਇਸ ਵਿੱਚ ਇਸਨੇ 99 ਫਿਸਦੀ ਤੱਕ ਸਫਲਤਾ ਵੀ ਹਾਸਲ ਕੀਤੀ ਹੈ। 1988 ਵਿੱਚ 125 ਪੋਲੀਓ ਖੇਤਰੀ ਦੇਸ਼ਾਂ ਵਿੱਚ 3 ਲੱਖ 50 ਹਜਾਰ ਬੱਚੇ ਅਪਾਹਿਜ ਹੋ ਰਹੇ ਸਨ ਜਾਂ ਮਰ ਰਹੇ ਸਨ ਜੋਕਿ 2011 ਵਿੱਚ ਘੱਟ ਕੇ 16 ਦੇਸ਼ਾਂ ਵਿੱਚ 620 ਮਾਮਲੇ ਹੀ ਰਹਿ ਗਏ।  
ਸਾਲ 2011 ਵਿੱਚ ਦੁਨੀਆ ਭਰ ਵਿੱਚ ਪੋਲੀਓ ਦੇ ਮਾਮਲਿਆਂ ਵਿੱਚ ਕਾਫੀ ਕਮੀ ਵੇਖਣ ਨੂੰ ਮਿਲੀ ਹੈ। 2010 ਵਿੱਚ 1352 ਮਾਮਲੇ ਸਾਮਣੇ ਆਏ ਸਨ ਜੋਕਿ 2011 ਵਿੱਚ ਘੱਟ ਕੇ 620 ਮਾਮਲੇ ਰਹਿ ਗਏ ਤੇ ਇਸ ਵਿੱਚ ਭਾਰਤ ਵਿੱਚ ਸਾਮਣੇ ਆਏ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਜੱਦਕਿ ਪਾਕਿਸਤਾਨ ਵਿੱਚ ਇਹ ਮਾਮਲੇ ਵਧੇ ਹਨ। ਵਰਲਡ ਹੈਲਥ ਆਰਗਨਾਈਜ਼ੇਸ਼ਨ ਮੁਤਾਬਕ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਪੋਲੀਓ ਦੇ ਮਾਮਲੇ ਇਸ ਤਰਾਂ• ਹਨ। ਸਾਰੀ ਦੁਨੀਆ ਵਿੱਚ 2010 ਵਿੱਚ ਪੋਲੀਓ ਦੇ 921 ਮਾਮਲੇ ਸਨ ਜਿਹੜੇ ਕਿ 2011 ਵਿੱਚ ਘੱਟ ਕੇ 620 ਰਹਿ ਗਏ। ਪਾਕਿਸਤਾਨ ਵਿੱਚ 2010 ਵਿੱਚ 144 ਮਾਮਲੇ ਸਨ ਜਿਹੜੇ ਕਿ ਵੱਧ ਕੇ 2011 ਵਿੱਚ 192 ਹੋ ਗਏ। ਅਫਗਾਨਿਸਤਾਨ ਵਿੱਚ 2010 ਵਿੱਚ 25 ਤੋਂ 2011 ਵਿੱਚ ਵੱਧ ਕੇ 76, ਨਾਈਜੀਰੀਆ ਵਿੱਚ 2010 ਵਿੱਚ 21 ਤੋਂ ਵੱਧ ਕੇ 2011 ਵਿੱਚ ਪੋਲੀਓ ਦੇ 52 ਮਾਮਲੇ ਹੋ ਗਏ। ਪੋਲੀਓ ਖੇਤਰੀ ਘੋਸ਼ਿਤ 4 ਦੇਸ਼ਾਂ ਵਿੱਚੋਂ ਇੱਕਲਾ ਭਾਰਤ ਹੀ ਅਜਿਹਾ ਦੇਸ਼ ਹੈ ਜਿਸ ਵਿੱਚ 2010 (42 ਮਾਮਲੇ) ਤੋਂ 2011 ਵਿੱਚ (1 ਮਾਮਲਾ) ਪੋਲੀਓ ਦੇ ਮਾਮਲੇ ਘਟੇ ਹਨ। ਇਸ ਤੋਂ ਇਲਾਵਾ 2011 ਵਿੱਚ ਚੀਨ ਵਿੱਚ 21, ਮਾਲੀ ਦੇਸ਼ ਵਿੱਚ 7, ਡੀ ਆਰ ਕੋਂਗੋ ਵਿੱਚ 92 ਤੇ ਛੱਡ ਦੇਸ਼ ਵਿੱਚ 130 ਮਾਮਲੇ ਪੋਲੀਓ ਦੇ ਸਾਮਣੇ ਆਏ ਹਨ। ਬਾਕੀ ਦੇਸ਼ਾਂ ਵਿੱਚ ਤਾਂ ਭਾਵੇਂ ਪੇਲੀਓ ਦੇ ਅਨਮੁਲਨ ਵਿੱਚ ਸਫਲਤਾ ਮਿਲੀ ਹੈ ਪਰ ਪੋਲੀਓ ਖੇਤਰੀ ਦੇਸ਼ਾਂ ਵਿੱਚੋਂ 3 ਵਿੱਚ ਪੋਲੀਓ ਦੇ ਮਾਮਲੇ ਵੱਧਣ ਨਾਲ ਦੁਨੀਆਂ ਵਿੱਚ ਇਸਦੇ ਖਾਤਮੇ ਦੇ ਉਦੇਸ਼ ਤੇ ਖਤਰਾ ਮੰਡਰਾ ਰਿਹਾ ਹੈ। ਜੇ ਇਹਨਾਂ ਦੇਸ਼ਾਂ ਵਿੱਚ ਪੋਲੀਓ ਦੇ ਮਾਮਲੇ ਇੰਝ ਹੀ ਵੱਧਦੇ ਰਹੇ ਤਾਂ ਇਹ ਪੋਲੀਓ ਦੇ ਕਿਟਾਣੂਆਂ ਨੂੰ ਹੋਰ ਦੇਸ਼ਾਂ ਵਿੱਚ ਵੀ ਫੈਲਾ ਸਕਦੇ ਹਨ। ਜੇ ਪੋਲੀਓ ਅਨਮੂਲਨ ਅਸਫਲ ਹੋ ਗਿਆ ਤਾਂ ਮੁੜ ਇੱਕ ਦਹਾਕੇ ਵਿੱਚ ਲੱਖਾਂ ਬੱਚਿਆਂ ਦੇ ਅਪਾਹਿਜ ਹੋਣ ਦਾ ਖਤਰਾ ਪੈਦਾ ਹੋ ਜਾਵੇਗਾ। ਭਾਰਤ ਵਿੱਚ 1985 ਵਿੱਚ ਪੋਲੀਓ ਦੇ ਇੱਕ ਲੱਖ 50 ਹਜਾਰ ਮਾਮਲੇ ਸਨ ਜਿਹੜੇ ਕਿ 1991 ਤੱਕ ਘੱਟ ਕੇ 6028, 2009 ਵਿੱਚ 741, 2010 ਵਿੱਚ 42 ਤੇ 2011 ਵਿੱਚ 1 ਮਾਮਲਾ (13 ਜਨਵਰੀ 2011) ਰਹਿ ਗਏ ਤੇ ਹੁਣ ਪਿਛਲੇ ਇੱਕ ਸਾਲ ਦੌਰਾਨ ਇੱਕ ਵੀ ਨਵਾਂ ਮਾਮਲਾ ਸਾਮਣੇ ਨਹੀਂ ਆਇਆ ਹੈ ਜੋਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਪੋਲੀਆ ਨੂੰ ਖਤਮ ਕਰਨ ਵਿੱਚ 2011 ਵਿੱਚ ਸਲਾਨਾ ਲਗਾਈ ਜਾਂਦੀ ਪ੍ਰਮੁੱਖ ਪਲਸ ਪੋਲਿਆ ਮੁੰਹਿਮ ਦੇ ਦੋ ਚਰਣਾਂ ਵਿੱਚ ਤਕਰੀਬਨ 22 ਕਰੋੜ 50 ਲੱਖ ਪੋਲੀਓ ਦੀ ਦਵਾਈ ਤਕਰੀਬਨ 17 ਕਰੋੜ 20 ਲੱਖ ਬੱਚਿਆ (5 ਸਾਲ ਉਮਰ) ਨੂੰ ਪਲਾਈ ਗਈ। ਇਸ ਮੁਹਿੰਮ ਦਾ ਪ੍ਰਚਾਰ ਵੀ ਬਹੁਤ ਕੀਤਾ ਗਿਆ। ”ਦੋ ਬੂੰਦ ਜਿੰਦਗੀ ਕੀ” ਦੇ ਨਾਰੇ ਹੇਂਠ ਸੁਪਰ ਸਟਾਰ ਅਮਿਤਾਬ ਬੱਚਨ ਦੇ ਸੰਦੇਸ਼ ਤੇ ਸਿਹਤ ਕਰਮੀਆਂ ਵਲੋਂ ਘਰ ਘਰ ਜਾ ਕੇ ਤੇ ਬੱਸਾਂ ਗੱਡੀਆਂ ਵਿੱਚ ਸਫਰ ਕਰ ਰਹੇ ਵੀ ਹਰ ਬੱਚੇ ਨੂੰ ਦਵਾਈ ਪਲਾਉਣ ਲਈ ਕੋਈ ਕੋਰ ਕਸਰ ਨਹੀਂ ਛੱਡੀ ਗਈ। ਧਾਰਮਿਕ ਤੇ ਸਥਾਨਕ ਲੀਡਰਾਂ ਦਾ ਵੀ ਇਸ ਮੁਹਿੰਮ ਨੂੰ ਪੁਰਾ ਸਹਿਯੋਗ ਪ੍ਰਾਪਤ ਹੋਇਆ। ਪਿਛਲੇ ਕੁੱਝ ਸਾਲਾਂ ਵਿੱਚ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕੁੱਝ ਇਲਾਕੇ ਜਿਹੜੇ ਕਿ ਪੋਲੀਓ ਕਿਟਾਣੂਆਂ ਨਾਲ ਜਿਆਦਾ ਪ੍ਰਭਾਵਿਤ ਸਨ ਉੱਥੇ ਪੋਲੀਓ ਅਨਮੂਲਨ ਤੇ ਜਿਆਦਾ ਜੋਰ ਦਿੱਤਾ ਗਿਆ। ਇਹਨਾ ਯਤਨਾ ਸਦਕਾ ਹੀ ਉੱਤਰ ਪ੍ਰਦੇਸ਼ ਜਿਹੜਾ ਕਿ ਦੇਸ਼ ਵਿੱਚ ਪੋਲੀਓ ਦੇ ਮਾਮਲਿਆਂ ਦਾ ਕੇਂਦਰ ਕਿਹਾ ਜਾਂਦਾ ਸੀ ਉਸ ਵਿੱਚ ਨਵੰਬਰ 2009 ਤੋਂ ਬਾਦ ਕੋਈ ਨਵਾਂ ਮਾਮਲਾ ਸਾਮਣੇ ਨਹੀਂ ਆਇਆ ਹੈ।   ਪੋਲੀਓ ਦੇ ਇੱਕ ਵੀ ਨਵੇਂ ਮਾਮਲੇ ਦਾ ਸਾਮਣੇ ਨਾ ਆਉਣ ਦਾ ਇਹ ਮਤਲਬ ਨਹੀਂ ਕਿ ਇਸਦਾ ਖਤਰਾ ਹਮੇਸ਼ਾ ਲਈ ਖਤਮ ਹੋ ਗਿਆ ਖਾਸਕਰ ਤੱਦ ਜੱਦੋ ਕਿ ਨਾਲ ਲਗਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅਜੇ ਵੀ ਇਹ ਇੱਕ ਮੁੱਖ ਸਮਸਿਆ ਹੈ। ਭਾਰਤ ਨੂੰ ਪੋਲੀਓ ਦੁਬਾਰਾ ਸਿਰ ਨਾ ਚੁੱਕ ਸਕੇ ਇਸ ਦਿਸ਼ਾ ਵੱਲ ਲਗਾਤਾਰ ਯਤਨ ਕਰਦੇ ਰਹਿਣਾ ਪਵੇਗਾ ਤਾਂ ਜੋ ਹਰ ਬੱਚਾ ਹਮੇਸ਼ਾ ਇਸਤੋਂ ਬੱਚਿਆ ਰਹਿ ਸਕੇ। ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਚਾਹੇ ਬੱਚੇ ਨੇ ਪੋਲੀਓ ਦੀ ਦਵਾਈ ਪੀਤੀ ਵੀ ਹੋਵੇ ਪਰ ਫਿਰ ਵੀ ਜਦੋਂ ਵੀ ਸਰਕਾਰ ਵਲੋਂ ਪਲਸ ਪੋਲੀਓ ਮੁਹਿੰਮ ਤਹਿਤ ਦਵਾਈ ਪਲਾਈ ਜਾਵੇ ਤਾਂ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਦਵਾਈ ਜਰੂਰ ਪਿਲਵਾਉਣ। ਜਿਸ ਤਰਾਂ• ਪੋਲੀਓ ਦੇ ਖਾਤਮੇ ਲਈ ਇੱਕ ਤੰਤਰ ਬੁਣਿਆ ਗਿਆ ਹੈ ਉਸੇ ਤਰਾਂ• ਦੇ ਯਤਨ ਹੋਰ ਬਚਾਅ ਯੋਗ ਬਿਮਾਰੀਆਂ ਲਈ ਵੀ ਕਰਨੇ ਚਾਹੀਦੇ  ਹਨ ਤਾਂ ਜੋ ਭਾਰਤ ਦਾ ਭਵਿੱਖ ਸੁਰਖਿਅਤ ਰਹਿ ਸਕੇ।

Translate »