January 24, 2012 admin

ਹੰਡਿਆਇਆ ਤੋਂ ਦੋ ਮਹੀਨੇ ਪਹਿਲਾਂ ਲਾਪਤਾ ਹੋਏ ਵਿਅਕਤੀ ਦਾ ਕੀਤਾ ਗਿਆ ਸੀ ਕਤਲ, ਪੁਲਿਸ ਨੇ ਕਤਲ ਦੇ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫਤਾਰ

ਬਰਨਾਲਾ, 23 ਜਨਵਰੀ- ਐਸ.ਐਸ.ਪੀ. ਬਰਨਾਲਾ ਧੰਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਹੰਡਿਆਇਆ, ਜੋ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਮੇਵਾ ਸਿੰਘ ਕੌਮ ਮਹਿਰਾ ਵਾਸੀ ਹੰਡਿਆਇਆ ਦੇ ਘਰ ਕੰਮ ਕਰਦੀ ਸੀ ਜੋ ਕਰੀਬ ਦੋ ਮਹੀਨੇ ਪਹਿਲਾਂ ਲਾਪਤਾ ਹੋਣਾ ਪਾਇਆ ਗਿਆ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਲਾਪਤਾ ਹੋਣ ਸਬੰਧੀ ਰਿਪੋਰਟ ਚੌਕੀ ਹੰਡਿਆਇਆ ਵਿਖੇ ਦਰਜ਼ ਕੀਤੀ ਗਈ ਸੀ ਅਤੇ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਕੁਲਵਿੰਦਰ ਸਿੰਘ ਉਕਤ ਵਗੈਰਾ ਤੋਂ ਜਸਵੀਰ ਸਿੰਘ ਨੂੰ ਮਾਰ ਮਕਾਉਣ ਦਾ ਖਦਸਾ ਜਾਹਿਰ ਕੀਤਾ ਜਾ ਰਿਹਾ ਸੀ।
ਸ਼੍ਰੀਮਤੀ ਧੰਨਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਸ੍ਰ. ਬਲਰਾਜ ਸਿੰਘ ਐਸ.ਪੀ. (ਡੀਟੈਕਟਿਵ) ਬਰਨਾਲਾ ਦੀ ਨਿਗਰਾਨੀ ਅਤੇ ਸ੍ਰ. ਨਿਰਲੇਪ ਸਿੰਘ ਡੀ.ਐਸ.ਪੀ. (ਡੀ) ਬਰਨਾਲਾ ਦੀ ਅਗਵਾਈ ਹੇਠ ਇੰਸਪੈਕਟਰ ਗੁਲਜਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਸਮੇਤ ਏ.ਐਸ.ਆਈ. ਬਲਜੀਤ ਸਿੰਘ, ਏ.ਐਸ.ਆਈ. ਜਗਤਾਰ ਸਿੰਘ ਅਤੇ ਹੌਲਦਾਰ ਪ੍ਰਿਤਪਾਲ ਸਿੰਘ ਦੀ ਟੀਮ ਦੀ ਸਖਤ ਮਿਹਨਤ ਸਦਕਾ ਇਸ ਮਾਮਲੇ ਨੂੰ ਸੁਲਝਾ ਦਿੱਤਾ ਗਿਆ ਹੈ।
ਜਿਹਨਾਂ ਨੂੰ ਖੁਫੀਆ ਇਤਲਾਹ ਹਾਸਲ ਹੋਈ ਸੀ ਕਿ ਕੁਲਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਅਤੇ ਗੁਲਸ਼ਨ ਸਿੰਘ ਪੁੱਤਰ ਰਾਜ ਕੁਮਾਰ ਵਾਸੀਆਨ ਹੰਡਿਆਇਆ ਨੇ ਕਿਸੇ ਰੰਜਿਸ਼ ਦੇ ਕਾਰਨ ਜਸਵੀਰ ਸਿੰਘ ਨੂੰ ਹੰਡਿਆਇਆ ਤੋਂ ਅਗਵਾ ਕਰਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕਿਤੇ ਖੁਰਦ-ਬੁਰਦ ਕਰ ਦਿੱਤਾ ਹੈ।
ਇਸ ਮੁਖਬਰੀ ਦੇ ਅਧਾਰ ਤੇ ਕੁਲਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਅਤੇ ਗੁਲਸ਼ਨ ਸਿੰਘ ਪੁੱਤਰ ਰਾਜ ਕੁਮਾਰ ਵਾਸੀਆਨ ਹੰਡਿਆਇਆ ਦੇ ਖਿਲਾਫ ਮੁਕੱਦਮਾ ਨੰਬਰ 11, ਮਿਤੀ 21-01-12 ਜੇਰੇ ਧਾਰਾ 302, 201, 120-ਬੀ, 34 ਭ/ਦੰਡ ਥਾਣਾ ਬਰਨਾਲਾ ਵਿਖੇ ਦਰਜ ਕਰਵਾਕੇ ਮੁਲਜਮਾਂ ਉਕਤ ਨੂੰ 22 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਬਰਨਾਲਾ ਨੇ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 23 ਨਵੰਬਰ 2011 ਨੂੰ ਜਸਵੀਰ ਸਿੰਘ ਉਰਫ ਭਾਨਾ ਨੇ ਮੁਲਜਮ ਕੁਲਵਿੰਦਰ ਸਿੰਘ ਦੀ ਘਰਵਾਲੀ ਨਾਲ ਛੇੜਛਾੜ ਕੀਤੀ ਸੀ ਜਿਸ ਤੇ ਗੁੱਸੇ ਵਿੱਚ ਆ ਕੇ ਕੁਲਵਿੰਦਰ ਸਿੰਘ ਅਤੇ ਗੁਲਸ਼ਨ ਸਿੰਘ ਨੇ ਉਸਨੂੰ ਕੱਚੀ ਨਹਿਰ ਦੇ ਖਤਾਨਾਂ ਵਿੱਚ ਜਗਰਾਉ ਨਜਦੀਕ ਥਾਣਾ ਦਾਖਾ ਦੇ ਅਧੀਨ ਆਉਂਦੇ ਪਿੰਡ ਢੋਲਣ ਲਿਜਾ ਕੇ ਤਲਵਾਰ ਨਾਲ ਕਤਲ ਕਰਕੇ, ਉਸਦੀ ਲਾਸ਼ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਸੀ।
ਐਸ.ਐਸ.ਪੀ ਧੰਨਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਮੁਲਜਮ ਕੁਲਵਿੰਦਰ ਸਿੰਘ ਦੀ ਨਿਸ਼ਾਨਦੇਹੀ ਤੇ ਜਸਵੀਰ ਸਿੰਘ ਉਰਫ ਭਾਨਾ ਦੀ ਲਾਸ਼ ਦਾ ਸੜਿਆ ਪਿੰਜਰ ਪਿੰਡ ਢੋਲਣ ਕੱਚੀ ਨਹਿਰ ਦੀ ਪਟੜੀ ਨਾਲ ਟੋਇਆਂ ਵਿੱਚੋਂ, ਖੰਜੂਰਾਂ ਦੇ ਦਰਖਤਾਂ ਅਤੇ ਝਾੜੀਆਂ ਹੇਠੋ ਕਾਰਜਕਾਰੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਬਰਾਮਦ ਕਰਾਇਆ ਗਿਆ ਹੈ ਅਤੇ ਮੁਲਜਮਾਂ ਪਾਸੋਂ ਪੁੱਛਗਿੱਛ ਜਾਰੀ ਹੈ।

Translate »