ਲੁਧਿਆਣਾ: 25 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਯੂਰਪੀਅਨ ਯੂਨੀਅਨ ਦੇ ਮਾਹਿਰਾਂ ਮਿਸਟਰ ਡੈਮਟਿਰਿਕਸ ਫਰੈਗਿਊਨਿਸ, ਡਾ: ਜੌਹਨ ਐਲਫਿਨਸਟੋਨ ਅਤੇ ਮਿਸਟਰ ਲਾਰਸ ਕ੍ਰਿਸਟੋਫਸਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਲੂਆਂ ਨੂੰ ਰੋਗ ਰਹਿਤ ਬਣਾਉਣ ਲਈ ਨਿਰਖ ਪਰਖ਼ ਬੜੀ ਬਾਰੀਕੀ ਨਾਲ ਕਰਨ ਦੀ ਲੋੜ ਹੈ ਕਿਉਂਕਿ ਯੂਰਪੀਅਨ ਯੂਨੀਅਨ ਰੋਗ ਮੁਕਤ ਆਲੂਆਂ ਨੂੰ ਹੀ ਪ੍ਰਵਾਨ ਕਰਦੀ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇਸ਼ ਦੇ ਅਨਾਜ ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਦੇ ਨਾਲ ਨਾਲ ਆਲੂਆਂ ਦੀ ਖੋਜ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਰਹੀ ਹੈ ਤਾਂ ਜੋ ਰੋਗ ਰਹਿਤ ਆਲੂ ਦੇਸ਼ ਵਿਦੇਸ਼ ਦੀ ਮੰਡੀ ਵਿੱਚ ਵਿਕ ਸਕਣ। ਉਨ•ਾਂ ਆਖਿਆ ਕਿ ਭੂਰੇ ਧੱਬੇ ਅਤੇ ਗੋਲ ਛੱਲਿਆਂ ਵਾਲੇ ਰੋਗ ਤੋਂ ਪੰਜਾਬ ਮੁਕਤ ਹੈ। ਖੋਜ ਦੇ ਅਪਰ ਨਿਰਦੇਸ਼ਕ ਅਤੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਅਤੇ ਡਾ: ਪੁਸ਼ਪਿੰਦਰਪਾਲ ਸਿੰਘ ਨੇ ਵੀ ਆਪਣੇ ਵਿਭਾਗ ਵੱਲੋਂ ਕੀਤੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ: ਸੰਤੋਖ ਸਿੰਘ ਕੰਗ ਨੇ ਪੰਜਾਬ ਵਿੱਚ ਵਾਇਰਲ ਰੋਗਾਂ ਤੋਂ ਮੁਕਤ ਆਲੂਆਂ ਬਾਰੇ ਦੱਸਿਆ।
ਡਾ: ਫਰੈਗਿਊਨਸ ਨੇ ਆਖਿਆ ਕਿ ਆਲੂ ਬੀਜਣ ਵਾਲੇ ਕਿਸਾਨਾਂ ਨੂੰ ਰੋਗ ਮੁਕਤ ਫ਼ਸਲ ਦੀ ਕਾਸ਼ਤ ਸੰਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਬਾਗਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਲਾਜਵਿੰਦਰ ਸਿੰਘ ਬਰਾੜ ਨੇ ਵਫਦ ਨੂੰ ਦੱਸਿਆ ਕਿ ਪੰਜਾਬ ਦੇ ਆਲੂ ਉਤਪਾਦਕ ਕਿਸਾਨ ਨਵੀਨਤਮ ਗਿਆਨ ਤੋਂ ਵਾਕਿਫ਼ ਹਨ ਅਤੇ ਰੋਗ ਮੁਕਤ ਆਲੂ ਪੈਦਾ ਕਰਨ ਵਿੱਚ ਬਹੁਤ ਅੱਗੇ ਹਨ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਸਬਜ਼ੀਆਂ ਵਿਭਾਗ ਦੇ ਮੁਖੀ ਡਾ: ਪਰਮਜੀਤ ਸਿੰਘ ਬਰਾੜ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਵਫਦ ਦੇ ਮੈਂਬਰਾਂ ਨੇ ਯੂਨੀਵਰਸਿਟੀ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ।