ਲੁਧਿਆਣਾ: 25 ਜਨਵਰੀ : ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਕਵੀ ਅਤੇ ਪੰਜਾਬ ਐਗਰੀਕਲਚਲ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਡਾ: ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਦੀ ਉਪਾਧੀ ਦੀ ਖ਼ਬਰ ਪਹੁੰਚਣ ਸਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ। ਡਾ: ਪਾਤਰ ਦੀਆਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਕੌਮਾਂਤਰੀ ਸੇਵਾਵਾਂ ਨੂੰ ਪ੍ਰਵਾਨ ਕਰਦੇ ਹੋਏ ਭਾਰਤ ਸਰਕਾਰ ਨੇ ਇਹ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।
ਪੰਜਾਬ ਐਗਰੀਕਲਰਚਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਜਰਮਨੀ ਤੋਂ ਟੈਲੀਫੂਨ ਸੁਨੇਹੇ ਰਾਹੀਂ ਡਾ: ਸੁਰਜੀਤ ਪਾਤਰ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਉਨ•ਾਂ ਦੀ ਇਸ ਪ੍ਰਾਪਤੀ ਨਾਲ ਜਿਥੇ ਸਮੁੱਚੇ ਪੰਜਾਬੀਆਂ ਦਾ ਕੱਦ ਉੱਚਾ ਹੋਇਆ ਹੈ ਉਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਸਨਮਾਨ ਮਿਲਿਆ ਹੈ। ਡਾ: ਪਾਤਰ 1972 ਵਿੱਚ ਇਸ ਯੂਨੀਵਰਸਿਟੀ ਦੀ ਸੇਵਾ ਵਿੱਚ ਆਏ ਅਤੇ ਇਥੇ ਸੇਵਾ ਨਿਭਾਉਂਦਿਆਂ ਹੀ ਉਨ•ਾਂ ਨੇ ਆਪਣੀ ਸਮੁੱਚੀ ਸਾਹਿਤ ਸਿਰਜਣਾ ਕੀਤੀ। ਪਿਛਲੇ ਸਾਲ ਡਾ: ਪਾਤਰ ਨੂੰ ਸਰਸਵਤੀ ਸਨਮਾਨ ਮਿਲਣ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਉਨ•ਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਡਾ: ਢਿੱਲੋਂ ਨੇ ਕਿਹਾ ਗੋਲਡਨ ਜੁਬਲੀ ਸਾਲ ਦੇ ਸ਼ੁਰੂ ਹੋਣ ਤੇ ਹੀ ਇੰਨੀ ਵੱਡੀ ਪ੍ਰਾਪਤੀ ਯੂਨੀਵਰਸਿਟੀ ਦੀ ਕਲਗੀ ਵਿੱਚ ਇਕ ਹੋਰ ਹੀਰਾ ਜੜਦੀ ਹੈ। ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਡਾ: ਸਰਦਾਰਾ ਸਿੰਘ ਜੌਹਲ, ਡਾ: ਗੁਰਚਰਨ ਸਿੰਘ ਕਾਲਕਟ ਅਤੇ ਡਾ: ਮਨਜੀਤ ਸਿੰਘ ਕੰਗ ਨੇ ਵੀ ਡਾ: ਸੁਰਜੀਤ ਪਾਤਰ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।
ਪੀ ਏ ਯੂ ਯੰਗ ਰਾਈਟਰਜ਼ ਐਸੋਸੀਏਸ਼ਨ, ਪੀ ਏ ਯੂ ਸਾਹਿਤ ਸਭਾ ਅਤੇ ਪੀ ਏ ਯੂ ਟੀਚਰਜ ਐਸੋਸੀਏਸ਼ਨ ਵੱਲੋਂ ਵੀ ਡਾ: ਸੁਰਜੀਤ ਪਾਤਰ ਦੀ ਇੱਜ਼ਤ ਅਫਜ਼ਾਈ ਲਈ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ, ਅਪਰ ਨਿਰਦੇਸ਼ਕ ਡਾ: ਜਗਾਤਰ ਸਿੰਘ ਧੀਮਾਨ, ਗੁਰਭਜਨ ਗਿੱਲ, ਡਾ: ਏ ਪੀ ਸਿੰਘ, ਨਿਰਮਲ ਜੌੜਾ, ਡਾ: ਗੁਲਜ਼ਾਰ ਪੰਧੇਰ, ਡਾ: ਸੁਖਚੈਨ ਮਿਸਤਰੀ, ਡਾ: ਅਨਿਲ ਸ਼ਰਮਾ, ਡਾ: ਹਰਮੀਤ ਸਿੰਘ ਕਿੰਗਰਾ ਨੇ ਡਾ: ਪਾਤਰ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ।