ਅੰਮ੍ਰਿਤਸਰ, 25 ਜਨਵਰੀ – ਆਪਣੀ ਅਮੀਰ ਰਿਵਾਇਤ ਨੂੰ ਜਾਰੀ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ 1 ਫਰਵਰੀ ਨੂੰ ਹੋ ਰਹੀ 38ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਦੇਸ਼ ਦੇ ਉੱਘੇ ਵਿਗਿਆਨੀ ਅਤੇ ਇਨਫੋਸਿਸ ਲਿਮਿਟਡ, ਬੰਗਲੌਰ ਦੇ ਚੇਅਰਮੈਨ-ਐਮਰੀਟਸ ਇਨਫੋਸਿਸ, ਸ੍ਰੀ. ਨਰਾਇਨਾ ਮੂਰਥੀ ਨੂੰ ਡਾਕਟਰ ਆਫ ਸਾਇੰਸ ਅਤੇ ਨਾਮਵਾਰ ਪੰਜਾਬੀ ਲੇਖਕ, ਸ. ਕਰਤਾਰ ਸਿੰਘ ਦੁੱਗਲ ਨੂੰ ਡਾਕਟਰ ਆਫ ਲਿਟਰੇਚਰ ਦੀਆਂ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕਰੇਗੀ। ਯੁਨੀਵਰਸਿਟੀ ਵੱਲੋਂ ਇਹ ਸਨਮਾਨ ਉਨ੍ਹਾਂ ਵੱਲੋਂ ਆਪਣੇ-ਆਪਣੇ ਖੇਤਰ ਵਿਚ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਅਤੇ ਚੰਗੇ ਸਮਾਜ ਦੇ ਨਿਰਮਾਣ ਵਿਚ ਪਾਏ ਯੋਗਦਾਨ ਸਦਕਾ ਦਿੱੱਤਾ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼ਿਵਰਾਜ ਵਿਸ਼ਵਨਾਥ ਪਾਟਿਲ ਇਸ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਵਿਦਿਆਰਥੀਆਂ ਡਿਗਰੀਆਂ ਅਤੇ ਮੈਡਲ ਪ੍ਰਦਾਨ ਕਰਨਗੇ। ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਇਸ ਮੌਕੇ ਇਨ੍ਹਾਂ ਪ੍ਰਸਿੱਧ ਵਿਦਵਾਨਾਂ ਬਾਰੇ ਸ਼ੋਭਾ ਪੱਤਰ ਪੜ੍ਹਨਗੇ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਨਰਾਇਣ ਮੂਰਤੀ ਭਾਰਤ ਵਿਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਦੇ ਮੋਢੀਆਂ ਵਿਚੋਂ ਹਨ। ਉਹ ਕਾਰਪੋਰੇਟ ਜਗਤ ਦੇ ਇਕ ਐਸੇ ਪ੍ਰਬੰਧਕ ਹਨ, ਜੋ ਲੱਖਾਂ ਉਦਮੀ ਨੌਜਵਾਨਾਂ ਲਈ ਪੱਥ-ਪ੍ਰਦਰਸ਼ਕ ਤੇ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਮੂਰਤੀ ਨੇ 1981 ਵਿਚ ਕੇਵਲ ਦਸ ਹਜ਼ਾਰ ਰੁਪਏ ਦੀ ਮਾਮੂਲੀ ਰਾਸ਼ੀ ਨਾਲ ਇਕ ਛੋਟਾ ਜਿਹਾ ਸਾਂਝਾ ਪ੍ਰੋਜੈਕਟ ਸ਼ੁਰੂ ਕੀਤਾ, ਜੋ ਹੁਣ ਵਿਸਵ ਪੱਧਰ ‘ਤੇ 6 ਬਿਲੀਅਨ ਡਾਲਰ ਦਾ ਬਹੁਤ ਵੱਡਾ ਕਾਰੋਬਾਰ ਬਣ ਚੁੱਕਾ ਹੈ, ਜਿਸਦੇ ਵੱਖ-ਵੱਖ ਦੇਸ਼ਾਂ ਵਿਚ 65 ਕੇਂਦਰ ਹਨ।
ਉਨ੍ਹਾਂ ਕਿਹਾ ਕਿ ‘ਇਨਫੋਸਿਸ’ ਦੀ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਹੈ ਅਤੇ ਬਿਜ਼ਨੈਸ ਤੇ ਤਕਨਾਲੋਜੀ ਦੇ ਖੇਤਰਾਂ ਵਿਚ ਇਸ ਨੇ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸਨੇ ਈ-ਬੈਂਕਿੰਗ ਦਾ ਸਾਫ਼ਟਵੇਅਰ ‘ਫਿਨਾਕਲ’ ਜਾਰੀ ਕਰਕੇ ਭਾਰਤ ਦੀ ਬੈਂਕਿੰਗ ਸਨਅਤ ਨੂੰ ਵਿਸ਼ਵ ਦੇ ਪੱਧਰ ਉਪਰ ਖੜਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸ੍ਰੀ ਨਰਾਇਣ ਮੂਰਤੀ ਨੇ ਆਪਣੀ ਸਖ਼ਤ ਮਿਹਨਤ, ਵਚਨਬੱਧਤਾ ਤੇ ਦੂਰ ਅੰਦੇਸ਼ੀ ਨਾਲ ਜਿਸ ਪ੍ਰਕਾਰ ਆਪਣੀ ਕੰਪਨੀ ਨੂੰ ਚੋਟੀ ਤੇ ਪਹੁੰਚਾਇਆ, ਇਸ ਨਾਲ ਅੰਤਰਰਾਸ਼ਟਰੀ ਪੱਧਰ ਉਤੇ ਉਹ ਇਕ ਮਾਰਗ-ਦਰਸ਼ਕ ਸ਼ਖ਼ਸੀਅਤ ਦਾ ਰੁਤਬਾ ਹਾਸਲ ਕਰ ਚੁੱਕੇ ਹਨ। ਦੇਸ਼ ਵਿਦੇਸ਼ ਦੀਆਂ ਉਘੀਆਂ ਸੰਸਥਾਵਾਂ ਵਲੋਂ ਮਾਣ ਸਨਮਾਨ ਦੇ ਕੇ ਉਨ੍ਹਾਂ ਦੇ ਯੋਗਦਾਨ ਨੂੰ ਭਰਵੀਂ ਮਾਣਤਾ ਦਿਤੀ ਗਈ। ਭਾਰਤ ਦੇ ਵਿਸ਼ੇਸ ਸਨਮਾਨ ਪਦਮ ਵਿਭੂਸ਼ਨ ਤੋਂ ਇਲਾਵਾ ਉਨ੍ਹਾਂ ਨੂੰ ਫਰਾਂਸ, ਯੂ.ਕੇ., ਸਵਿਟਜ਼ਰਲੈਂਡ, ਯੂ.ਐਸ., ਫੋਰਬਸ ਵੱਲੋਂ ਵੀ ਬਹੁਤ ਸਾਰੇ ਵੱਕਾਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ 2006 ਵਿਚ ਵਿਸ਼ਵ ਪ੍ਰਸਿੱਧ ‘ਟਾਈਮ’ ਮੈਗਜ਼ੀਨ ਵਲੋਂ ਉਨ੍ਹਾਂ ਨੂੰ ਮਹਾਤਮਾ ਗਾਂਧੀ, ਦਲਾਈਲਾਮਾ ਤੇ ਮਦਰ ਟੈਰੇਸਾ ਵਰਗੀਆਂ ਨਾਮਵਰ ਹਸਤੀਆਂ ਨਾਲ ਪਿਛਲੇ 60 ਵਰ੍ਹਿਆਂ ਦੌਰਾਨ ਹੋਏ ਏਸ਼ੀਆ ਤੇ ਹੀਰੋਜ਼ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਮੂਰਤੀ ਨੇ ਆਪਣੀ ਕੰਪਨੀ ਦੇ ਨਾਲ ਨਾਲ ਬਹੁਤ ਸਾਰੇ ਸਨਅਤੀ ਅਤੇ ਅਕਾਦਮਿਕ ਅਦਾਰਿਆਂ ਦੇ ਵਿਕਾਸ ਵਿਚ ਮੁਖ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਸ੍ਰੀ ਮੂਰਤੀ ਨੇ ਬੇਸ਼ੱਕ ਹੋਰਨਾਂ ਵਾਂਗ 65 ਸਾਲ ਦੀ ਉਮਰ ਵਿਚ ਆਪਣੇ ਕਾਰਪੋਰੇਟ ਘਰਾਣੇ ‘ਇਨਫੋਸਿਸ’ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਅਜੇ ਵੀ ਕਾਰਪੋਰੇਟ ਦੇ ਜਨ-ਹਿਤ ਨਾਲ ਜੁੜੇ ਕੰਮਾਂ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਦੀ ਸੋਚ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਸਿੱਖਿਆ, ਸਿਹਤ ਤੇ ਖਾਧ ਪਦਾਰਥਾਂ ਦੇ ਪੱਖ ਤੋਂ ਬਹੁਤ ਕੁਝ ਕਰਨਾ ਬਾਕੀ ਹੈ।
ਰਜਿਸਟਰਾਰ ਨੇ ਦੱਸਿਆ ਕਿ ਕਨਵੋਕੇਸ਼ਨ ਮੌਕੇ ਦੂਜੀ ਪ੍ਰਮੁੱਖ ਸ਼ਖਸੀਅਤ ਸ.ਕਰਤਾਰ ਸਿੰਘ ਦੁੱਗਲ ਸਾਂਝੇ ਪੰਜਾਬ ਦੇ ਇਕ ਅਜਿਹੇ ਪ੍ਰਸਿੱਦ ਲੇਖਕ ਹਨ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਦੇਸ਼-ਵੰਡ ਦੇ ਇਤਿਹਾਸਕ ਦੁਖਾਂਤ ਦੀ ਦਰਦ ਭਰੀ ਦਾਸਤਾਨ ਤੇ ਵਰਤਮਾਨ ਪੰਜਾਬ ਦੇ ਸਿਆਸੀ ਜੀਵਨ ਦੀਆਂ ਬਾਰੀਕੀਆਂ ਨੂੰ ਇੱਕੋ ਜਿਹੀ ਮੁਹਾਰਤ ਨਾਲ ਰੂਪਮਾਨ ਕੀਤਾ ਹੈ। ਉਹ ਮਨੁੱਖੀ ਰਿਸ਼ਤਿਆਂ ਦੀ ਬਹੁਤ ਹੀ ਭਾਵਪੂਰਤ ਤਸਵੀਰ ਉਲੀਕਣ ਵਾਲੇ ਨਿਪੁੰਨ ਕਹਾਣੀਕਾਰ ਹਨ। ਉਹ ਸਹੀ ਅਰਥਾਂ ਵਿਚ ਬਸਤੀਵਾਦੀ ਦੌਰ ਵਿਚ ਨਵੇਂ ਮਿਆਰੀ ਪੰਜਾਬੀ ਗਲਪ ਦਾ ਮੁੱਢ ਬੰਨ੍ਹਣ ਵਾਲਿਆਂ ਵਿਚੋਂ ਹਨ।
ਉਨ੍ਹਾਂ ਕਿਹਾ ਕਿ ਸ. ਦੁੱਗਲ ਨੇ ਵੀਹਵੀਂ ਸਦੀ ਦੇ ਪਹਿਲੇ ਅੱਧ ਦੇ ਦੁਖਮਈ ਸਿਆਸੀ ਘਟਨਾ-ਚੱਕਰ ਨੂੰ ਇਕ ਪਰਪੱਕ ਇਤਿਹਾਸ-ਦ੍ਰਿਸ਼ਟੀ ਵਾਲੇ ਲੇਖਕ ਵਜੋਂ ਚਿਤਰਿਆ। ਪਰ ਉਨ੍ਹਾਂ ਨੇ ਜਿਸ ਪ੍ਰਕਾਰ ਆਪਣੀਆਂ ਲਿਖਤਾਂ ਵਿਚ ਦੱਬੇ ਹੋਏ ਇਸਤਰੀ ਮਨ ਦੀਆਂ ਲੁਕੀਆਂ ਹੋਈਆਂ ਭਾਵਨਾਵਾਂ ਨੂੰ ਜ਼ੁਬਾਨ ਦਿਤੀ, ਉਸ ਨਾਲ ਪੰਜਾਬੀ ਵਿਚ ਉਨ੍ਹਾਂ ਨੂੰ ਨਿਵੇਕਲਾ ਮਾਣਯੋਗ ਸਥਾਨ ਮਿਲਿਆ। ਉਹ ਪੁਰਸ਼ ਪ੍ਰਧਾਨ ਸਮਾਜ ਵਿਚ ਇਸਤਰੀ ਦੀ ਸੁਣਨਯੋਗ ਜ਼ੋਰਦਾਰ ਆਵਾਜ਼ ਬਣ ਕੇ ਉੱਭਰੇ, ਜਿਸ ਨੂੰ ਪੰਜਾਬੀ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਰਹਿਣ ਦਾ ਮੌਕਾ ਮਿਲਿਆ, ਪਰ ਮਾਤਭੂਮੀ ਨਾਲ ਅਟੁੱਟ ਰਿਸ਼ਤੇ ਕਰਕੇ ਉਨ੍ਹਾਂ ਦੀ ਯਾਦ ਵਿਚ ਪਾਕਿਸਤਾਨ ਵਿਚਲੇ ਪੰਜਾਬ ਦਾ ਸਭਿਆਚਾਰਕ ਰੰਗ ਕਦੇ ਵੀ ਫ਼ਿੱਕਾ ਨਾ ਪਿਆ। ਪੋਠੋਹਾਰ ਦੇ ਇਲਾਕੇ ਦੀ ਖ਼ੂਬਸੂਰਤ ਫ਼ਿਜ਼ਾ, ਖ਼ਾਸ ਕਰਕੇ ਪੋਠੋਹਾਰੀ ਉਪਭਾਸ਼ਾ ਉਨ੍ਹਾਂ ਦੇ ਸਾਹਿਤਕ ਹੁਨਰ ਦਾ ਪੱਕਾ ਅੰਗ ਬਣ ਗਈ। ਇਸ ਵਿਚੋਂ ਮਾਤਭੂਮੀ ਲਈ ਦਿਲ ਨੂੰ ਧੂਹ ਪਾਉਣ ਵਾਲਾ ਸੱਚਾ ਉਦਰੇਵਾਂ ਤੇ ਅਪਣੱਤ ਝਲਕਦੀ ਹੈ।
ਉਨ੍ਹਾਂ ਕਿਹਾ ਕਿਹਾ ਸ. ਦੁੱਗਲ ਇਕ ਅਜਿਹੇ ਲੇਖਕ ਹਨ, ਜਿਨ੍ਹਾਂ ਦੀਆਂ ਹੁਣ ਤਕ ਕਹਾਣੀਆਂ ਦੀਆਂ ਛੱਬੀ ਪੁਸਤਕਾਂ, ਸੱਤ ਨਾਟਕ, ਦਸ ਨਾਵਲ, ਕਵਿਤਾ ਦੀਆਂ ਚਾਰ ਕਿਤਾਬਾਂ, ਆਲੋਚਨਾ ਦੀਆਂ ਦਸ ਪੁਸਤਕਾਂ ਅਤੇ ਹੋਰ ਬਹੁਤ ਸਾਰੀਆਂ ਵੰਨ-ਸੁਵੰਨੀਆਂ ਰਚਨਾਵਾਂ ਛਪੀਆਂ ਹਨ। ਮੁੱਢਲੇ ਵਰ੍ਹਿਆਂ ਦੌਰਾਨ ਉਹ ਆਲ ਇੰਡੀਆ ਰੇਡੀਓ ਨਾਲ ਜੁੜੇ ਰਹੇ। ਇਥੇ ਉਨ੍ਹਾਂ ਨੇ ਸਮੇਂ ਦੇ ਭਖਵੇਂ ਵਿਸ਼ਿਆਂ ਬਾਰੇ ਚਰਚਿਤ ਡਰਾਮੇ ਲਿਖ ਕੇ ਪ੍ਰਸਾਰਤ ਕਰਵਾਏ, ਜੋ ਲੋਕਾਂ ਵਲੋਂ ਬਹੁਤ ਸਲਾਹੇ ਗਏ। ਉਨ੍ਹਾਂ ਦੀਆਂ ਰਚਨਾਵਾਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਲਗਾਤਾਰ ਭਾਗ ਰਹੀਆਂ ਹਨ। ਦੁਨੀਆਂ ਭਰ ਦੇ ਪੰਜਾਬੀ ਉਨ੍ਹਾਂ ਦੀ ਵੱਡ-ਅਕਾਰੀ ਨਾਵਲ ਰਚਨਾ ‘ਹਾਲ ਮੁਰੀਦਾਂ ਦਾ’ ਲਈ, ਉਨ੍ਹਾਂ ਦੇ ਰਿਣੀ ਹਨ, ਜੋ ਉਨ੍ਹਾਂ ਦੇ ਦਿਲਾਂ ਦੀਆਂ ਅੰਦਰਲੀਆ ਤਰਬਾਂ ਨੂੰ ਛੋਂਹਦੀ ਹੈ।
ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਉਨ੍ਹਾਂ ਨੂੰ ਸਭ ਵੱਡੇ ਇਨਾਮਾਂ ਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਪ੍ਰਮੁੱਖ ਪਦਮ ਭੂਸ਼ਨ, ਸਾਹਿਤ ਅਕਾਦਮੀ ਪੁਰਸਕਾਰ, ਗ਼ਾਲਿਬ ਐਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ, ਭਾਈ ਮੋਹਨ ਸਿੰਘ ਵੈਦ ਐਵਾਰਡ, ਸੋਵੀਅਤ ਲੈਂਡ ਨਹਿਰੂ ਪੁਰਸਕਾਰ ਸ਼ਾਮਿਲ ਹਨ। 2007 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਦੀ ਫੈਲੋਸ਼ਿਪ ਦਾ ਸਭ ਤੋਂ ਉੱਚਾ ਸਨਮਾਨ ਦਿਤਾ ਗਿਆ। ਇਸ ਨਾਲ ਉਨ੍ਹਾਂ ਦਾ ਨਾਂ ਭਾਰਤ ਦੇ ਸਭ ਤੋਂ ਵੱਡੇ ਲੇਖਕਾਂ ਦੀ ਸੂਚੀ ਵਿਚ ਦਰਜ ਹੋ ਗਿਆ।
ਉਨ੍ਹਾਂ ਕਿਹਾ ਕਿ ਉੱਘੀ ਸਾਹਿਤਕ ਦੇਣ ਤੋਂ ਇਲਾਵਾ ਸਰਦਾਰ ਦੁੱਗਲ ਨੇ ਭਾਰਤ ਤੇ ਵਿਦੇਸ਼ਾਂ ਵਿਚ ਕਲਾ ਤੇ ਸਭਿਆਚਾਰ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਬਹੁਤ ਸਾਰੇ ਦੇਸ਼ਾਂ ਖ਼ਾਸ ਕਰਕੇ ਪੂਰਬੀ ਯੋਰਪ, ਅਫ਼ਰੀਕਾ ਅਤੇ ਅਮਰੀਕਾ ਵਿਚ ਸਾਹਿਤਕ ਤੇ ਸਭਿਆਚਾਰਕ ਰਿਸ਼ਤੇ ਕਾਇਮ ਕਰਨ ਦੇ ਪੱਖੋਂ ਭਾਰਤ ਦੇ ਪ੍ਰਤਿਨਿਧ ਵਜੋਂ ਅਹਿਮ ਭੂਮਿਕਾ ਨਿਭਾਈ। ਉਹ ਰਾਸ਼ਟਰੀ ਪੱਧਰ ਉਤੇ ਮੀਡੀਆ, ਸੂਚਨਾ, ਬਰਾਡਕਾਸਟਿੰਗ, ਸਾਖਰਤਾ ਅਤੇ ਭਾਸ਼ਾਵਾਂ ਨਾਲ ਸੰਬੰਧਿਤ ਉਚ ਪੱਧਰੀ ਸਲਾਹਕਾਰ ਕਮੇਟੀਆਂ ਦੇ ਮੈਂਬਰ ਵੀ ਹਨ।