ਲੁਧਿਆਣਾ: 26 ਜਨਵਰੀ : 63ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਦੂਜੇ ਹਰੇ ਇਨਕਲਾਬ ਦੀ ਅਗਵਾਈ ਵੀ ਪੰਜਾਬ ਸੂਬਾ ਹੀ ਕਰੇਗਾ। ਉਨ•ਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਕਾਫੀ ਸਲਾਹੀ ਜਾਂਦੀ ਹੈ। ਇਸ ਵਿਕਸਤ ਤਕਨਾਲੋਜੀ ਨਾਲ ਪੰਜਾਬ ਦੀ ਖੇਤੀ ਦਾ ਮੁਹਾਂਦਰਾ ਬਦਲ ਗਿਆ ਹੈ ਜਿਸ ਸਦਕਾ ਇਹ ਸੂਬਾ ਦੇਸ਼ ਦੀ ਕੁੱਲ 22 ਫੀ ਸਦੀ ਕਣਕ, 11 ਫੀ ਸਦੀ ਝੋਨਾ, 10 ਫੀ ਸਦੀ ਨਰਮਾ, 37 ਫੀ ਸਦੀ ਸ਼ਹਿਦ ਅਤੇ 50 ਫੀ ਸਦੀ ਖੁੰਭਾਂ ਤਿਆਰ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਲਈ ਟੀਚਾ ਹਾਸਿਲ ਕਰਨਾ ਸਾਇੰਸਦਾਨਾਂ ਅਤੇ ਯੋਜਨਾਕਾਰਾਂ ਲਈ ਮੁੱਖ ਟੀਚਾ ਹੈ। ਜਿਥੇ ਦੇਸ਼ ਦੀ ਭੋਜਨ ਸੁਰੱਖਿਆ ਜ਼ਰੂਰੀ ਹੈ ਉਥੇ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਵੀ ਜ਼ਰੂਰੀ ਹੈ ਤਾਂ ਜੋ ਵਾਤਾਵਰਨ ਵਿੱਚ ਵਿਗਾੜ ਨਾ ਸਕੇ। ਡਾ: ਮਹੇ ਨੇ ਵਿਸ਼ੇਸ਼ ਤੌਰ ਤੇ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾਖੋਰੀ, ਅਨੁਸ਼ਾਸ਼ਨਹੀਣਤਾ, ਭਰੂਣ ਹੱਤਿਆ ਆਦਿ ਨੂੰ ਠੱਲ ਪਾਉਣ ਲਈ ਹਾਜ਼ਰ ਵਿਦਿਆਰਥੀਆਂ ਨੂੰ ਯੋਗਾਦਨ ਪਾਉਣ ਲਈ ਕਿਹਾ।
ਡਾ: ਮਹੇ ਨੇ ਅੱਜ ਦੇ ਦਿਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਦੋ ਸਾਬਕਾ ਸਾਇੰਸਦਾਨਾਂ ਡਾ: ਸੁਰਜੀਤ ਪਾਤਰ ਅਤੇ ਡਾ: ਕੇ ਐਲ ਚੱਢਾ ਨੂੰ ਪਦਮਸ਼੍ਰੀ ਪੁਰਸਕਾਰ ਹਾਸਿਲ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਨਮਾਨ ਦੇ ਨਾਲ ਜਿਥੇ ਇਨ•ਾਂ ਸਾਬਕਾ ਸਾਇੰਸਦਾਨਾਂ ਦਾ ਕੱਦ ਉੱਚਾ ਹੋਇਆ ਉਥੇ ਯੂਨੀਵਰਸਿਟੀ ਨੂੰ ਵੀ ਮਾਣ ਹਾਸਿਲ ਹੋਇਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿੱਚ ਡੀਨ, ਡਾਇਰੈਕਟਰ, ਸਾਇੰਸਦਾਨ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਦੇਸ਼ ਦੀ ਉਸਾਰੀ ਵਿੱਚ ਤਨਦੇਹੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਮਹੇ ਨੇ ਐਨ ਸੀ ਸੀ ਪਰੇਡ ਤੋਂ ਸਲਾਮੀ ਲੈਣ ਉਪਰੰਤ ਪਰੇਡ ਦਾ ਮੁਆਇਨਾ ਕੀਤਾ। ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੇ ਕੌਮੀ ਗੀਤ ਦੀ ਪੇਸ਼ਕਾਰੀ ਕੀਤੀ।