January 26, 2012 admin

ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਇੱਕ ਫੈਸਲਾਕੁਨ ਭੂਮਿਕਾ ਨਿਭਾਈ: ਨਕਈ

63ਵਾਂ ਗਣਤੰਤਰ ਦਿਵਸ ਧੂੰਮ-ਧਾਮ ਨਾਲ ਮਨਾਇਆ
ਫਤਹਿਗੜ੍ਹ ਸਾਹਿਬ: 26 ਜਨਵਰੀ : ”ਪੰਜਾਬੀਆਂ ਨੂੰ ਗੁਰੂਆਂ-ਪੀਰਾਂ, ਪੈਗੰਬਰਾਂ ਅਤੇ ਸੰਤਾ ਮਹਾਂਪੁਰਸ਼ਾਂ ਤੋਂ ਸੰਘਰਸ਼ ਅਤੇ ਕੁਰਬਾਨੀਆਂ ਦਾ ਜਜ਼ਬਾ ਵਿਰਾਸਤ ‘ਚ ਮਿਲਣ ਕਾਰਨ ਹੀ ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਇੱਕ ਫੈਸਲਾਕੁਨ ਭੂਮਿਕਾ ਨਿਭਾਈ, ਇਸੇ ਕਾਰਨ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ਼੍ਰੀ ਜਗਦੀਪ ਸਿੰਘ ਨਕਈ ਨੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਖੇ 63ਵੇਂ ਗਣਤੰਤਰ ਦਿਵਸ ਦੇ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਨਕਈ ਨੇ ਕਿਹਾ ਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਣ ਉਪਰੰਤ ਸਾਨੂੰ ਸੰਪੂਰਨ ਆਜ਼ਾਦੀ ਮਿਲੀ ਅਤੇ ਸੰਵਿਧਾਨ ਦੀ ਤਾਕਤ ਅਤੇ ਜ਼ਮਹੂਰੀ ਕਦਰਾਂ-ਕੀਮਤਾਂ ਪ੍ਰਤੀ ਸਾਡੇ ਵਿਸ਼ਵਾਸ਼ ਸਦਕਾ ਅਸੀਂ ਦੁਨੀਂਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਉਭਰੇ ਹਾਂ ਪਰ ਸਾਡੇ ਸਮਾਜ ਵਿੱਚ ਹਾਲੇ ਵੀ ਮੌਜੂਦ ਦਾਜ, ਭਰੂਣ ਹੱਤਿਆ, ਔਰਤਾਂ ‘ਤੇ ਅੱਤਿਆਚਾਰ, ਭ੍ਰਿਸ਼ਟਾਚਾਰ ਅਤੇ ਨਸ਼ੀਲੇ ਪਦਾਰਥਾਂ ਵਰਗੀਆਂ ਸਮਾਜਿਕ ਬੁਰਾਈਆਂ ਸਾਨੂੰ ਵਿਸ਼ਵ ਦੇ ਨਕਸ਼ੇ ‘ਤੇ ਇੱਕ ਅਗਾਂਹ ਵਧੁ ਰਾਸ਼ਟਰ ਵਜੋਂ ਉਭਰਨ ਦੇ ਰਾਹ ਵਿੱਚ ਅੜਿਕਾ ਬਣ ਰਹੀਆਂ ਹਨ। ਸ਼੍ਰੀ ਨਕਈ ਨੇ ਕਿਹਾ ਕਿ ਨੌਜਵਾਨਾਂ ਅੰਦਰ ਨਸ਼ਿਆਂ ਦੀ ਵੱਧ ਰਹੀ ਪ੍ਰਵਿਰਤੀ ਨੂੰ ਰੋਕਣ ਲਈ ਹੋਰ ਵੱਡੇ ਯਤਨ ਕਰਨ ਦੀ ਲੋੜ ਹੈ ਪਰ ਇਨ੍ਹਾਂ ਸਮਾਜਿਕ ਅਲਾਮਤਾਂ ਦਾ ਖ਼ਾਤਮਾਂ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਹੀ ਕੀਤਾ ਜਾ ਸਕਦਾ ਹੈ।
         ਮੁੱਖ ਸੰਸਦੀ ਸਕੱਤਰ ਨੇ ਗਣਤੰਤਰ ਦਿਵਸ ਦੇ ਅਵਸਰ ‘ਤੇ ਲੋਕਾਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉਹ ਲੋਕਤੰਤਰ ਦੀ ਮਜਬੂਤੀ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ, ਇਹ ਹੀ ਸਾਡੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਵਾਲੇ ਸਾਡੇ ਅਨੇਕਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
         ਪਰੇਡ ਵਿੱਚ ਪੰਜਾਬ ਪੁਲਿਸ ਦੀਆਂ 2, ਹੋਮ ਗਾਰਡਜ਼ ਦੀ 1, ਐਨ.ਸੀ.ਸੀ. ਦੀਆਂ 4, ਐਨ.ਐਸ.ਐਸ. ਦੀ 1 ਅਤੇ ਪੰਜਾਬ ਪੁਲਿਸ ਕਮਾਂਡੋ  ਬਹਾਦਰਗੜ੍ਹ (ਪਟਿਆਲਾ) ਦੇ ਬੈਂਡ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵੱਲੋਂ ਤਿਆਰ ਕਰਵਾਏ ਸਭਿਆਚਾਰਕ ਪ੍ਰੋਗਰਾਮ ਵਿੱਚ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਪਬਲਿਕ ਸਕੂਲ ਦੀਆਂ ਬੱਚੀਆਂ ਵੱਲੋਂ ਇੱਕ ਸ਼ਬਦ ਗਾਇਨ ਕੀਤਾ ਗਿਆ, ਸਰਕਾਰੀ ਹਾਈ ਸਕੂਲ ਸਰਹਿੰਦ ਦੀਆਂ ਬੱਚੀਆਂ ਵੱਲੋਂ ਵੰਦੇ ਮਾਤਰਮ, ਉਮਾ ਰਾਣਾ ਪਬਲਿਕ ਸਕੂਲ ਸੰਗੋਲ ਦੇ ਬੱਚਿਆਂ ਵੱਲੋਂ ਜਾਤੀਵਾਦ ‘ਤੇ ਅਧਾਰਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਸਰਕਾਰੀ ਸੀਨੀਅਰ (ਕੰਨਿਆਂ) ਸੈਕੰਡਰੀ ਸਕੂਲ ਬਸੀ ਪਠਾਣਾ, ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ ਸਰਹਿੰਦ ਮੰਡੀ, ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ, ਸੈਫਰਨ ਸਿਟੀ ਸਕੂਲ ਕੋਟਲਾ ਬਜਵਾੜਾ ਦੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਬੱਚਿਆਂ ਵੱਲੋਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਚੀਫ ਰੈਫਰੀ ਸ. ਸ਼ੁਭਕਰਨ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਮਾਰਸ਼ਲ ਆਰਟ ਗੱਤਕਾ ਪੇਸ਼ ਕੀਤਾ ਗਿਆ ਅਤੇ ਡੀ.ਏ.ਵੀ. ਪਬਲਿਕ ਸਕੂਲ ਚਨਾਥਲ ਖੁਰਦ ਦੀਆਂ ਬੱਚੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਸਰਕਾਰੀ ਹਾਈ ਸਕੂਲ ਸਰਹਿੰਦ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ, ਮਾਤਾ ਸੁੰਦਰੀ ਪਬਲਿਕ ਸਕੂਲ ਅੱਤੇਵਾਲੀ ਅਤੇ ਮਾਤਾ ਗੁਜ਼ਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ ਦੇ ਬੱਚਿਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ।
         ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਏ ਸ਼੍ਰੀ ਸੰਤ ਸਿੰਘ ਪਤੰਗਾ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ, ਪਰੇਡ ਕਮਾਂਡਰ ਡੀ.ਐਸ.ਪੀ. ਸ. ਬਲਵਿੰਦਰ ਸਿੰਘ ਰੰਧਾਵਾ, ਪਰੇਡ ਵਿੱਚ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਪਲਾਟੂਨ ਕਮਾਂਡਰਾਂ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਜ਼ਿਲ੍ਹੇ ਦੇ 25 ਦੇ ਕਰੀਬ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅਖ਼ੀਰ ਵਿੱਚ ਸਰਕਾਰੀ ਹਾਈ ਸਕੂਲ ਸਰਹਿੰਦ ਦੀਆਂ ਬੱਚੀਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਗਣਤੰਤਰ ਦਿਵਸ ਦੀ ਖੁਸ਼ੀ ਵਿੱਚ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਹਿੱਸਾ ਲੈਣ ਵਾਲੇ ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਅੱਜ ਦੇ ਇਸ ਸਮਾਰੋਹ ਵਿੱਚ ਆਜ਼ਾਦੀ ਘੁਲਾਟੀਏ, ਚੋਣ ਅਬਜ਼ਰਵਰ ਸ਼੍ਰੀ ਬੀ.ਆਰ. ਯਾਦਵ , ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ. ਜੀ.ਐਸ. ਗਿੱਲ, ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਸ਼੍ਰੀ ਬੀ.ਐਲ. ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ. ਸ਼ਿਵ ਦੁਲਾਰ ਸਿੰਘ ਢਿੱਲੋਂ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ਼੍ਰੀ ਅਰਵਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਚਾਹਲ, ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ, ਨਹਿਰੂ ਯੁਵਾ ਕੇਂਦਰ ਦੇ ਕੁਆਡੀਨੇਟਰ ਸ਼੍ਰੀ ਪਰਮਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ, ਸਕੂਲਾਂ ਤੇ ਕਾਲਜ਼ਾਂ ਦੇ ਪ੍ਰਿੰਸੀਪਲ, ਅਧਿਆਪਕ, ਸਕੂਲੀ ਬੱਚੇ, ਇਲਾਕਾ ਨਿਵਾਸੀ ਅਤੇ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
         ਅੱਜ ਜ਼ਿਲ੍ਹੇ ਦੀ ਸਬ ਡਵੀਜ਼ਨ ਅਮਲੋਹ ਵਿਖੇ ਐਸ.ਡੀ.ਐਮ. ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ, ਬਸੀ ਪਠਾਣਾ ਵਿਖੇ ਐਸ.ਡੀ.ਐਮ. ਸ਼੍ਰੀਮਤੀ ਨਵਜੋਤ ਕੌਰ ਅਤੇ ਖਮਾਣੋਂ ਵਿਖੇ ਤਹਿਸੀਲਦਾਰ ਸ਼੍ਰੀ ਮਨਦੀਪ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

Translate »