January 26, 2012 admin

ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਲਹਿਰਾਇਆ ਕੌਮੀ ਝੰਡਾ

ਸ਼ਾਨਦਾਰ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰੋਗਰਾਮ ਨੇ ਦਰਸ਼ਕਾਂ ਦੇ ਮਨ ਮੋਹੇ
ਬਠਿੰਡਾ, 26 ਜਨਵਰੀ -ਸਥਾਨਕ ਸਪੋਰਟਸ ਸਟੇਡੀਅਮ ਵਿਖੇ 63ਵੇਂ ਗਣਤੰਤਰ ਦਿਵਸ ਦੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਅਨੁਸਿਚਤ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਪੰਜਾਬ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਇਸ ਮੌਕੇ ਹੋਈ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਪਰੇਡ ਦੇ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਉਨ੍ਹਾਂ ਦੇ ਨਾਲ ਸਨ।
ਗਣਤੰਤਰ ਦਿਵਸ ਮੌਕੇ ਇਲਾਕਾ ਨਿਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਇਸ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਸਿਰਜਣ ਹਾਰਿਆਂ ਨੇ ਮੁਲਕ ਲਈ ਲੋਕਤੰਤਰ ਦਾ ਮੁੱਢ ਬੰਨ੍ਹਿਆ ਅਤੇ ਹਰੇਕ ਭਾਰਤੀ ਨੂੰ ਬਰਾਬਰੀ ਦੇ ਹੱਕ ਪ੍ਰਦਾਨ ਕੀਤੇ। ਸ੍ਰੀ ਰਣੀਕੇ ਨੇ ਕਿਹਾ ਕਿ ਇਸ ਸੰਵਿਧਾਨ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਹਾੜੇ ਹਰੇਕ ਭਾਰਤ ਵਾਸੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਆਜ਼ਾਦੀ ਦਿਵਾਉਣ ਲਈ ਵੱਡੀ ਗਿਣਤੀ ਵਿਚ ਦੇਸ਼ ਭਗਤਾਂ ਨੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ, ਜੇਲ੍ਹਾਂ ਕੱਟੀਆਂ ਤੇ ਤਸੀਹੇ ਝੱਲੇ। ਸ੍ਰੀ ਰਣੀਕੇ ਨੇ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਹਰੇਕ ਭਾਰਤੀ ਨੂੰ ਆਜ਼ਾਦ ਫ਼ਿਜ਼ਾ ਮਿਲੀ ਹੈ ਅਤੇ ਮੁਲਕ ਵਿਸ਼ਵ ਅੰਦਰ ਇਕ ਸੁਤੰਤਰ ਹਸਤੀ ਦਾ ਮਾਲਕ ਬਣ ਸਕਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਮੁਲਕ ਸਿਰਜੀਏ।
ਇਸ ਮੌਕੇ ਹੋਏ ਸ਼ਾਨਦਾਰ ਮਾਰਚ ਪਾਸਟ ਵਿਚ ਪੁਲਿਸ, ਮਹਿਲਾ ਪੁਲਿਸ, ਪੁਲਿਸ ਬੈਂਡ, ਹੋਮ ਗਾਰਡਜ਼, ਐਨ. ਸੀ. ਸੀ, ਸਕਾਊਟਸ ਤੇ ਗਾਈਡਜ਼ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਨੇ ਭਾਗ ਲਿਆ। ਸਮੁੱਚੀ ਪਰੇਡ ਦੀ ਅਗਵਾਈ ਡੀ. ਐਸ. ਪੀ. ਸ੍ਰੀ ਜਗਤਪ੍ਰੀਤ ਸਿੰਘ ਨੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਦਿਲਕਸ਼ ਝਾਕੀਆਂ ਕੱਢੀਆਂ ਗਈਆਂ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਪੀ. ਟੀ. ਸ਼ੋਅ, ਟਿੱਪਰੀ ਅਤੇ ਲੇਜ਼ੀਅਮ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਟੇਡੀਅਮ ‘ਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ, ਦਿੱਲੀ ਪਬਲਿਕ ਸਕੂਲ, ਸਕਰਾਰੀ ਸੀਨੀਅਰ ਸੈਕੰਡਰੀ ਸਕੂਲ (ਗ), ਸਿਲਵਰ ਓਕਸ ਸਕੂਲ, ਭੋਜ ਰਾਜ ਜੈਨ ਸਕੂਲ ਅਤੇ ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਇਸ ਮੌਕੇ ਮੁੱਖ ਮਹਿਮਾਨ ਵੱਲੋਂ ਵਿੱਦਿਆ ਤੇ ਖੇਡਾਂ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਸ੍ਰੀ ਰਣੀਕੇ ਨੇ ਗਣਤੰਤਰ ਦਿਵਸ ਮੌਕੇ ਪੁੱਜੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਵੱਖ-ਵੱਖ ਸਕੂਲਾਂ ਦੀਆਂ 150 ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਪਾ ਕੇ ਸਾਰਾ ਸਟੇਡੀਅਮ ਗੂੰਜਣ ਲਾ ਦਿੱਤਾ। ਅਖ਼ੀਰ ਵਿਚ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ ਜੋ ਯਾਦਗਾਰੀ ਹੋ ਨਿੱਬੜਿਆ। ਭੰਗੜੇ ਵਿਚ ਵੱਖ-ਵੱਖ ਸਕੂਲਾਂ ਦੇ 100 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਦੌਰਾਨ ਢੋਲ ਦੀ ਥਾਪ ‘ਤੇ ਸਟੇਡੀਅਮ ‘ਚ ਬੈਠਾ ਹਰੇਕ ਦਰਸ਼ਕ ਝੂਮ ਉਠਿਆ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
ਇਸ ਸਮਾਗਮ ‘ਚ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਐਸ. ਕੇ. ਅਗਰਵਾਲ, ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ‘ਚ ਤਾਇਨਾਤ ਆਬਜ਼ਰਵਰ ਸ੍ਰੀ ਵੀ. ਐਲ. ਕਾਂਤਾ ਰਾਓ, ਡਾ. ਪ੍ਰੇਮ ਸਿੰਘ, ਸ੍ਰੀ ਸ੍ਰੀਕਾਂਤ, ਸ੍ਰੀ ਜ਼ੋਰਮਵੀਆ, ਸ੍ਰੀ ਕੇ. ਕੇ. ਨਾਥ ਅਤੇ ਸ੍ਰੀ ਨਵੀਨ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਆਈ. ਏ. ਐਸ. ਸ੍ਰੀ ਕੁਮਾਰ ਅਮਿਤ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸ: ਹਰਜੀਤ ਸਿੰਘ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਮੈਡਮ ਸੰਦੀਪ ਕੌਰ ਟੀ ਜੀ ਟੀ ਅਤੇ ਮੈਡਮ ਸੰਦੀਪ ਕੌਰ ਅੰਗਰੇਜ਼ੀ ਲੈਕਚਰਾਰ ਵੱਲੋਂ ਬਾਖੂਬੀ ਨਿਭਾਇਆ ਗਿਆ।

Translate »