January 27, 2012 admin

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ 27 ਜਨਵਰੀ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਨ ਵਾਲੇ ਸੂਰਬੀਰ ਸਿਰਲੱਥ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇੜੇ ਚਾਟੀਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ ਵੱਲੋਂ ਕਥਾ ਦੁਆਰਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਭਾਈ ਬਲਦੇਵ ਸਿੰਘ, ਭਾਈ ਗੁਰਇਕਬਾਲ ਸਿੰਘ, ਬੀਬੀ ਬਲਜੀਤ ਕੌਰ ਤਲਵਾੜੇ ਵਾਲੇ ਤੇ ਬੀਬਾ ਆਸ਼ੂਪ੍ਰੀਤ ਕੌਰ ਜਲੰਧਰ ਵਾਲਿਆਂ ਵੱਲੋਂ ਇਲਾਹੀ ਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਸਿੱਧ ਕਵੀਜਨ, ਢਾਡੀ, ਕਵੀਸ਼ਰੀ ਜਥਿਆਂ ਵੱਲੋਂ ਬਾਬਾ ਜੀ ਦੇ ਜੀਵਨ ਅਧਾਰਤ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਦੇਰ ਰਾਤ ਤੀਕ ਹੋਏ ਪ੍ਰੋਗਰਾਮ ‘ਚ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਉਹਨਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਹਾਨਖਾਨ ਤੇ ਉਸ ਦੀਆਂ ਫੌਜਾਂ ਵੱਲੋਂ ਕੀਤੀ ਜਾ ਰਹੀ ਬੇਅਦਬੀ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਦੀ ਅਰਦਾਸ ਕੀਤੀ ਤੇ ਜਹਾਨਖਾਨ ਪਾਸੋਂ ਬਦਲਾ ਲੈਣ ਲਈ ਅੰਮ੍ਰਿਤਸਰ ਨੂੰ ਚੱਲ ਪਏ। ਉਹਨਾਂ ਕਿਹਾ ਕਿ ਅਸੀਂ ਉਸ ਮਹਾਨ ਸੂਰਬੀਰ ਯੋਧੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੋ ਕਿ ਸਿੱਖੀ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ, ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਅਤੇ ਗੁਰਧਾਮਾਂ ਦੀ ਰੱਖਿਆ ਖਾਤਰ ਸ਼ਹਾਦਤ ਇਤਿਹਾਸ ਦੀ ਵਿਲੱਖਣ ਦਾਸਤਾਨ ਹੈ।
ਉਹਨਾਂ ਕਿਹਾ ਕਿ ਆਉ! ਐਸੇ ਮਹਾਨ ਸੂਰਬੀਰ ਯੋਧਿਆਂ ਦੇ ਜਨਮ ਦਿਹਾੜੇ ਮਨਾਉਦਿਆਂ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਣੀ ਨੌਜੁਆਨ ਪੀੜੀ ਨੂੰ ਨਸ਼ਿਆਂ ਦੀ  ਦਲ-ਦਲ ਤੋਂ ਬਚਾਈਏ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਗੁਰੂ ਵਾਲੇ ਬਣੀਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਧਾਰਮਿਕ ਸਭਾ ਸੁਸਾਇਟੀਆਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਤੇ ਸ.ਬਾਵਾ ਸਿੰਘ ਗੁਮਾਨਪੁਰਾ ਨੇ ਬਾਬਾ ਜੀ ਦੀ ਤਸਵੀਰ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।
 ਇਸ ਮੌਕੇ ਐਡੀ:ਸਕੱਤਰ ਸ.ਮਨਜੀਤ ਸਿੰਘ, ਮੀਤ ਸਕੱਤਰ ਸ.ਸੁਖਦੇਵ ਸਿੰਘ, ਸ.ਹਰਭਜਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ, ਐਡੀ:ਮੈਨੇਜਰ ਸ.ਸੁਖਦੇਵ ਸਿੰਘ  ਤੇ ਸ.ਜਸਵਿੰਦਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਹਾਜਰ ਸਨ।

Translate »