ਅੰਮ੍ਰਿਤਸਰ, 27 ਜਨਵਰੀ, 2012 : ਘਰੇਲੂ ਗੈਸ ਦੀ ਸੁਰੱਖਿਅਤ ਵਰਤੋਂ ਅਤੇ ਗੈਸ ਨੂੰ ਸੁਚੱਜੇ ਢੰਗ ਨਾਲ ਵਰਤਣ ਦੇ ਵਿਸ਼ੇ ਉੱਤੇ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਅੱਜ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਜਗਦੇਵ ਗੈਸ ਏਜੰਸੀ ਵੱਲੋਂ ਆਏ ਹੋਏ ਮਾਹਿਰ ਸ. ਬਲਵਿੰਦਰ ਸਿੰਘ ਰਟੌਲ ਅਤੇ ਭਾਰਤ ਪੈਟਰੌਲੀਅਮ ਕਾਰਪੋਰੇਸ਼ਨ ਵੱਲੋਂ ਦਿਲੀਪ ਕੁਮਾਰ ਮੀਨਾ ਨੇ ਹੋਮ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿੱਚ ਬਹੁ-ਮੁੱਲੀ ਜਾਣਕਾਰੀ ਦਿੱਤੀ। ਇਨ੍ਹਾਂ ਮਾਹਰਾਂ ਨੇ ਇਕ ਖਾਸ ਡਰਿੱਲ ਦਾ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕੁਝ ਮੁਢਲੀਆਂ ਜਾਣਕਾਰੀਆਂ ਸਦਕਾ ਅਸੀਂ ਵੱਡੇ ਹਾਦਸੇ ਟਾਲ ਸਕਦੇ ਹਾਂ। ਉਨ੍ਹਾਂ ਨੇ ਜਿੱਥੇ ਗੈਸ ਦੀ ਸੁਰੱਖਿਅਤ ਵਰਤੋਂ ‘ਤੇ ਜ਼ੋਰ ਦਿੱਤਾ, ਉੱਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਗੈਸ ਦੀ ਸਹੀ ਵਰਤੋਂ ਕਰਕੇ ਗੈਸ ਅਤੇ ਪੈਸੇ ਦੀ ਬੱਜਤ ਵੀ ਕਰਨੀ ਚਾਹੀਦੀ ਹੈ। ਸੈਮੀਨਾਰ ਤੋਂ ਬਾਅਦ ਵਿੱਚ ਇੱਕ ਕੁਇਜ਼ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਜੇਤੂ ਉਮੀਦਵਾਰਾਂ ਨੁੰ ਡਾ. ਮਾਹਲ ਦੁਆਰਾ ਇਨਾਮ ਤਕਸੀਮ ਕੀਤੇ ਗਏ।