ਪਟਿਆਲਾ: 27 ਜਨਵਰੀ : ਪਟਿਆਲਾ ਦੇ ਯਾਦਵਿੰਦਰਾ ਸਟੇਡੀਅਮ ਵਿਖੇ 26 ਜਨਵਰੀ ਗਣਤੰਤਰ ਦਿਵਸ ਮੌਕੇ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ 17 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ।
ਸ੍ਰ: ਢੀਂਡਸਾ ਨੇ ਜਿਹਨਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਵਿੱਚ ਵਿਸ਼ਵ ਸਿਹਤ ਸੰਸਥਾ ਅਤੇ ਇੰਟਰਨੈਸ਼ਨਲ ਕਮੇਟੀ ਆਫ ਰੈਡ ਕਰਾਸ ਜੈਨੇਵਾ ਦੇ ਬੈਨਰ ਹੇਠ ਸਾਲ 2011 ਵਿੱਚ ਤਜ਼ਾਕਿਸਤਾਨ ਵਿੱਚ ਪੋਲਿਓ ਨਾਲ ਪੀੜ੍ਹਤ ਬੱਚਿਆਂ ਦੇ ਇਲਾਜ਼ ਲਈ ਚਾਰ ਮਹੀਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਜੁਆਇੰਟ ਸਕੱਤਰ ਸ੍ਰ: ਪ੍ਰਿਤਪਾਲ ਸਿੰਘ ਸਿੱਧੂ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਤੋਤਾ ਸਿੰਘ ਜਿਹਨਾਂ ਨੇ ਸਕੂਲ ਅੰਦਰ ਇੱਕ ਪ੍ਰਵਾਸੀ ਭਾਰਤੀ ਦੀ ਮਦਦ ਨਾਲ 18 ਲੱਖ ਰੁਪਏ ਦੀ ਲਾਗਤ ਵਾਲਾ ਮੁੱਕੇਬਾਜੀ ਰਿੰਗ ਬਣਵਾਇਆ ਅਤੇ ਸਕੂਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੜਕੀਆਂ ਨੇ ਦਾਖਲਾ ਲਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ 39 ਰਾਸ਼ਟਰੀ ਪੱਧਰ ‘ਤੇ ਅਤੇ 174 ਰਾਜ ਪੱਧਰੀ ਮੈਡਲ ਪ੍ਰਾਪਤ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਸ੍ਰ: ਢੀਂਡਸਾ ਨੇ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਪਟਿਆਲਾ ਦੇ ਮੁੱਖ ਅਧਿਆਪਕ ਰਜਨੀਸ਼ ਗੁਪਤਾ ਨੂੰ ਉਹਨਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਸਦਕਾ ਅਤੇ ਉਹਨਾਂ ਦੇ ਸਮੇਂ ਦੌਰਾਨ ਸਕੂਲ ਦੇ 150 ਵਿਦਿਆਰਥੀਆਂ ਵੱਲੋਂ ਸਾਇੰਸ ਮੁਕਾਬਲਿਆਂ ਅਤੇ ਵਿਗਿਆਨ ਪ੍ਰਦਰਸ਼ਨੀਆਂ ਵਿੱਚ ਤਹਿਸੀਲ ਪੱਧਰ ਤੇ ਰਾਜ ਪੱਧਰ ‘ਤੇ ਸਥਾਨ ਹਾਸਲ ਕਰਨ ਬਦਲੇ ਸਨਮਾਨਿਤ ਕੀਤਾ। ਸ੍ਰ: ਢੀਂਡਸਾ ਨੇ ਸ਼੍ਰੀਮਤੀ ਵਰਿੰਦਰਜੀਤ ਬਾਤਿਸ਼ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਕਟੋਰੀਆ (ਕੰਨਿਆਂ) ਪਟਿਆਲਾ ਨੂੰ ਇੱਕ ਵਧੀਆ ਲਿਖਾਰੀ ਹੋਣ ਅਤੇ ਉਨ੍ਹਾਂ ਵੱਲੋਂ ਲਿਖੇ ਗਏ 100 ਤੋਂ ਵੱਧ ਬਾਲ ਕਹਾਣੀਆਂ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਅਤੇ ਉਹਨਾਂ ਦੀ ਮਿਹਨਤ ਸਦਕਾ ਸਕੂਲ ਦਾ ਨਤੀਜ਼ਾ 100 ਫੀਸਦੀ ਰਹਿਣ ਬਦਲੇ ਸਨਮਾਨਿਤ ਕੀਤਾ। ਸਾਇੰਸ ਮਾਸਟਰ ਸ਼੍ਰੀ ਦਿਨੇਸ਼ ਕੁਮਾਰ ਸਰਕਾਰੀ ਹਾਈ ਸਕੂਲ ਟੋਡਰਪੁਰ ਨੂੰ ਬੋਰਡ ਦੇ ਨਤੀਜ਼ਿਆਂ ਤੋਂ ਵਧੀਆ ਨਤੀਜੇ ਆਉਣ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਮੁਕਾਬਲਿਆਂ ,ਵਿਗਿਆਨ ਪ੍ਰਦਰਸ਼ਨੀਆਂ ਅਤੇ ਪਹਾੜਿਆਂ ਦੇ ਮੁਕਾਬਲਿਆਂ ਵਿੱਚ ਬਲਾਕ ਪੱਧਰ, ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਬਦਲੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਪਟਿਆਲਾ ਦੀ ਐਸ.ਐਸ. ਮਿਸਟਰੈਸ ਸ਼੍ਰੀਮਤੀ ਸੁਮਨ ਬੱਤਰਾ ਨੂੰ ਇੱਕ ਵਧੀਆ ਅਧਿਆਪਕ ਹੋਣ ਦੇ ਨਾਤੇ ਇੱਕ ਵਧੀਆ ਬੁਲਾਰੇ ਅਤੇ ਸਮਾਜ ਸੇਵੀ ਹੋਣ ਕਰਕੇ ਸਨਮਾਨਿਤ ਕੀਤਾ। ਕੰਪਿਊਟਰ ਟੀਚਰ ਸਰਕਾਰੀ ਹਾਈ ਸਕੂਲ ਅਗੌਲ ਸ਼੍ਰੀ ਲੋਕੇਸ਼ ਕੁਮਾਰ ਨੂੰ ਮਿਹਨਤੀ ਅਧਿਆਪਕ ਹੋਣ ਅਤੇ ਸਕੂਲ ਦੀ ਕੰਪਿਊਟਰ ਲੈਬ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਸਨਮਾਨਿਤ ਕੀਤਾ ਗਿਆ । ਸ੍ਰ: ਢੀਂਡਸਾ ਨੇ ਸਰਕਾਰੀ ਹਾਈ ਸਕੂਲ ਉਗਾਣੀ ਦੇ ਅਧਿਆਪਕ ਸ਼੍ਰੀ ਕੁਲਦੀਪ ਸਿੰਘ ਨੂੰ ਇੱਕ ਮਿਹਨਤੀ ਅਧਿਆਪਕ ਹੋਣ ਦੇ ਨਾਲ-ਨਾਲ ਉਹਨਾਂ ਦੇ ਨਤੀਜ਼ੇ ਬੋਰਡ ਦੇ ਨਤੀਜ਼ਿਆਂ ਤੋਂ ਵਧੀਆ ਆਉਣ ਕਾਰਨ ਸਨਮਾਨਿਤ ਕੀਤਾ ਗਿਆ । ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਫਤਰ ਦੇ ਕਲਰਕ ਸ਼੍ਰੀ ਜਸਵਿੰਦਰ ਸਿੰਘ ਨੂੰ ਇੱਕ ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਹੋਣ ਅਤੇ ਆਪਣਾ ਕੰਮ ਸਮੇਂ ਸਿਰ ਨੇਪਰੇ ਚਾੜਨ ਕਾਰਨ ਸਨਮਾਨਿਤ ਕੀਤਾ ਗਿਆ । ਗਰੀਨ ਵੈਲ ਅਕੈਡਮੀ ਹਾਈ ਸਕੂਲ ਰਾਘੋ ਮਾਜਰਾ ਪਟਿਆਲਾ ਦੀ ਤੀਸਰੀ ਕਲਾਸ ਦੀ ਵਿਦਿਆਰਥਣ ਪ੍ਰਿਅੰਕਾ ਯਾਦਵ ਨੂੰ ਸਕੂਲ ਵਿੱਚੋਂ ਗੁੰਮ ਹੋਈ ਸੋਨੇ ਦੀ ਬਾਲੀ ਮਿਲਣ ‘ਤੇ ਸਕੂਲ ਦੇ ਪ੍ਰਿੰਸੀਪਲ ਨੂੰ ਸੌਂਪਣ ਬਦਲੇ ਉਸਦੀ ਇਮਾਨਦਾਰੀ ਕਾਰਨ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੇ 6ਵੀਂ ਜਮਾਤ ਦੇ ਵਿਦਿਆਰਥੀ ਕਿਰਪਾਲ ਸਿੰਘ ਨੂੰ ਰਾਜ ਪੱਧਰੀ ਸਾਇੰਸ ਇੰਸਪਾਇਰ ਅਵਾਰਡ ਵਿੱਚ ਚਾਰ ਵਾਰ ਭਾਗ ਲੈਣ ਬਦਲੇ ਸ੍ਰ: ਢੀਂਡਸਾ ਨੇ ਸਨਮਾਨਿਤ ਕੀਤਾ।
ਲੋਕ ਨਿਰਮਾਣ ਮੰਤਰੀ ਪੰਜਾਬ ਨੇ ਮੁੱਖ ਥਾਣਾ ਅਫਸਰ ਜੁਲਕਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੂੰ ਵੱਖ-ਵੱਖ 6 ਕੇਸਾਂ ਵਿੱਚ 39 ਕਿਲੋ ਅਫੀਮ, 44 ਕੁਇੰਟਲ 80 ਕਿਲੋ ਚੂਰਾ ਪੋਸਤ ਅਤੇ ਸਮੈਕ ਬਰਾਮਦ ਕਰਨ ਬਦਲੇ ਸਨਮਾਨਿਤ ਕੀਤਾ ਗਿਆ । ਟਰੈਫਿਕ ਪੁਲਿਸ ਵਿੱਚ ਐਸ.ਆਈ. ਪੁਸ਼ਪਾ ਦੇਵੀ ਨੂੰ ਜਿਥੇ ਟਰੈਫਿਕ ਨਿਯਮਾਂ ਦੀ ਉਲਘੰਣਾ ਕਰਨ ਵਾਲੇ 7 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਚਲਾਨ ਕਰਨ ਬਦਲੇ ਸਨਮਾਨਿਤ ਕੀਤਾ ਗਿਆ ਉਥੇ ਹੌਲਦਾਰ ਬਰਿੰਦਰਪਾਲ ਸਿੰਘ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਵਸਤੂਆਂ ਬਰਾਮਦ ਕਰਨ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਬਦਲੇ ਸਨਮਾਨਿਤ ਕੀਤਾ ਗਿਆ । ਹੌਲਦਾਰ ਰਾਮ ਸਿੰਘ ਥਾਣਾ ਸਿਵਲ ਲਾਈਨ ਪਟਿਆਲਾ ਨੂੰ ਵੱਖ-ਵੱਖ ਕੇਸਾਂ ਵਿੱਚ ਮਾਣਯੋਗ ਅਦਾਲਤਾਂ ਵੱਲੋਂ ਭਗੌੜੇ ਕਰਾਰ ਦਿੱਤੇ 85 ਇਸ਼ਤਿਹਾਰੀ ਮੁਜ਼ਰਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤਾਂ ਵਿੱਚ ਪੇਸ਼ ਕਰਨ ਕਾਰਨ ਸਨਮਾਨਿਤ ਕੀਤਾ ਗਿਆ । ਸ੍ਰ: ਢੀਂਡਸਾ ਨੇ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ ਨੂੰ 134 ਇਸ਼ਤਿਹਾਰੀ ਭਗੌੜੇ ਮੁਜ਼ਰਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਕਾਰਨ ਸਨਮਾਨਿਤ ਕੀਤਾ ਅਤੇ ਖੇੜੀ ਬਰਨਾਂ ਦੇ ਸਰਕਾਰੀ ਸਕੂਲ ਦੇ ਹੈਡ ਮਾਸਟਰ ਸ੍ਰ: ਗਿਆਨ ਸਿੰਘ ਨੂੰ ਇੱਕ ਬਹੁਤ ਹੀ ਹੋਣਹਾਰ, ਵਿਚਾਰਵਾਨ, ਲਗਨ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਹੈਡ ਮਾਸਟਰ ਵਜੋਂ ਅਤੇ ਸਕੂਲ ਦੇ 72 ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰ ‘ਤੇ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਬਦਲੇ ਸਨਮਾਨਿਤ ਕੀਤਾ ਗਿਆ ।