ਬਠਿੰਡਾ, 28 ਜਨਵਰੀ -ਜ਼ਿਲ੍ਹੇ ਦੇ ਛੇ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਮਾਈਕਰੋ ਅਬਜ਼ਰਵਰਾਂ ਦੇ 30 ਜਨਵਰੀ ਨੂੰ ਪੋਲਿੰਗ ਵਾਲੇ ਦਿਨ ਆਪੋ ਆਪਣੇ ਬੂਥਾਂ ‘ਤੇ ਸਮੇਂ ਸਿਰ ਪੁੱਜਣ ਲਈ ਰਿਟਰਨਿੰਗ ਅਫਸਰਾਂ ਵੱਲੋਂ ਟ੍ਰਾਂਸਪੋਰਟ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਮਾਈਕਰੋ ਅਬਜ਼ਰਵਰਾਂ ਦੇ ਜਾਣ ਲਈ ਟ੍ਰਾਂਸਪੋਰਟ ਦੇ ਸਾਧਨ ਬਠਿੰਡਾ ਦੇ ਬੱਸ ਸਟੈਂਡ, ਮਿੰਨੀ ਸਕੱਤਰੇਤ ਤੇ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਉਪਲੱਬਧ ਹੋਣਗੇ ਜੋ 30 ਜਨਵਰੀ ਨੂੰ ਤਕੜਸਾਰ ਨਿਸ਼ਚਿਤ ਪਲਾਨ ਅਨੁਸਾਰ ਚੱਲਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ‘ਚ ਤਾਇਨਾਤ ਮਾਈਕਰੋ ਅਬਜ਼ਰਵਰਾਂ ਦੇ ਸਬੰਧਤ ਬੂਥਾਂ ਉੱਪਰ ਪੁੱਜਣ ਲਈ ਗੱਡੀਆਂ ਜ਼ਿਮਨੇਜੀਅਮ ਹਾਲ ਪਾਲੀਟੈਕਨਿਕ ਕਾਲਜ ਬਠਿੰਡਾ ਤੋਂ ਸਵੇਰੇ 5-30 ਵਜੇ ਚੱਲਣਗੀਆਂ। ਇਸੇ ਤਰ੍ਹਾਂ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਮੌੜ ਸ੍ਰੀ ਪਵਨ ਕੁਮਾਰ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਲਈ ਤਾਇਨਾਤ ਮਾਈਕਰੋ ਅਬਜ਼ਰਬਰਾਂ ਨੂੰ ਡਿਊਟੀ ਵਾਲੇ ਸਥਾਨ ‘ਤੇ ਛੱਡਣ ਲਈ ਗੱਡੀਆਂ ਸਵੇਰੇ 4-30 ਵਜੇ ਮਿੰਨੀ ਸਕੱਤਰੇਤ ਦੇ ਤਹਿਸੀਲ ਵਾਲੇ ਪਾਸੇ ਤੋਂ ਚੱਲਣਗੀਆਂ। ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਬਠਿੰਡਾ ਸ਼ਹਿਰੀ ਸ੍ਰੀ ਐਚ.ਐਸ ਕੰਧੋਲਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਲਈ ਤਾਇਨਾਤ ਮਾਈਕਰੋ ਅਬਜ਼ਰਵਰਾਂ ਨੂੰ ਪੋਲਿੰਗ ਵਾਲੇ ਦਿਨ ਡਿਊਟੀ ਵਾਲੀ ਥਾਂ ਪਹੁੰਚਾਉਣ ਲਈ ਗੱਡੀਆਂ ਪਾਲੀਟੈਕਨਿਕ ਕਾਲਜ ਦੇ ਆਡੀਟੋਰੀਅਮ ਪਾਸੋਂ ਸਵੇਰੇ 5 ਵਜੇ ਰਵਾਨਾ ਹੋਣਗੀਆਂ ਤਾਂ ਜੋ ਇਹ ਅਬਜ਼ਰਵਰ ਸਮੇਂ ਸਿਰ ਆਪੋ-ਆਪਣੇ ਬੂਥਾਂ ਉੱਪਰ ਪੁੱਜ ਸਕਣ।
ਵਿਧਾਨ ਸਭਾ ਹਲਕਾ ਭੁੱਚੋ ਲਈ ਤਾਇਨਾਤ ਮਾਈਕਰੋ ਅਬਜ਼ਰਵਰਾਂ ਲਈ ਚਾਰ ਬੱਸਾਂ ਪਾਲੀਟੈਕਨਿਕ ਕਾਲਜ ਤੋਂ ਸਵੇਰੇ 4-00 ਵਜੇ ਚੱਲਣਗੀਆਂ। ਵਧੀਕ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਭੁੱਚੋ ਸ੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਨਿਸ਼ਚਿਤ ਪਲਾਨ ਅਨੁਸਾਰ ਇਹ ਬੱਸਾਂ ਨਿਰਧਾਰਿਤ ਸਮੇਂ ਅਨੁਸਾਰ ਬੂਥਾਂ ਉੱਪਰ ਇਨ੍ਹਾਂ ਮਾਈਕਰੋ ਅਬਜ਼ਰਵਰਾਂ ਨੂੰ ਛੱਡਣ ਲਈ ਤੁਰਨਗੀਆਂ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਲਈ ਤਾਇਨਾਤ ਮਾਈਕਰੋ ਅਬਜ਼ਰਵਰਾਂ ਦੇ ਪੋਲਿੰਗ ਵਾਲੇ ਦਿਨ ਆਪੋ-ਆਪਣੇ ਬੂਥਾਂ ਉੱਪਰ ਸਮੇਂ ਸਿਰ ਪੁੱਜਣ ਲਈ ਬੱਸਾਂ ਸਥਾਨਕ ਬੱਸ ਸਟੈਂਡ ਤੋਂ ਸਵੇਰੇ 4-30 ਵਜੇ ਤੁਰਨਗੀਆਂ। ਇਨ੍ਹਾਂ ਬੱਸਾਂ ਦੀ ਸ਼ਨਾਖਤ ਲਈ ਇਨ੍ਹਾਂ ਉੱਪਰ ‘ਮਾਈਕਰੋ ਅਬਜ਼ਰਵਰ’ ਤੇ ਦੋਵਾਂ ਵਿਧਾਨ ਸਭਾ ਹਲਕਿਆਂ ਦਾ ਨਾਂ ਲਿਖਿਆ ਹੋਵੇਗਾ।