ਅਕਾਲੀ-ਭਾਜਪਾ ਗਠਜੋੜ ਦੀ ਇਤਿਹਾਸਕ ਜਿੱਤ ਹੋਵੇਗੀ : ਬਾਦਲ
ਚੰਡੀਗੜ੍ਹ, 29 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਹੈ ਕਿ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, 16 ਲੱਖ ਗਰੀਬ ਪਰਿਵਾਰਾਂ ਨੂੰ ਮੁਫਤ ਇਲਾਜ, ਚੋਣਵੇਂ ਖਿਡਾਰੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫਾ, ਵਿਦਿਆਰਥੀਆਂ ਨੂੰ ਮੁਫਤ ਲੈਪਟਾਪ, ਕਿਸਾਨਾਂ ਨੂੰ ਤੁਰੰਤ ਬਿਜਲੀ ਕੁਨੈਕਸ਼ਨ ਤੇ ਪ੍ਰਾਵੀਡੈਂਟ ਫੰਡ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 31000 ਹਜ਼ਾਰ ਰੁਪਏ ਕਰਨ ਦੇ ਫੈਸਲੇ ਇਨ੍ਹਾਂ ਚੋਣਾਂ ਤੋਂ ਬਾਅਦ ਬਣਨ ਵਾਲੀ ਅਕਾਲੀ-ਭਾਜਪਾ ਸਰਕਾਰ ਮਾਰਚ ਮਹੀਨੇ ਵਿਚ ਹੋਣ ਵਾਲੀ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਕਰ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਵੱਡੀ ਜਿੱਤ ਨਾਲ ਪੰਜਾਬ ਵਿਚ ਮੁੜ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗਾ ਅਤੇ ਹਰ ਹਲਕੇ ਵਿਚ ਵੋਟਾਂ ਦਾ ਫਰਕ ਐਡਾ ਵੱਡਾ ਹੋਵੇਗਾ ਕਿ ਸਖ਼ਤ ਮੁਕਾਬਲੇ ਹੋਣ ਦੀ ਭਵਿੱਖਬਾਣੀ ਕਰ ਰਹੇ ਵਿਅਕਤੀਆਂ ਨੂੰ ਹੈਰਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਬਰੀਕੀ ਨਾਲ ਆਪਣਾ ਕੰਮ ਮੁਕਾ ਲਿਆ ਹੈ ਅਤੇ ਹੁਣ ਸੋਮਵਾਰ ਨੂੰ ਆਖਰੀ ਹਮਲੇ ਲਈ ਬਿਲਕੁਲ ਤਿਆਰ ਬਰ ਤਿਆਰ ਹਨ। ਹੇਠਲੀ ਪੱਧਰ ਤੱਕ ਹਰ ਪ੍ਰਬੰਧ ਹੋ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਜਿੱਤ ਮਿਲ ਰਹੀ ਹੈ ਉਹ ਭੋਰਾ ਵੀ ਜੌਖਮ ਨਹੀਂ ਉਠਾਉਣਾ ਚਾਹੁੰਦੇ ਅਤੇ ਜਿੱਤ ਦੇ ਫਰਕ ਨੂੰ ਹੋਰ ਵਧਾਉਣ ਲਈ ਆਖਰੀ ਦਮ ਤੱਕ ਪੂਰਾ ਜ਼ੋਰ ਲਾ ਰਹੇ ਹਨ।
ਅੱਜ ਇਥੋਂ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ, ”ਜਿਵੇਂ ਅਸੀਂ 1997 ਵਿਚ ਕਿਸਾਨਾਂ ਦੇ ਟਿਊਬਵੈਲਾਂ ਲਈ ਮੁਫਤ ਬਿਜਲੀ ਦੇਣ ਅਤੇ ਦਲਿਤ ਲੜਕੀਆਂ ਲਈ ਸ਼ਗਨ ਸਕੀਮ ਦੇਣ ਅਤੇ 2007 ਵਿਚ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਉਤੇ ਆਟਾ-ਦਾਲ ਦੇਣ ਦੇ ਫੈਸਲੇ ਪਹਿਲੀਆਂ ਕੈਬਨਿਟ ਮੀਟਿੰਗਾਂ ਵਿਚ ਹੀ ਕਰ ਲਏ ਸਨ ਉਸੇ ਤਰ੍ਹਾਂ ਹੀ ਇਸ ਵਾਰ ਨੌਵੀਂ ਤੇ ਦਸਵੀਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਦੇਣ ਅਤੇ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇਣ ਵਰਗੇ ਸਮਾਜ ਭਲਾਈ ਦੇ ਫੈਸਲਿਆਂ ਸਮੇਤ ਉਪਰੋਕਤ ਸਾਰੇ ਫੈਸਲੇ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਕਰ ਲਏ ਜਾਣਗੇ। ਸਾਡੀ ਪਿਛਲੀ ਕਾਰਗੁਜ਼ਾਰੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਸਰਕਾਰ ਦੇ ਚੌਥੇ ਜਾਂ ਪੰਜਵੇਂ ਸਾਲ ਵਿਚ ਚੋਣ ਵਾਅਦੇ ਪੂਰੇ ਕਰਨ ਵਿਚ ਯਕੀਨ ਨਹੀਂ ਰੱਖਦੇ।
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਪੈਦਾਵਾਰ ਵਧਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਬਿਨ੍ਹਾਂ ਅਕਾਲੀ-ਭਾਜਪਾ ਸਰਕਾਰ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ, ਨਸ਼ਿਆਂ ਦੀ ਲਾਹਨਤ ਖਤਮ ਕਰਨ, ਕੈਂਸਰ ਨੂੰ ਨੱਥ ਪਾਉਣ ਅਤੇ ਭਰੂਣ ਹੱਤਿਆ ਦੇ ਖਾਤਮੇ ਵੱਲ ਵੀ ਵਿਸ਼ੇਸ਼ ਧਿਆਨ ਦੇਵੇਗੀ।
ਸਰਦਾਰ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ, ਨਿਰਪੱਖ ਅਤੇ ਆਜ਼ਾਦ ਰਹਿੰਦਿਆਂ ਆਪਣੀ ਵੋਟ ਦਾ ਇਸਤੇਮਾਲ ਹਰ ਹਾਲਤ ਵਿਚ ਕਰਨ। ਉਨ੍ਹਾਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਤੰਤਰੀ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਹੋਇਆਂ ਵੋਟਾਂ ਭੁਗਤਾਉਣ ਦੀ ਕਮਾਂਡ ਸੰਭਾਲਣ।