January 29, 2012 admin

ਵੋਟਰ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ: ਜ਼ਿਲ੍ਹਾ ਚੋਣ ਅਫਸਰ

ਫਤਹਿਗੜ੍ਹ ਸਾਹਿਬ: 29 ਜਨਵਰੀ : 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਦੀਆਂ ਟੀਮਾਂ ਸਬੰਧਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ 30 ਜਨਵਰੀ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਜ਼ਿਲ੍ਹੇ ਵਿੱਚ 3 ਲੱਖ 68 ਹਜ਼ਾਰ 279 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਚੋਣ ਲੜ ਰਹੇ 28 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ। ਇਹਨਾਂ ਵੋਟਰਾਂ ਵਿੱਚ 1 ਲੱਖ 95 ਹਜ਼ਾਰ 687 ਮਰਦ ਅਤੇ 1 ਲੱਖ 72 ਹਜ਼ਾਰ 592 ਔਰਤਾਂ ਹਨ। ਜ਼ਿਲ੍ਹਾ ਚੋਣ ਅਫਸਰ ਸ਼੍ਰੀ ਮਹਾਜਨ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਅਤੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਅਮਲ ਨੂੰ ਪੂਰੀ ਨਿਰਪੱਖਤਾ ਅਤੇ ਸ਼ਾਂਤੀ ਨਾਲ ਨੇਪਰੇ ਚਾੜਨ ਅਤੇ ਸਮੂਹ ਵੋਟਰ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।  
         ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਨੇਪਰੇ ਚਾੜਨ ਲਈ ਜ਼ਿਲ੍ਹੇ ਵਿੱਚ 347 ਪੋਲਿੰਗ ਸਟੇਸ਼ਨਾਂ ਦੀ ਸਥਾਪਨਾਂ ਕੀਤੀ ਗਈ ਹੈ ਜਿਨ੍ਹਾਂ ਵਿੱਚ 438 ਬੂਥ ਬਣਾਏ ਜਾਣਗੇ ਅਤੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ 2400 ਦੇ ਕਰੀਬ ਚੋਣ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸੁਰੱਖਿਆ ਪ੍ਰਬੰਧਾਂ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
         ਸ਼੍ਰੀ ਮਹਾਜਨ ਨੇ ਦੱÎਸਿਆ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾ (ਰਿਜ਼ਰਵ) ਵਿੱਚ 1 ਲੱਖ 26 ਹਜ਼ਾਰ 376 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਜਿਨ੍ਹਾਂ ਵਿੱਚੋਂ 67 ਹਜ਼ਾਰ 420 ਮਰਦ ਅਤੇ 58 ਹਜ਼ਾਰ 956 ਔਰਤਾਂ ਹਨ ਅਤੇ ਵਿਧਾਨ ਸਭਾ ਹਲਕਾ 55-ਫਤਹਿਗੜ੍ਹ ਸਾਹਿਬ ਵਿੱਚ 1 ਲੱਖ 28 ਹਜ਼ਾਰ 998 ਵੋਟਰਾਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚੋਂ 68 ਹਜ਼ਾਰ 194 ਮਰਦ ਅਤੇ 60 ਹਜ਼ਾਰ 804 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 56-ਅਮਲੋਹ ਵਿੱਚ 1 ਲੱਖ 12 ਹਜ਼ਾਰ 905 ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚੋਂ 60 ਹਜ਼ਾਰ 73 ਮਰਦ ਅਤੇ 52 ਹਜ਼ਾਰ 832 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਅਬਜ਼ਰਵਰ ਸਾਰੀ ਚੋਣ ਪ੍ਰਕਿਰਿਆ ‘ਤੇ ਤਿੱਖੀ ਨਜ਼ਰ ਰੱਖਣਗੇ।
         ਵਿਧਾਨ ਸਭਾ ਚੋਣਾਂ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਜ਼ਿਲ੍ਹੇ ਦੇ ਐਸ.ਐਸ.ਪੀ. ਸ਼੍ਰੀ ਬੀ.ਐਲ. ਮੀਣਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1400 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਗੁਜਰਾਤ ਪੁਲਿਸ ਦੀਆਂ ਤਿੰਨ ਕੰਪਨੀਆਂ, ਪੱਛਮੀ ਬੰਗਾਲ ਪੁਲਿਸ ਦੀਆਂ ਦੋ ਅਤੇ ਸੀ.ਆਰ.ਪੀ.ਐਫ. ਦੀਆਂ ਵੀ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਰਧ ਸੁਰੱਖਿਆ ਬਲਾਂ ਦੇ ਨਾਲ ਫਤਹਿਗੜ੍ਹ ਸਾਹਿਬ ਪੁਲਿਸ ਦੇ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ 41 ਪੈਟ੍ਰੋਲਿੰਗ ਪਾਰਟੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸ਼੍ਰੀ ਮੀਣਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਬਾਹਰ ਦੇ ਰਾਜ ਜਾਂ ਜ਼ਿਲ੍ਹੇ ਦੇ ਵਿਅਕਤੀ ਨੂੰ ਆਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਚੋਣ ਅਮਲ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਚੇ ਚਾੜਨ ਲਈ ਪੁਲਿਸ ਪ੍ਰਸਾਸ਼ਨ ਨੂੰ ਪੂਰਨ ਸਹਿਯੋਗ ਦੇਣ।

Translate »