January 31, 2012 admin

ਸ਼ਹੀਦਾਂ ਦੇ ਦਰਸਾਏ ਰਸਤਿਆਂ ‘ਤੇ ਚਲ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ- ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ

ਕਪੂਰਥਲਾ, 30 ਜਨਵਰੀ: ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਨ ਨੂੰ ਰਾਸ਼ਟਰੀ ਸ਼ਹੀਦੀ ਦਿਵਸ ਵਜੋਂ ਮਨਾਉਂਦਿਆਂ ਜ਼ਿਲ੍ਹਾ ਪੱਧਰ ਦਾ ਸ਼ਰਧਾਂਜਲੀ ਸਮਾਗਮ ਜ਼ਿਲ੍ਹਾ ਕਹਿਚਰੀ ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ। ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਕਪੂਰਥਲਾ, ਸ੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਸਤੀਸ਼ ਚੰਦਰ ਵਸਿਸ਼ਟ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ. ਮਨੋਹਰ ਸਿੰਘ ਮੁੱਖ ਖਤੀਬਾੜੀ ਅਫ਼ਸਰ, ਡਾ. ਜੇ. ਐੱਸ. ਘੁੰਮਣ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਸ਼੍ਰੀ ਅਰਵਿੰਦਰਪਾਲ ਸਿੰਘ ਤਹਿਸੀਲਦਾਰ ਕਪੂਰਥਲਾ ਨੇ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੀ ਤਸਵੀਰ ‘ਤੇ ਫੁੱਲ ਭੇਂਟ ਕੀਤੇ।ਇਸ ਮੌਕੇ ‘ਤੇ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਹੈ ਦੋ ਮਿੰਟ ਦਾ ਮੋਨ ਧਾਰਨ ਕਰਕੇ ਰਾਸ਼ਟਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ।
         ਇਸ ਮੌਕੇ ਬੋਲਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਨ ਨੂੰ ਹਰ ਸਾਲ ਦੇਸ਼ ਦੇ ਉਹਨਾਂ ਸ਼ਹੀਦਾਂ ਦੀ ਯਾਦ ਵੱਜੋਂ ਮਨਾਇਆ ਜਾਂਦਾ ਹੈ, ਜਿੰਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਤਸੀਹੇ ਝੱਲੇ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ।
         ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਲੜਾਈ ਲੜੀ । ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਸਾਰੇ ਫਿਰਕਿਆਂ ਨੇ ਹਿੱਸਾ ਪਾਇਆ ਅਤੇ ਕੁਰਬਾਨੀਆਂ ਦਿੱਤੀਆਂ।ਅਨੇਕਾਂ ਦੇਸ਼ ਵਾਸੀਆਂ, ਸੂਰਬੀਰਾਂ, ਯੋਧਿਆਂ, ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਅਨੇਕਾਂ ਤਸੀਹੇ ਸਹੇ । ਕਈਆਂ  ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਆਪਣਾ ਸਮੁੱਚਾ ਜੀਵਨ ਲਗਾ ਦਿੱਤਾ । ਸ਼ਹੀਦ ਭਗਤ ਸਿੰਘ, ਰਾਜਗੂਰੁ, ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਬੱਬਰ ਲਹਿਰ ਦੇ ਸ਼ਹੀਦ, ਕੂਕਾ ਲਹਿਰ ਦੇ ਸ਼ਹੀਦਾਂ, ਕਾਲੇ ਪਾਣੀਆਂ ਦੇ ਸ਼ਹੀਦਾਂ ਅਤੇ ਹੋਰ ਬਹੁਤ ਸਾਰੇ ਆਜ਼ਾਦੀ ਪਰਵਾਨਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਡਮੁੱਲਾ ਯੋਗਦਾਨ ਪਾਇਆ ।
         ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ  ਹਾਜ਼ਰ ਵਿਅਕਤੀਆਂ ਨੂੰ ਯਾਦ ਦਿਵਾਉਂਦਿਆਂ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਦੇਸ਼ ਦੇ ਹੋਰ ਕਈ ਨੇਤਾਵਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਅਤੇ ਬਹੁਤ ਸਾਰੀਆਂ ਮੁਸੀਬਤਾਂ ਦਾ ਖਿੜੇ ਮੱਥੇ ਮੁਕਾਬਲਾ ਕੀਤਾ । ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ । ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਭਾਰਤ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ 1942 ਵਿੱਚ ਸ਼ੁਰੂ ਕੀਤੀ ਗਈ ਨਾ-ਮਿਲ ਵਰਤਣ ਲਹਿਰ ਸਦਕਾ ਅੰਗਰੇਜ ਭਾਰਤ ਨੂੰ ਛੱਡਣ ਲਈ ਮਜਬੂਰ ਹੋ ਗਏ । ਅੱਜ ਦੇ ਦਿਨ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨਾ ਤੇ ਉਨ੍ਹਾਂ ਦੇ ਦਰਸਾਏ ਰਸਤਿਆਂ ‘ਤੇ ਚਲ ਕੇ ਬੜੀਆਂ ਕੁਰਬਾਨੀਆਂ ਸਦਕਾ ਮਿਲੀ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।

Translate »