ਅੰਮ੍ਰਿਤਸਰ 31 ਜਨਵਰੀ:- ਅਖੌਤੀ ਸਤਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਦਫਤਰ ‘ਚ ਆ ਕੇ ਕੀਤੀ ਗੁੰਡਾਗਰਦੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਵੱਲੋਂ ਗੰਭੀਰ ਨੋਟਿਸ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਰਲੀਜ ਰਾਹੀਂ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪਬਲੀਕੇਸ਼ਨ ਜੋ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੈ ਅਖੌਤੀ ਸਤਕਾਰ ਕਮੇਟੀ ਦੇ ਆਪੇ ਬਣੇ ਮੈਂਬਰ ਬਲਵੀਰ ਸਿੰਘ ਮੁੱਛਲ ਤੇ ਗੁਰਨਾਮ ਸਿੰਘ ਆਪਣੇ 25-30 ਬੰਦਿਆਂ ਨਾਲ ਜੋ ਕਿਰਪਾਨਾਂ, ਬਰਛੇ ਤੇ ਡਾਂਗਾ ਨਾਲ ਲੈਸ ਸਨ ਆਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮ ਸ.ਕਰਨਜੀਤ ਸਿੰਘ ਇੰਚਾਰਜ, ਗੁਰਬਚਨ ਸਿੰਘ ਵਲੀਪੁਰ ਸੁਪਰਵਾਈਜਰ ਤੇ ਮੇਹਰ ਸਿੰਘ ਨੂੰ ਬਿਨਾਂ ਵਜਾ ਅਸ਼ਲੀਲ ਗਾਲਾਂ ਕਢੱਣੀਆਂ ਸੁਰੂ ਕਰ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮਾਂ ਵੱਲੋਂ ਵਾਰ-ਵਾਰ ਮਨਾਂ ਕਰਨ ਤੇ ਇਹਨਾਂ ਲੋਕਾਂ ਨੇ ਮੁਲਾਜਮ ਕਰਨਜੀਤ ਸਿੰਘ ਤੇ ਗੁਰਬਚਨ ਸਿੰਘ ਵਲੀਪੁਰ ਉਪਰ ਹਮਲਾ ਕਰ ਦਿਤਾ, ਉਹਨਾਂ ਬੜੀ ਮੁਸ਼ਕਲ ਨਾਲ ਭੱਜਕਿ ਕਮਰੇ ਅੰਦਰੋਂ ਕੁੰਡੀ ਬੰਦ ਕਰਕੇ ਦਫਤਰ ਇਤਲਾਹ ਦਿੱਤੀ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਕੇ ਆਪਣੇ ਮੁਲਾਜਮਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਤੇ ਅਖੌਤੀ ਸਤਿਕਾਰ ਕਮੇਟੀ ਮੈਂਬਰਾਂ ਨੂੰ ਫੜਕੇ ਪੁਲੀਸ ਹਵਾਲੇ ਕੀਤਾ ਗਿਆ। ਇਸ ਤਰਾਂ ਤਕਰੀਬਨ 35-40 ਮਿੰਟ ਇਹਨਾਂ ਗੁੰਡਿਆਂ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਦਿਆਂ ਕਿਰਪਾਨਾਂ ਤੇ ਬਰਛਿਆਂ ਨਾਲ ਖੂਨ ਦੀ ਹੋਲੀ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਵੱਲੋਂ ਕੀਤੀ ਇਸ ਘਿਨਾਉਣੀ ਹਰਕਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਸੱਟਾਂ ਵੀ ਲੱਗੀਆਂ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀਦਾ ਧਾਰਮਿਕ ਜਥੇਬੰਦੀ ਹੈ ਤੇ ਕਿਸੇ ਵੀ ਅਖੌਤੀ ਜਥੇਬੰਦੀ ਨੂੰ ਇਸ ਦੇ ਕੰਮਕਾਜ ਵਿਚ ਦਖਲ ਅੰਦਾਜੀ ਨਹੀ ਕਰਨ ਦਿੱਤੀ ਜਾਵੇਗੀ ਤੇ ਜੇਕਰ ਕਿਸੇ ਨੂੰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਮੁਲਾਜਮ ਦੇ ਕੰਮਕਾਜ ਤੇ ਇਤਰਾਜ ਹੋਵੇ ਤਾਂ ਉਹ ਮਹਿਕਮੇ ਦੇ ਸਬੰਧਤ ਸਕੱਤਰ, ਮੇਰੇ ਨਾਲ ਜਾਂ ਮਾਨਯੋਗ ਪ੍ਰਧਾਨ ਸਾਹਿਬ ਨਾਲ ਗੱਲ ਕਰ ਸਕਦਾ ਹੈ, ਪ੍ਰੰਤੂ ਕਿਸ ਵੀ ਅਖੌਤੀ ਜਥੇਬੰਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮ ਦੇ ਗਲ ਪੈਣ ਦੀ ਇਜਾਜਤ ਹਰਗਿਜ ਨਹੀ ਦਿਤੀ ਜਾਵੇਗੀ।
ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਇਕ ਪਬਲੀਸ਼ਰ ਵੱਲੋਂ ਅਜਨਾਲਾ ਕੋਲ ਇਕ ਗੱਤਾ ਫੈਕਟਰੀ ਨੂੰ ਵੇਚੀ ਗਈ ਰੱਦੀ ਵਿੱਚ ਕੁਝ ਗੁਟਕੇ ਸਾਹਿਬ ਤੇ ਸੈਂਚੀਆਂ ਦੇ ਅੰਗ (ਪੱਤਰੇ) ਹੋਣ ਦੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੀ ਸੀ ਤੇ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਮਰਯਾਦਾ ਨੂੰ ਮੁੱਖ ਰੱਖਦਿਆਂ ਤੁਰੰਤ ਪਾਲਕੀ ਸਾਹਿਬ ਵਾਲੀ ਗੱਡੀ ਤੇ ਨਾਲ ਕੁਝ ਮੁਲਾਜਮ ਭੇਜੇ ਗਏ ਸਨ, ਜਿੰਨਾਂ ਨੇ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਪਹਿਲਾਂ ਪੁਲੀਸ ਥਾਣਾ ਕੁਕੜਾਂਵਾਲਾ ਵਿਖੇ ਇਤਲਾਹ ਦਿਤੀ ਤੇ ਫੇਰ ਗੱਤਾ ਫੈਕਟਰੀ ਵਿਚ ਜਾ ਕਿ ਗੁਟਕੇ ਸਾਹਿਬ ਤੇ ਸੰਚੀਆਂ ਦੇ ਅੰਗ (ਪੱਤਰੇਆਂ) ਦੀ ਸਾਂਭ ਸੰਭਾਲ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਵਿਚ ਰੱਖੇ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਆਪ ਮੌਕੇ ਤੇ ਪਹੁੰਚ ਕੇ ਡੀ.ਐਸ.ਪੀ. ਅਜਨਾਲਾ ਨੂੰ ਟੈਲੀਫੂਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿਤੀ, ਪ੍ਰੰਤੂ ਕੁਝ ਨਾਮ ਧਰੀਕ ਜਥੇਬੰਦੀਆਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਮੇਂ ਸਿੱਖ ਸੰਗਤਾਂ ਵੱਲੋਂ ਨਕਾਰੀਆਂ ਜਾ ਚੁੱਕੀਆਂ ਹਨ ਆਪਣਾ ਨਾਮ ਜਿੰਦਾ ਰੱਖਣ ਲਈ ਕੋਈ ਨਾ ਕੋਈ ਬਹਾਨਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਤੇ ਇਸੇ ਤਰਾਂ ਇਹਨਾਂ ਅਖੌਤੀ ਜਥੇਬੰਦੀਆਂ ਵੱਲੋਂ ਗੁਰੂ ਘਰ ਦੀ ਪਾਲਕੀ ਸਾਹਿਬ ਵਾਲੀ ਗੱਡੀ ਜਿਸ ਨੂੰ ਸੰਗਤ ਮੱਥਾ ਟੇਕਦੀ ਹੈ ਨੂੰ ਅਜਨਾਲੇ ਥਾਣੇ ਬੰਦ ਕਰਵਾ ਦਿੱਤਾ।
ਉਹਨਾਂ ਕਿਹਾ ਕਿ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਦਿੱਤੀ ਗਈ ਹੈ ਤੇ ਅਖੌਤੀ ਸਤਿਕਾਰ ਕਮੇਟੀ ਦੇ ਬੰਦੇ ਵੀ ਪੁਲੀਸ ਹਵਾਲੇ ਕਰ ਦਿਤੇ ਹਨ ਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਕਰਵਾਈ ਜਾ ਰਹੀ ਹੈ।