February 1, 2012 admin

ਖੇਤੀ ਵਿਗਿਆਨੀਆਂ ਵੱਲੋਂ ਨਵੇਂ ਸਜਾਵਟੀ ਬੂਟੇ ਫਰਵਰੀ ਮਹੀਨੇ ਵਿੱਚ ਲਾਉਣ ਦੀ ਸਲਾਹ

ਲੁਧਿਆਣਾ: 1 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਵਿਗਿਆਨੀਆਂ ਨੇ ਘਰਾਂ ਦੇ ਵਿਹੜਿਆਂ ਦੀ ਸਜਾਵਟ ਦੇ ਨਾਲ ਨਾਲ ਗਮਲਿਆਂ ਵਾਲੇ ਅਤੇ ਸਜਵਾਟੀ ਬੂਟੇ ਫਰਵਰੀ ਵਿੱਚ ਲਾਉਣ ਦੀ ਸਲਾਹ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਹੀਨੇ ਵਿੱਚ ਨਵੇਂ ਪੌਦੇ ਜਿਵੇਂ ਸਜਾਵਟੀ ਝਾੜੀਆਂ, ਲਾਅਨ, ਦਰਖ਼ਤ ਤੇ ਵੇਲਾਂ ਆਦਿ ਲਾ ਸਕਦੇ ਹਾਂ । ਇਸ ਮਹੀਨੇ ਦੇ ਅਖ਼ੀਰ ਵਿੱਚ ਅਸੀਂ ਗਰਮੀ ਵਾਲੇ ਮੌਸਮੀ ਫੁੱਲਾਂ (ਕੋਚੀਆ, ਜੀਨੀਆ ਆਦਿ) ਦੀ ਪਨੀਰੀ ਵੀ ਲਾ ਸਕਦੇ ਹਾਂ। ਗੁਲਦਾਉਦੀ ਦੇ ਜੜੂਆਂ ਨੂੰ ਪੁੱਟ ਕੇ ਅਲੱਗ ਅਲੱਗ ਕਰਨ ਤੋਂ ਬਾਅਦ ਛੋਟ ਗਮਲਿਆਂ ਵਿੱਚ ਲਾਉਣ ਲਈ ਢੁਕਵਾਂ ਸਮਾਂ ਹੈ।
ਵਿਭਾਗ ਦੇ ਮੁਖੀ ਡਾ: ਕੁਸ਼ਲ ਸਿੰਘ ਨੇ ਦੱਸਿਆ ਕਿ ਪੱਤਝੜੀ ਝਾੜੀਆਂ (ਲੈਜਰਸਟਰੋਮੀਆ ਇੰਡੀਕਾ, ਵੀਪਿੰਗ ਵਿਲੋ,  ਕੈਂਪਸਿਸ ਗਰੈਂਡੀਫਲੋਰਾ) ਨੂੰ ਬਿਨਾਂ ਚਾਕਲੀ ਦੇ ਖੇਤ ਵਿੱਚ ਲਾਇਆ ਜਾ ਸਕਦਾ ਹੈ। ਖ਼ਿਆਲ ਰੱਖੋ ਕਿ ਇਨ•ਾਂ ਦੀਆਂ ਅੱਖਾਂ ਦਾ ਫੁਟਾਰਾ ਸ਼ੁਰੂ ਨਾ ਹੋਇਆ ਹੋਵੇ। ਪਿਛਲੇ ਸਾਲਾਂ ਦੇ ਲੱਗੇ ਹੋਏ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਅਤੇ ਸੇਧਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਜੇਕਰ ਜ਼ਰੂਰਤ ਹੋਵੇ ਤਾਂ ਬੀਮਾਰੀ ਵਾਲੇ ਬੂਟਿਆਂ ਨੂੰ ਪੁੱਟ ਦਿਓ। ਡਾ: ਸਿੰਘ ਨੇ ਗੰਢਿਆਂ ਵਾਲੇ ਬੂਟਿਆਂ ਬਾਰੇ ਦਸਦਿਆਂ ਕਿਹਾ ਕਿ ਅਮਰੈਲਿਸ, ਫੁੱਟਬਾਲ ਲਿੱਲੀ, ਰਜਨੀਗੰਧਾ, ਜ਼ੱਫਰੈਨਥਸ ਆਦਿ ਨੂੰ ਬੀਜਣ ਦਾ ਇਹ ਢੁਕਵਾਂ ਸਮਾਂ ਹੈ। ਜੇਕਰ ਕਿਸੇ ਨਵੇਂ ਖੇਤਰ ਨੂੰ ਬੂਟਿਆਂ ਨਾਲ ਸਜਾਉਣਾ ਹੋਵੇ ਤਾਂ ਜ਼ਮੀਨ ਦੀ ਤਿਆਰੀ ਹੁਣੇ ਹੀ ਕਰ ਲਉ ਤਾਂ ਕਿ ਫ਼ਰਵਰੀ ਦੇ  ਅਖ਼ੀਰ ਜਾਂ ਮਾਰਚ ਦੇ ਸ਼ੁਰੂ ਵਿੱਚ ਬੂਟੇ ਲਾਏ ਜਾ ਸਕਣ। ਜਿੱਥੇ ਵੀ ਰੁੱਖ, ਝਾੜੀਆਂ ਜਾਂ ਵੇਲਾਂ ਲਾਉਣੀਆਂ ਹੋਣ ਲੋੜ ਮੁਤਾਬਕ ਟੋਏ ਜ਼ਰੂਰ ਪੁੱਟੋ। 2-3 ਟੋਕਰੀਆਂ ਗਲੀ ਸੜੀ ਗੋਹੇ ਦੀ ਖਾਦ ਜ਼ਰੂਰ ਪਾਓ। ਰੁੱਖਾਂ ਵਾਸਤੇ 3*3*3 ਫੁੱਟ ਅਤੇ ਝਾੜੀਆਂ ਅਤੇ ਵੇਲਾਂ ਲਈ 1.5*1.5*  1.5 ਫੁੱਟ ਆਕਾਰ ਦੇ ਟੋਏ ਚਾਹੀਦੇ ਹਨ।

Translate »