ਅੰਮ੍ਰਿਤਸਰ 2 ਫਰਵਰੀ:- ਸਿੱਖ ਚੈਨਲ ਯੂ.ਕੇ ਵੱਲੋਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਕਹਿ ਅਨੁਸਾਰ ਵਿਦੇਸ਼ ਰਹਿੰਦੀਆਂ ਸਿੱਖ ਸੰਗਤਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਵੱਲੋਂ ਗੰਭੀਰ ਨੋਟਿਸ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਰਲੀਜ ‘ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਧਾਰਮਿਕ ਫਰਜਾਂ ਪ੍ਰਤੀ ਪੂਰੀ ਤਰਾਂ ਸੁਚੇਤ ਤੇ ਸੁਹਿਰਦ ਹੈ। ਜਿਥੋ ਤੀਕ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਮੇਂ ਰਹਿਤ ਮਰਯਾਦਾ ਦਾ ਸਵਾਲ ਹੈ ਉਸ ਵਿੱਚ ਰਤੀ ਭਰ ਵੀ ਢਿਲ ਨਹੀ ਵਰਤੀ ਜਾਂਦੀ ਤੇ ਛਪਾਈ, ਜਿਲਦਬੰਦੀ ਜਾਂ ਪ੍ਰਿੰਟ ਆਦਿ ਕਰਨ ਲਈ ਕਿਤੇ ਵੀ ਬਾਹਰ ਨਹੀ ਭੇਜੀ ਜਾਂਦੀ ਅਤੇ ਅਦਬ ਸਤਿਕਾਰ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਦੀ ਬੀੜ ਵੱਖ-ਵੱਖ ਅਕਾਰਾਂ ਵਿੱਚ ਗੋਲਡਨ ਆਫ਼ਸੈਟ ਪ੍ਰੈਸ਼ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੀ ਤਿਆਰ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਨਾਮ ਧਰੀਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਗਤੀਵਿਧੀਆ ਸਿੱਖੀ ਦੇ ਉਲਟ ਹਨ। ਉਹ ਲੋਕ ਬਿਨਾਂ ਕਿਸੇ ਅਧਿਕਾਰ ਦੇ ਕੇਵਲ ਤੇ ਕੇਵਲ ਆਪਣੀ ਸਰਦਾਰੀ ਕਾਇਮ ਰੱਖਣ ਦੀ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ਾਂ ਨੂੰ ਨਹੀ ਮੰਨਦੇ ਤੇ ਵਿਦੇਸ਼ਾਂ ‘ਚ ਡਾਲਰ, ਪੌਂਡ ਇਕੱਠੇ ਕਰਨ ਖਾਤਰ ਵਿਦੇਸ਼ੀ ਚੈਨਲਾਂ ਦੇ ਮੈਂਬਰ ਬਣ ਕਿ ਮਰਯਾਦਾ ਦੇ ਨਾਮਪੁਰ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਜੋ ਪੰਜਾਬ ਰਹਿਆਣਾ ਤੇ ਹਿਮਾਚਲ ‘ਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਂਉਦੀ ਹੈ ਉਸ ਸਿੱਖ ਸੰਸਥਾ ਵਿਰੁੱਧ ਸੰਗਤਾਂ ਵੱਲੋਂ ਨਕਾਰੇ ਇਹ ਲੋਕ ਹਰ ਰੋਜ ਕੋਈ ਨਾ ਕੋਈ ਨਵਾਂ ਛੜ-ਯੰਤਰ ਰਚਦੇ ਰਹਿੰਦੇ ਹਨ।
ਉਹਨਾਂ ਕਿਹਾ ਕਿ ਸ.ਅਨੂਪ ਸਿੰਘ ਨੂਰੀ ਜੋ ਪੰਜਾਬੀ ਸਾਹਿਤਕਾਰ ਹਨ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਆ ਕੇ ਲਿਖਤੀ ਦਰਖਾਸਤ ਦੇ ਕੇ ਗਏ ਹਨ। ਇਸ ਅਖੌਤੀ ਸਤਿਕਾਰ ਕਮੇਟੀ ਦੇ ਨੁਮਾਇਦੇ ਭਾਈ ਬਲਵੀਰ ਸਿੰਘ ਮੁੰਛਲ ਅਤੇ ਉਸ ਦੇ ਹੋਰ ਬੰਦਿਆਂ ਵੱਲੋਂ (ਅਨੂਪ ਸਿੰਘ ਨੂਰੀ) ਦੇ ਘਰੋਂ ਪਿਛਲੇ ਦਿਨੀ ਧੱਕੇ ਨਾਲ ਧਾਰਮਿਕ ਲਿਟਰੇਚਰ ਚੁੱਕ ਕੇ ਲੈ ਗਏ ਸਨ। ਉਹਨਾਂ ਕਿਹਾ ਕਿ ਸ.ਅਨੂਪ ਸਿੰਘ ਨੂਰੀ ਵੱਲੋਂ ਪੁੱਜੀ ਲਿਖਤੀ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਾ ਨੰਬਰ 4 ਮਿਤੀ 27.11.2006 ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲੇ ਦੇ ਅਧਾਰ ਤੇ ਕਾਰਵਾਈ ਹੋਵੇ ਕਿਉਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮੁਤਾਬਿਕ ਕੋਈ ਵੀ ਅਜਿਹੀ ਜਥੇਬੰਦੀ ਸਿੱਧੇ ਰੂਪ ‘ਚ ਕਿਸੇ ਵੀ ਸੰਸਥਾ ਜਾਂ ਗੁਰੂਘਰ ਵਿਰੁੱੱਧ ਕਾਰਵਾਈ ਨਹੀ ਕਰ ਸਕਦੀ।
ਉਹਨਾਂ ਕਿਹਾ ਕਿ ਜੇਕਰ ਕਿਤੇ ਪ੍ਰਬੰਧ ‘ਚ ਕੋਈ ਕਮੀ ਪੇਸ਼ੀ ਨਜਰ ਆਉਦੀ ਵੀ ਹੋਵੇ ਤਾਂ ਉਸ ਬਾਰੇ ਹਰੇਕ ਵਿਅਕਤੀ ਮੇਰੇ ਨਾਲ ਜਾ ਮਾਨਯੋਗ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰ ਸਕਦਾ ਹੈ ਤੇ ਮਿਲ ਬੈਠ ਕੇ ਹਰ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ, ਪ੍ਰੰਤੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮਪੁਰ ਇਹ ਨਾਮ ਧਰੀਕ ਸਤਿਕਾਰ ਕਮੇਟੀ ਨਾਮ ਦੀ ਜਥੇਬੰਦੀ ਇਥੋ ਤੀਕ ਚਾਂਬਲ ਗਈ ਕਿ ਇਸ ਦੇ ਨੁਮਾਇਦਿਆਂ ਨੂੰ ਆਪਣੇ ਆਪ ਤੋਂ ਬਿਨਾਂ ਹੋਰ ਕੋਈ ਸਿੱਖ ਨਜਰ ਹੀ ਨਹੀ ਆਉਂਦਾ ਤੇ ਇਹ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਸਿੱਧੇ ਰੂਪ ਵਿੱਚ ਦਖਲ ਅੰਦਾਜੀ ਕਰਨ ਤੇ ਉਤਰ ਆਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਜੋ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੈ, ਸਤਿਕਾਰ ਕਮੇਟੀ ਦੇ ਆਪੇ ਬਣੇ 25-30 ਬੰਦਿਆਂ ਨੇ ਜੋ ਕ੍ਰਿਪਾਨਾਂ, ਬਰਛਿਆਂ ਨਾਲ ਲੈਸ ਸਨ ਜਾ ਕਿ ਇੰਚਾਰਜ ਸ. ਕਰਨਜੀਤ ਸਿੰਘ, ਸੁਪਰਵਾਈਜਰ ਸ. ਗੁਰਬਚਨ ਸਿੰਘ ਵਲੀਪੁਰ ਤੇ ਸ. ਮੇਹਰ ਸਿੰਘ ਤੇ ਹਮਲਾ ਕਰ ਦਿਤਾ ਤੇ ਉਹਨਾਂ ਮੁਲਾਜਮਾਂ ਨੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰਕੇ ਆਪਣੀ ਜਾਨ ਬਚਾਈ ਤੇ ਦਫਤਰ ਜਾਣਕਾਰੀ ਦਿਤੀ।
ਉਹਨਾਂ ਕਿਹਾ ਕਿ ਮੈਂ ਖੁਦ ਹੋਰ ਸੀਨੀਅਰ ਅਧਿਕਾਰੀ ਨੂੰ ਨਾਲ ਲਿਜਾ ਕਿ ਬੜੀ ਮੁਸ਼ਕਿਲ ਨਾਲ ਇਹਨਾਂ ਲੋਕਾਂ ਨੂੰ ਪਾਸੇ ਕਰ ਕੇ ਆਪਣੇ ਮੁਲਾਜਮਾਂ ਨੂੰ ਬਾਹਰ ਕੱਢਿਆ ਅਤੇ ਇਹਨਾਂ ਲੋਕਾਂ ਤੋਂ ਨੰਗੀਆਂ ਤਲਵਾਰਾਂ ਖੋਹਦਿਆਂ ਸਾਡੇ ਮੁਲਾਜਮਾਂ ਨੂੰ ਵੀ ਸੱਟਾਂ ਲੱਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮਾਂ ਨਾਲ ਲੜਾਈ ਝਗੜਾ ਕਰਨ ਦਾ ਮੋਢੀ ਮਨਦੀਪ ਸਿੰਘ ਨਾਮ ਦਾ ਵਿਅਕਤੀ ਆਪੇ ਬਣੀ ਸਤਿਕਾਰ ਕਮੇਟੀ ਦਾ ਮੈਂਬਰ ਹੈ, ਜੋ ਅਖੌਤੀ ਸਤਿਕਾਰ ਕਮੇਟੀ ਦੇ ਨਾਲ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਆਇਆ ਸੀ ਜੋ ਹੁਣ ਆਪਣੇ ਆਪ ਨੂੰ ਸਿੱਖ ਟੀ.ਵੀ.ਚੈਨਲ ਯੂ.ਕੇ ਦਾ ਨੁਮਾਇਦਾ ਦੱਸਦਾ ਹੈ ਤੇ ਖੁਦ ਮੌਕੇ ਤੋਂ ਭੱਜ ਗਿਆ ਹੈ।
ਉਹਨਾਂ ਕਿਹਾ ਕਿ ਸਿੱਖਾਂ ਦੀ ਨੁਮਾਇਦਾ ਚੁਣੀ ਹੋਈ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਚੈਨਲ ਨੇ ਵਰਸ਼ਨ ਲੈਣਾ ਜਰੂਰੀ ਨਹੀ ਸਮਝਿਆ ਤੇ ਹੈਰਾਨੀ ਵਾਲੀ ਗਲ ਹੈ ਕਿ ਚੈਨਲ ਦਾ ਨਾਮ ਸਿੱਖ ਟੀ.ਵੀ ਚੈਨਲ ਹੋਵੇ ਪ੍ਰੰਤੂ ਇਕਤਰਫਾ ਕੇਵਲ 25-30 ਬੰਦਿਆਂ ਦਾ ਪ੍ਰਚਾਰ ਕਰੇ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਇਸ ਚੈਨਲ ਦੀ ਪੰਜਾਬ ‘ਚ ਮਾਨਤਾ ਬਾਰੇ ਪਤਾ ਕਰਨ ਲਈ ਸਰਕਾਰ ਨੂੰ ਲਿਖਾਂਗੇ ਤੇ ਇਹ ਵੀ ਜਾਣਕਾਰੀ ਲਵਾਂਗੇ ਕਿ ਇਸ ਚੈਨਲ ਦੇ ਕਿਹੜੇ ਕਿਹੜੇ ਨੁਮਾਇਦੇ ਅੰਮ੍ਰਿਤਸਰ ‘ਚ ਕੰਮ ਕਰਦੇ ਹਨ ਤੇ ਜੇਕਰ ਕੋਈ ਗੈਰ ਕਾਨੂੰਨੀ ਢੰਗ ਨਾਲ ਇਸ ਚੈਨਲ ਲਈ ਪੀਲੀ ਪੱਤਰਕਾਰੀ/ਰਿਪੋਟਿੰਗ ਕਰਦਾ ਹੋਇਆਂ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਸਿੱਖੀ ਨੂੰ ਢਾਹ ਲਾਉਣ ਵਾਲੇ ਤੇ ਜਿਸ ਨਾਲ ਸਿੱਖੀ ਪ੍ਰਤੀ ਹੋਰ ਧਰਮਾਂ ‘ਚ ਗਲਤ ਸੰਦੇਸ਼ ਜਾਂਦਾ ਹੋਵੇ ਅਜਿਹੇ ਕੂੜ ਪ੍ਰਚਾਰ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ।