February 2, 2012 admin

ਰਿਸ਼ਵਤ ਦੇ ਦੋਸ਼ ਸਿੱਧ ਹੋਣ ‘ਤੇ ਪਟਵਾਰੀ ਜਗਤਾਰ ਸਿੰਘ ਨੌਕਰੀ ਤੋਂ ਬਰਤਰਫ

ਅੰਮ੍ਰਿਤਸਰ, 2 ਫਰਵਰੀ : ਪਟਵਾਰ ਸਰਕਲ ਸੁਲਤਾਨਵਿੰਡ ਅਰਬਨ ਤਹਿਸੀਲ ਅੰਮ੍ਰਿਤਸਰ-1 ਵਿਖੇ ਤਇਨਾਤ ਪਟਵਾਰੀ ਜਗਤਾਰ ਸਿੰਘ ਨੂੰ ਮਾਨਯੋਗ ਅਦਾਲਤ ਸ੍ਰੀ ਅਸ਼ੋਕ ਪਾਲ ਬਤਰਾ ਸ਼ਪੈਸ਼ਲ ਜੱਜ ਅੰਮ੍ਰਿਤਸਰ ਵੱਲੋਂ 7 ਪੀ. ਸੀ. ਐਕਟ 1988 ਅਧੀਨ ਅਤੇ ਧਾਰਾ 13(2) ਰਿਸ਼ਵਤ ਰੋਕੂ ਐਕਟ 1988 ਅਧੀਨ ਤਿੰਨ ਸਾਲ ਦੀ ਕੈਦ ਅਤੇ 2000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਉਪਰੰਤ ਡਿਪਟੀ ਕਮਿਸ਼ਨਰ-ਕਮ-ਕੁਲੇਕਟਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਪਟਵਾਰੀ ਜਗਤਾਰ ਸਿੰਘ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ 1970 (ਸਜ਼ਾ ਅਤੇ ਅਪੀਲ) ਤਹਿਤ ਦੇ ਨਿਯਮ 5(9) ਤਹਿਤ ਨੌਕਰੀ ਤੋਂ ਤੁਰੰਤ ਬਰਤਰਫ ਕਰਨ ਦਾ ਹੁਕਮ ਦਿੱਤਾ ਹੈ। ਪਟਵਾਰੀ ਜਗਤਾਰ ਸਿੰਘ ਦੇ ਬਰਤਰਫੀ ਦੇ ਹੁਕਮ ਜਾਰੀ ਕਰਦਿਆਂ ਕੁਲੇਕਟਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਹੈ ਕਿ ਪਟਵਾਰੀ ਜਗਤਾਰ ਸਿੰਘ ਦੀ ਸਜ਼ਾ ਸਬੰਧੀ ਫਾਈਲ ਤੇ ਆਏ ਦਸਤਾਵੇਜਾਂ, ਅਦਾਲਤ ਵੱਲੋਂ ਉਸਨੂੰ ਰਿਸ਼ਵਤ ਦੇ ਕੇਸ ਵਿੱਚ ਸਜ਼ਾ ਸੁਣਾਏ ਜਾਣ ਕਾਰਨ ਪਟਵਾਰੀ ਜਗਤਾਰ ਸਿੰਘ ਨੂੰ ਸਰਕਾਰੀ ਸੇਵਾ ਵਿੱਚ ਰੱਖਿਆ ਜਾਣਾ ਸਰਕਾਰ ਅਤੇ ਲੋਕ ਹਿੱਤ ਵਿੱਚ ਨਹੀ ਹੈ ਜਿਸ ਕਾਰਨ ਉਸਨੂੰ ਸਰਕਾਰੀ ਸੇਵਾ ਤੋਂ ਤਰੁੰਤ ਬਰਤਰਫ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਪਟਵਾਰੀ ਜਗਤਾਰ ਸਿੰਘ ਜੋ ਕਿ ਪਟਵਾਰ ਸਰਕਲ ਸੁਲਤਾਨਵਿੰਡ ਅਰਬਨ ਤਹਿਸੀਲ ਅੰਮ੍ਰਿਤਸਰ-1 ਵਿਖੇ ਤਇਨਾਤ ਸੀ, ਵਿਜੀਲੈਂਸ ਬਿਊਰੋ ਜਲੰਧਰ ਵੱਲੋਂ 20 ਫਰਵਰੀ 2009 ਨੂੰ ਰਿਸ਼ਵਤ ਦੇ ਮਾਮਲੇ ਵਿੱਚ ਉਸਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਪਟਵਾਰੀ ਜਗਤਾਰ ਸਿੰਘ ‘ਤੇ ਇਹ ਦੋਸ਼ ਸੀ ਕਿ ਉਸਨੇ ਗੁਰਾ ਸਿੰਘ ਵਾਸੀ ਅਕਾਲੀ ਮਾਰਕਿਟ ਅੰਮ੍ਰਿਤਸਰ ਕੋਲੋਂ ਉਸਦੇ ਮਕਾਨ ਨੂੰ ਹੱਕ ਵਿੱਚ ਕਰਵਾਉਣ ਵਾਸਤੇ 2000 ਰੁਪਏ ਰਿਸ਼ਵਤ ਲਈ ਸੀ। ਰਿਸ਼ਵਤ ਦੇ ਇਹ ਦੋਸ਼ ਸਿੱਧ ਹੋ ‘ਤੇ ਮਾਨਯੋਗ ਅਦਾਲਤ ਸ੍ਰੀ ਅਸ਼ੋਕ ਪਾਲ ਬਤਰਾ ਪੈਸ਼ਲ ਜੱਜ ਅੰਮ੍ਰਿਤਸਰ ਵੱਲੋਂ ਮਿਤੀ 19 ਦਸੰਬਰ 2011 ਨੂੰ ਪਟਵਾਰੀ ਜਗਤਾਰ ਸਿੰਘ ਨੂੰ 7 ਪੀ. ਸੀ. ਐਕਟ 1988 ਅਧੀਨ ਅਤੇ ਧਾਰਾ 13(2) ਰਿਸ਼ਵਤ ਰੋਕੂ ਐਕਟ 1988 ਅਧੀਨ ਤਿੰਨ ਸਾਲ ਦੀ ਕੈਦ ਅਤੇ 2000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜਿਸ ‘ਤੇ ਅਗਲੇਰੀ ਕਾਰਵਾਈ ਕਰਦਿਆਂ ਕੁਲੇਕਟਰ ਅੰਮ੍ਰਿਤਸਰ ਵੱਲੋਂ ਪਟਵਾਰੀ ਜਗਤਾਰ ਸਿੰਘ ਨੂੰ ਨੌਕਰੀ ਤੋਂ ਤੁਰੰਤ ਬਰਤਰਫ ਕਰਨ ਦਾ ਹੁਕਮ ਦਿੱਤਾ ਹੈ।

Translate »