ਭਾਜਪਾ ਕੌਂਸਲਰ ਦੇ ਪਤੀ ਦੀ ਪੁਲੀਸ ਨਾਲ ਝੜਪ
ਅੰਮ੍ਰਿਤਸਰ 2 ਫਰਵਰੀ – ਵਿਧਾਨ ਸਭਾ ਹਲਕਾ ਪੂਰਬੀ ਦੇ ਬੂਥ ਨੰਬਰ 76 ਤੇ ਅੱਜ ਮੁੜ ਪਈਆਂ ਵੋਟਾਂ ਦੀ ਪ੍ਰੀਕ੍ਰਿਆ ਛੁੱਟ ਫੁਟ ਘਟਨਾਵਾਂ ਦੇ ਬਾਵਜੂਦ ਸ਼ਾਂਤੀ ਨਾਲ ਪੂਰੀ ਹੋਈ। ਜਿਕਰਯੋਗ ਹੈ ਕਿ 30 ਜਨਵਰੀ ਨੂੰ ਪਈਆਂ ਵੋਟਾਂ ਦੌਰਾਨ ਇਸ ਬੂਥ ਦੀ ਇੱਕ ਮਸ਼ੀਨ ਵਿੱਚ ਖਰਾਬੀ ਆਉਣ ਦੀਆਂ ਖਬਰਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਬੂਥ ਤੇ ਮੁੜ ਮਤਦਾਨ ਕਰਵਾਏ ਜਾਣ ਦੇ ਆਦੇਸ਼ ਦਿੱਤੇ ਸਨ।
ਅੱਜ ਪਈਆਂ ਵੋਟਾਂ ਦੌਰਾਨ ਇਸ ਬੂਥ ਨਾਲ ਸਬੰਧਤ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ। ਵੋਟਰਾਂ ਵਲੋਂ ਅੱਜ ਕੁਲ 672 ਵੋਟਾਂ ਪਾਈਆਂ ਗਈਆਂ । ਅੱਜ ਇਸ ਸਾਰੀ ਪ੍ਰੀਕ੍ਰਿਆ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਸੁਰਖਿਆ ਬਲਾਂ ਦੀ ਡਿਊਟੀ ਵਿੱਚ ਕੀਤੀ ਦਖਅੰਦਾਜੀ ਤੋਂ ਬਾਅਦ ਸੁਰਖਿਆ ਫੋਰਸਾਂ ਵਲੋਂ ਉਨਾਂ ਨੂੰ ਖਦੇੜਨ ਵਾਸਤੇ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ। ਚੋਣ ਅਧਿਕਾਰੀਆਂ ਵਲੋਂ ਇਸ ਬੂਥ ਦੇ ਨੇੜੇ ਤੇੜੇ ਬਾਹਰਲੇ ਇਲਾਕੇ ਦੇ ਲੋਕਾਂ ਦੇ ਆਉਣ ਤੇ ਪਾਬੰਦੀ ਲਗਾਈ ਹੋਈ ਸੀ। ਇਸ ਦੇ ਬਾਵਜੂਦ ਵੀ ਵਾਰਡ ਨੰਬਰ 22 ਤੋਂ ਭਾਜਪਾ ਦੀ ਕੌਂਸਲਰ ਰਜਨੀ ਮਹਾਜਨ ਦੇ ਪਤੀ ਬਲਦੇਵ ਰਾਜ ਬੱਗਾ ਵਲੋਂ ਵੋਟਾਂ ਦੌਰਾਨ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਫਲਸਰੂਪ ਸੁਰਖਿਆ ਬਲਾਂ ਨੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਬ੍ਰੂਥ ਤੋਂ ਦੂਰ ਕਰਨ ਲਈ ਤਾਕਤ ਦੀ ਵਰਤੋਂ ਕੀਤੀ। ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਨੇ ਬੂਥ ਨੰਬਰ 76 ਦਾ ਦੌਰਾ ਕੀਤਾ ਅਤੇ ਸਾਰੇ ਪ੍ਰਬੰਧਾਂ ਦਾ ਜਾਇਜਾ ਲਿਆ।