ਪਟਿਆਲਾ: 3 ਫਰਵਰੀ : ਬੀਤੀ 30 ਜਨਵਰੀ ਨੂੰ ਵੋਟਾਂ ਵਾਲੇ ਦਿਨ ਪੰਜਾਬੀ ਟ੍ਰਿਬਿਊਨ ਦੀ ਨਾਭਾ ਤੋਂ ਪੱਤਰਕਾਰ ਸ਼੍ਰੀਮਤੀ ਹਰਵਿੰਦਰ ਕੌਰ ਨੌਹਰਾ ‘ਤੇ ਹੋਏ ਹਮਲੇ ਦੀ ਪੜਤਾਲ ਕਰਨ ਲਈ ਅੱਜ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰ: ਦਲੀਪ ਸਿੰਘ ਪਾਂਧੀ ਵਿਸ਼ੇਸ਼ ਤੌਰ ‘ਤੇ ਸਿਵਲ ਹਸਪਤਾਲ ਨਾਭਾ ਵਿਖੇ ਪੁੱਜੇ। ਜਿਥੇ ਉਨ੍ਹਾਂ ਸ਼੍ਰੀਮਤੀ ਨੌਹਰਾ ਦਾ ਹਾਲ ਚਾਲ ਪੁਛਿਆ ਉਥੇ ਉਹਨਾਂ ਦੇ ਬਿਆਨ ਵੀ ਲਏ। ਸ਼੍ਰੀ ਪਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਡਾਕਟਰਾਂ ਦੇ ਬਿਆਨ ਵੀ ਲਏ ਹਨ ਅਤੇ ਉਹ ਰਿਪੋਰਟ ਤਿਆਰ ਕਰਕੇ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਚੇਅਰਮੈਨ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦੇਣਗੇ। ਸ੍ਰ: ਪਾਂਧੀ ਨੇ ਕਿਹਾ ਕਿ ਇਹ ਇੱਕ ਬਹੁਤ ਮੰਦਭਾਗੀ ਘਟਨਾਂ ਹੈ ਅਤੇ ਇਸ ਦੀ ਉਹ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਨੌਹਰਾ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ ਅਤੇ ਦੋਸ਼ੀ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।