February 4, 2012 admin

ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ — ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ

ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਸੰਤ ਬਲਬੀਰ ਸਿੰਘ ਸੀਚੇਵਾਲ, ਡਾ. ਜਨਾਰਧਨ ਮਾਧਵ ਰਾਓ ਵਾਘਮਰੇ ਅਤੇ ਹਰਜਿੰਦਰ ਸਿੰਘ ਸਿਧਾਰਥ ਨੂੰ ਡਾਕਟਰ ਆਫ਼ ਲਿਟਰੇਚਰ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ।
ਪਟਿਆਲਾ 4 ਫ਼ਰਵਰੀ: ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ  ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ।
 ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ਕੀਤੀ ਸਿੱਖਿਆ ਲਈ ਡਿਗਰੀਆਂ ਵੀ ਪ੍ਰਦਾਨ ਕੀਤੀਆਂ।
 ਸ੍ਰੀ ਪਾਟਿਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਉਸਾਰੂ ਸੋਚ ਲੈ ਕੇ ਚੱਲੋਗੇ ਤਾਂ ਉਸਦੇ ਨਤੀਜੇ ਵੀ ਸਾਰਥਿਕ ਆਉਣਗੇ, ਪਰੰਤੂ ਜੇਕਰ ਤੁਸੀਂ ਨਾਕਾਰਤਮਿਕ ਸੋਚ ਨੂੰ ਅਪਨਾਓਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰਨ ਦੇ ਸਮਰੱਥ ਹੋ ਅਤੇ ਜੇਕਰ ਕਿਸੇ ਮੰਜ਼ਿਲ ਦੀ ਪ੍ਰਾਪਤੀ ਲਈ ਤੁਹਾਡਾ ਇਰਾਦਾ ਦ੍ਰਿੜ ਹੋਵੇਗਾ, ਤਾਂ ਤੁਹਾਨੂੰ ਉਸ ਖੇਤਰ ਵਿੱਚ ਹਰ ਹਾਲਤ ਵਿੱਚ ਸਫ਼ਲਤਾ ਮਿਲੇਗੀ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਇੱਕ ਮਹੱਤਵ ਪੂਰਣ ਗੁਣ ਹੈ ਅਤੇ ਵਿਦਿਆਰਥੀਆਂ ਨੂੰ ਇਸ ਗੁਣ ਦੇ ਧਾਰਨੀ ਹੋ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।
 ਪੰਜਾਬੀ ਯੂਨੀਵਰਸਿਟੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਸ਼ਾਨਦਾਰ ਰੋਲ ਦੀ ਸ਼ਲਾਘਾ ਕਰਦਿਆਂ ਸ੍ਰੀ ਪਾਟਿਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਦਿਆ ਦੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਹਨਾਂ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਂ ਤੇ ਹੀ ਅਧਾਰਿਤ ਹੈ, ਜੋ ਕਿ ਸਾਡੇ ਰਾਜ ਦੀ ਅਮੀਰ ਭਾਸ਼ਾ ਹੈ ਅਤੇ ਇਹ ਭਾਸ਼ਾ ਸਾਨੂੰ ਸਾਡੇ ਮਹਾਨ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਬਾਣੀ ਨੂੰ ਸਮਝਣ ਵਿੱਚ ਮੱਦਦ ਕਰਦੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਧਰਮ ਮਨੁੱਖਤਾ ਦੀ ਬਰਾਬਰੀ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦੇ ਹਨ। ਉਹਨਾਂ ਕਿਹਾ ਕਿ ਕੋਈ ਵੀ ਧਰਮ ਸਾਡੇ ਲਈ ਕੋਈ ਸਮੱਸਿਆ ਪੈਦਾ ਨਹੀਂ ਕਰਦੇ ਸਗੋਂ ਸਮੱਸਿਆ ਦਾ ਹੱਲ ਕਰਦੇ ਹਨ।  
ਸ੍ਰੀ ਪਾਟਿਲ ਨੇ  ਕਿਹਾ ਕਿ ਅੱਜ ਸੂਚਨਾ ਤਕਨਾਲੋਜੀ ਅਤੇ ਵਿਗਿਆਨ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਨੁੰ ਇਹਨਾਂ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਕੇ ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ ਅਤੇ ਦੇਸ਼ ਦੇ ਆਰਥਿਕ, ਸਮਾਜਿਕ, ਵਿਗਿਆਨਕ ਖੇਤਰ ਵਿੱਚ ਵੱਧ ਚੜ• ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋ ਕੀਤੀਆਂ ਜਾਂਦੀਆਂ ਖੋਜਾਂ ਦੇਸ਼ ਦੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਮਹੱਤਵ ਪੂਰਣ ਰੋਲ ਅਦਾ ਕਰਦੀਆਂ ਹਨ, ਇਸ ਲਈ ਯੂਨੀਵਰਸਿਟੀਆਂ ਨੂੰ ਨਵੀਂ ਤਕਨੀਕ ਵਾਲੀਆਂ ਖੋਜਾਂ ਵੱਲ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।
ਇਸ ਮੌਕੇ ਤੇ ਸ੍ਰੀ ਪਾਟਿਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਵਿਸ਼ੇਸ਼ ਕਰਕੇ ਕਾਲੀ ਵੇਈਂ ਨੂੰ ਸਾਫ਼ ਕਰਨ , ਡਾ. ਜਨਾਰਧਨ ਮਾਧਵ ਰਾਓ ਵਾਘਮਰੇ ਨੂੰ ਅਧਿਆਪਨ ਵਿੱਚ ਨਵੀਆਂ ਖੋਜ਼ਾਂ ਲਈ ਅਤੇ ਸ੍ਰੀ ਹਰਜਿੰਦਰ ਸਿੰਘ ਸਿਧਾਰਥ  ਨੂੰ ਚਿੱਤਰਕਾਰੀ ਅਤੇ ਬੁੱਤ ਕਲਾ ਲਈ ਡਾਕਟਰ ਆਫ਼ ਲਿਟਰੇਚਰ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਤੋ. ਇਲਾਵਾ ਸ੍ਰੀ ਪਾਟਿਲ ਨੇ ਯੂਨੀਵਰਸਿਟੀ ਦੇ ਵਿਦਿਆਰਥੀ ਕਰਨ ਭੱਲਾ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਚਾਂਸਲਰ ਮੈਡਲ ਨਾਲ ਸਨਮਾਨਿਤ ਵੀ ਕੀਤਾ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਇੰਡੀਅਨ ਯੂਨੀਵਰਸਿਟੀ ਦੀ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੋਂ ਪੰਕਜ ਚਾਂਦੇ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਡਾ ਪਰਮਜੀਤ ਸਿੰਘ ਜਸਵਾਲ, ਉਘੇ ਪੰਜਾਬੀ ਲੇਖਿਕਾ ਡਾ: ਦਲੀਪ ਕੌਰ ਟਿਵਾਣਾ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਅਤੇ ਐਸ. ਐਸ. ਪੀ ਪਟਿਆਲਾ ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਵੀ ਮੌਜੂਦ ਸਨ। 

Translate »