February 6, 2012 admin

ਗੋਲਡਨ ਜੁਬਲੀ ਪੀ ਏ ਯੂ ਪੁਸਤਕ ਮੇਲੇ ਦਾ ਉਦਘਾਟਨ ਡਾ: ਸੁਰਜੀਤ ਪਾਤਰ ਕਰਨਗੇ

ਲੁਧਿਆਣਾ: 6 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਪੀ ਏ ਯੂ ਪੁਸਤਕ ਮੇਲੇ ਦਾ ਉਦਘਾਟਨ ਪ੍ਰਸਿੱਧ ਪੰਜਾਬੀ ਕਵੀ ਅਤੇ ਸਰਸਵਤੀ ਸਨਮਾਨ ਵਿਜੇਤਾ ਡਾ: ਸੁਰਜੀਤ ਪਾਤਰ 8 ਫਰਵਰੀ ਨੂੰ ਬਾਅਦ ਦੁਪਹਿਰ 2 30 ਵਜੇ ਕਰਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸਾਂਘਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਖੇਤੀਬਾੜੀ ਤੋਂ ਇਲਾਵਾ ਅਰਥ ਸਾਸ਼ਤਰ, ਵਾਤਾਵਰਨ, ਬਾਇਓਟੈਕਨਾਲੋਜੀ, ਇਲੈਕਟਰਾਨ ਮਾਈਕਰੋਸਕੋਪੀ, ਕੀਟ ਵਿਗਿਆਨ, ਪਸਾਰ ਸਿੱਖਿਆ, ਭੋਜਨ ਵਿਗਿਆਨ ਅਤੇ ਟੈਕਨਾਲੋਜੀ, ਬਾਗਬਾਨੀ, ਨੈਨੋ ਬਾਇਓ ਟੈਕਨਾਲੋਜੀ, ਪਲਾਂਟ ਬ੍ਰੀਡਿੰਗ, ਸਬਜ਼ੀਆਂ, ਫੁੱਲ ਫੁਲਬਾੜੀ, ਹੋਮ ਸਾਇੰਸ ਅਤੇ ਇੰਜੀਨੀਅਰਿੰਗ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਤੋਂ ਇਲਾਵਾ ਬੇਸਿਕ ਸਾਇੰਸਜ਼, ਪੱਤਰਕਾਰੀ, ਸੰਚਾਰ ਅਤੇ ਸਾਹਿਤ ਨਾਲ ਸਬੰਧਿਤ ਪੁਸਤਕਾਂ ਦੀ ਨੁਮਾਇਸ਼ 8 ਫਰਵਰੀ ਤੋਂ 10 ਫਰਵਰੀ ਤੀਕ ਲੱਗੀ ਰਹੇਗੀ। ਡਾ: ਸਾਂਘਾ ਨੇ ਦੱਸਿਆ ਕਿ ਮੁਕਾਬਲੇ ਦੇ ਇਮਤਿਹਾਨਾਂ ਲਈ ਲੋੜੀਂਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

Translate »