ਅੰਮ੍ਰਿਤਸਰ: 05 ਫਰਵਰੀ- ਸ.ਮਨਜੀਤ ਸਿੰਘ ਕਲਕੱਤਾ ਵੱਲੋਂ ਦਿੱਤੇ ਬਿਆਨ ਕਿ ਜਥੇਦਾਰ ਅਵਤਾਰ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੰਭੀਰ ਨੋਟਿਸ ਲੈਦਿਆਂ ਕਿਹਾ ਕਿ ਕਲਕੱਤਾ ਮੈਨੂੰ ਸਿੱਖਿਆ ਦੇਣ ਦੀ ਬਜਾਏ ਆਪਣੇ ਪੱਲੂ ਵੱਲ ਹੀ ਝਾਕੇ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ ਰਾਹੀਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੇਰੇ ਤੋਂ ਕੋਈ ਸਵਾਲ ਪੁੱਛਣ ਤੋਂ ਪਹਿਲਾਂ ਕਲਕੱਤਾ ਇਹ ਸਪਸ਼ਟ ਕਰੇ ਕਿ ਉਹ ਕਿਸ ਹੈਸੀਅਤ ਵਿੱਚ ਪੁੱਛ ਰਹੇ ਹਨ। ਉਹ ਸਿੱਖ ਸੰਗਤਾਂ ਨੂੰ ਆਪਣੀ ਪਛਾਣ ਦੱਸੇ ਕਿ ਉਹ ਕਿਹੜੀ ਪਾਰਟੀ ਦੇ ਨੁਮਾਇੰਦੇ ਹਨ। ਕਲਕੱਤਾ ਆਪਣੇ ਨਾਮ ਨਾਲ ਤਾਂ ਚੇਅਰਮੈਨ ਪੰਥਕ ਕੌਂਸਲ ਲਿਖਦਾ ਹੈ ਜਦ ਕਿ ਕੁਝ ਦਿਨ ਪਹਿਲਾਂ ਹੀ ਉਸ ਨੇ ਉਸ ਪਾਰਟੀ ਦੇ ਮੁੱਖੀ ਨਾਲ ਜੱਫੀ ਪਾ ਕਿ ਫੋਟੋ ਲੁਹਾਈ ਹੈ ਜਿਸ ਪਾਰਟੀ ਨੇ 1984 ‘ਚ ਸਿੱਖ ਕੌਮ ਦਾ ਘਾਣ ਕਰਦਿਆਂ ਹਜ਼ਾਰਾਂ ਸਿੱਖ ਨੌਜੁਆਨ ਬਜੁਰਗ, ਬੱਚੇ, ਬੀਬੀਆਂ ਨੂੰ ਜੀਂਅਦੇ ਜੀਅ ਗਲਾਂ ਵਿੱਚ ਟਾਈਰ ਪਾ ਕੇ ਸ਼ਹੀਦ ਕੀਤੇ ਹੋਣ ”ਕੀ” ਕਲਕੱਤਾ ਦੀ ਇਸ ਕਾਰਵਾਈ ਨੂੰ ਸਿੱਖ ਸੰਗਤ ਪੰਥਕ ਮੰਨੇ?
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਲਕੱਤੇ ਦਾ ਇਹ ਅਸੂਲ ਹੈ ਕਿ ਜਿਸ ”ਥਾਲੀ ਵਿੱਚ ਖਾਣਾ ਉਸੇ ਥਾਲੀ” ਵਿੱਚ ਛੇਕ ਕਰਨਾ, ਪਹਿਲਾਂ ਇਸ ਨੂੰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਕੈਬਨਿਟ ਮੰਤਰੀ ਬਣਾਇਆ ਇਹ ਉਥੇ ਨਹੀ ਟਿਕੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਲਾਇਆ ਇਹ ਉਥੇ ਵੀ ਨਹੀ ਟਿੱਕਿਆ ਹਰ ਵਾਰ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਇਹ ਦਿੱਲੀ ਦਰਬਾਰੀਆਂ ਦੀ ਟੇਟੇ ਚੜ• ਲਾਲਚ ਵੱਸ ਹੋ ਕੇ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ‘ਚ ਛੁਰਾ ਮਾਰਨ ਦੀ ਕੋਸ਼ਿਸ਼ ‘ਚ ਰਿਹਾ। ਆਖਿਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਕਿਰਦਾਰ ਵੇਖ ਕੇ ਮੂੰਹ ਲਾਉਣਾ ਬੰਦ ਕਰ ਦਿੱਤਾ ਤਾਂ ਇਹ ਨਾਮ ਨਿਹਾਦ ਜਥੇਬੰਦੀ ਪੰਥਕ ਕੌਂਸਲ ਦਾ ਚੇਅਰਮੈਨ ਬਣ ਗਿਆ ਤੇ ਹੁਣ ਇਹ ਆਪਣੇ ਨਾਮ ਨਾਲ ਚੇਅਰਮੈਨ ਪੰਥਕ ਕੌਂਸਲ ਤਾਂ ਲਿਖਦਾ ਹੈ ਪ੍ਰੰਤੂ ਆਪਣੇ ਸੁਭਾਅ ਮੁਤਾਬਿਕ ਸਾਥ ਹਮੇਸ਼ਾਂ ਪੰਥ ਵਿਰੋਧੀਆਂ ਦਾ ਹੀ ਦਿੰਦਾ ਹੈ।
ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਈਆਂ ਹਨ ਸਮੁੱਚੇ ਪੰਜਾਬੀਆਂ ਨੇ ਵੇਖਿਆ ਕਿ ਕਲਕੱਤਾ ਕਿਸ ਪਾਰਟੀ ਨਾਲ ਖੜਾ ਹੋਇਆ ਉਸ ਤੋਂ ਪਹਿਲਾਂ ਵੀ ਕਲਕੱਤਾ ਤੇ ਇਸ ਦੇ ਸਾਥੀ ਦਿੱਲੀ ਦਰਬਾਰੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਸਨ, ਪ੍ਰੰਤੂ ਸਿੱਖ ਸੰਗਤਾਂ ਨੇ ਆਪਣੀ ਵੋਟ ਦੀ ਤਾਕਤ ਰਾਹੀਂ ਇਹਨਾਂ ਨੂੰ ਇਹਨਾਂ ਦਾ ਅਸਲੀ ਚੇਹਰਾ ਦਿਖਾ ਦਿੱਤਾ ਸੀ ਤੇ ਪੰਜਾਬ ਵਿਚੋਂ ਕਲਕੱਤਾ ਤੇ ਸਰਨਾ ਐਂਡ ਕੰਪਨੀ ਨੂੰ ਪੂਰੀ ਤਰਾਂ ਨਕਾਰੇ ਜਾ ਚੁੱਕੇ ਹਨ। ਹੁਣ ਇਹ ਹਾਰੇ ਹੋਏ ਕਾਗਜੀ ਸ਼ੇਰ ਸਿੱਖ ਸੰਗਤਾਂ ‘ਚ ਆਪਣਾ ਨਾਮ ਜਿੰਦਾ ਰੱਖਣ ਲਈ ਕੇਵਲ ਤੇ ਕੇਵਲ ਸਿੱਖਾਂ ਦੀ ਚੁਣੀਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜਨੀਤੀ ਦਾ ਪਾਠ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਕਲਕੱਤੇ ਨੂੰ ਇਹ ਵੀ ਨਹੀ ਪਤਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਤੰਬਰ ਮਹੀਨੇ ‘ਚ ਨਵੀਂ ਚੋਣ ਹੋ ਗਈ ਤੇ ਉਸ ਤੋਂ ਪਿਛੋਂ ਸਾਲ 2004 ਵਾਲੇ ਹਾਉਸ ਦੇ ਆਉਦੇਦਾਰਾਂ ਦੀ ਚੋਣ ਕਰਵਾਉਣੀ ਆਪਣੇ ਅਧਿਕਾਰ ਖੇਤਰ ‘ਚ ਨਹੀ ਹੁੰਦੀ ਤੇ ਸਾਰਾ ਕੁਝ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਰਾਹੀਂ ਹੁੰਦਾ ਹੈ। ਜਿਥੋਂ ਤੀਕ ਗੁਰਧਾਮਾਂ ਦੇ ਵਿਕਾਸ ਤੇ ਵਿਸਥਾਰ ਦੀ ਗੱਲ ਹੈ ਕਲਕੱਤਾ ਨੂੰ ਇਕ ਵਾਰ ਸਾਰੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਲੈਣੇ ਚਾਹੀਦੇ ਹਨ ਆਪੇ ਹੀ ਵਿਕਾਸ ਵਿਸਥਾਰ ਬਾਰੇ ਪਤਾ ਲੱਗ ਜਾਵੇਗਾ।
ਉਹਨਾਂ ਕਿਹਾ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ਼ ਤੇ ਹਸਪਤਾਲ ਲਈ ਪੰਜਾਬ ਐਂਡ ਸਿੰਧ ਬੈਂਕ ਪਾਸੋਂ 20 ਕਰੋੜ ਰੁਪਏ ਕਰਜੇ ਦੇ ਰੂਪ ‘ਚ ਲਏ ਸਨ ਤੇ ਉਸ ਵਿਚੋਂ ਕਰਜ਼ਾ ਤੇ ਵਿਆਜ਼ ਦੀਆਂ ਲਗਾਤਾਰ ਕਿਸ਼ਤਾਂ ਜਾ ਰਹੀਆਂ ਹਨ ਕੇਵਲ 11 ਕਰੋੜ 44 ਲੱਖ ਰੁਪਏ ਦੇ ਕਰੀਬ ਬਾਕੀ ਹਨ ਤੇ ਇਸ ਰਹਿੰਦੇ ਬਕਾਏ ਦੀ ਕਲਕੱਤੇ ਨੂੰ ਫਿਕਰ ਕਰਨ ਦੀ ਕੋਈ ਜਰੂਰਤ ਨਹੀ ਟਰੱਸ਼ਟ ਖੁੱਦ ਹੀ ਬੈਂਕ ਦਾ ਬਕਾਇਆ ਮੋੜ ਰਿਹਾ ਹੈ। ਜਿਥੋਂ ਤੀਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਵਾਲ ਹੈ ਉਸ ‘ਚ ਵੀ ਕਲਕੱਤਾ ਤੇ ਸਰਨਾ ਐਂਡ ਪਾਰਟੀ ਨੂੰ ਆਪਣੀ ਤਾਕਤ ਦਾ ਪਤਾ ਚਲ ਜਾਵੇਗਾ। ਕਿਉਕਿ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਕਲਕੱਤਾ ਤੇ ਸਰਨਾਂ ਭਰਾਵਾਂ ਦੇ ਕਿਰਦਾਰ ਨੂੰ ਸਮਝ ਲਿਆ ਹੈ ਕਿ ਇਹ ਲੋਕ ਗੁਰੂ-ਘਰ ਦੀਆਂ ਸਰਾਵਾਂ ਨੂੰ ਕਿਸ ਤਰਾਂ ਵਿਆਹ ਸ਼ਾਦੀਆਂ ਲਈ ਠੇਕੇਪੁਰ ਦਿੰਦੇ ਹਨ। ਇਹਨਾਂ ਸਵਾਲਾਂ ਦਾ ਜੁਆਬ ਲੈਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਂਗ ਦਿੱਲੀ ਦੀਆਂ ਸੂਝਵਾਨ ਸਿੱਖ ਸੰਗਤਾਂ ਇਸ ਕੰਪਨੀ ਨੂੰ ਆਪਣੀ ਵੋਟ ਦੀ ਤਾਕਤ ਰਾਹੀਂ ਦਿੱਲੀ ਤੋਂ ਕਲਕੱਤੇ ਦਾ ਰਸਤਾ ਦਿਖਾਉਣਗੀਆਂ।