ਅੰਮ੍ਰਿਤਸਰ, 6 ਫਰਵਰੀ 2012 : ਸਥਾਨਕ ਖਾਲਸਾ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਮਾਨਤਾ ਦੇਣ ਦੀ ਕੜੀ ਵਿੱਚ ਕਾਲਜ ਮੈਨੇਜਮੈਂਟ ਵੱਲੋਂ ਅੱਜ ਬੀ.ਏ. (ਪਹਿਲੇ ਸਾਲ) ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਮੈਂਗਲੌਰ (ਕਰਨਾਟਕਾ) ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਐਥਲੈਟਿਕ ਮੀਟ ਵਿੱਚ ਉੱਚੀ ਛਾਲ ‘ਚ ਨਵਾਂ ਰਿਕਾਰਡ ਸਥਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ। ਜਗਦੀਪ ਨੇ ਇਹ ਰਿਕਾਰਡ 2.15 ਮੀਟਰ ਦੀ ਉੱਚੀ ਛਾਲ ਲਗਾ ਕੇ ਕਾਇਮ ਕੀਤਾ ਸੀ ਅਤੇ ਉਸ ਨੂੰ ਇਸ ਮੀਟ ਦਾ ਸਰਬੋਤਮ ਐਥਲੀਟ ਵੀ ਐਲਾਨਿਆ ਗਿਆ ਸੀ।
ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਉਭਰਦੇ ਐਥਲੀਟ ਜਗਦੀਪ ਨੂੰ ਮਾਣ ਦਿੰਦਿਆਂ ਹੋਇਆਂ ਕਿਹਾ ਕਿ ਇਹ ਉਸ ਦੀ ਮਿਹਨਤ ਅਤੇ ਲਗਨ ਸਦਕਾ ਹੀ ਹੈ ਕਿ ਉਹ ਖੇਡ ਦੇ ਮੈਦਾਨ ਵਿੱਚ ਉੱਚਾ ਸਥਾਨ ਹਾਸਲ ਕਰ ਸਕਿਆ ਹੈ। ਉਨ•ਾਂ ਨੇ ਜਗਦੀਪ ਸਿੰਘ ਮੈਰਿਟ ਸਰਟੀਫਿਕੇਟ ਦਿੰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਗਦੀਪ ਹੋਰ ਵੀ ਆਉਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਵੇ। ਉਨ•ਾਂ ਕਿਹਾ ਕਿ ਇਸ ਲਈ ਉਹ ਜਗਦੀਪ ਨੂੰ ਹਰ ਸੰਭਵ ਮਦਦ ਜਿਵੇਂ ਕਿ ਕੋਚਿੰਗ ਅਤੇ ਮੁਢਲੇ ਖੇਡ ਢਾਂਚੇ ਦੀ ਉਪਲਬਧਾ ਯਕੀਨੀ ਬਣਾਉਣਗੇ।
ਜਗਦੀਪ ਨੇ ਇਸ ਮੌਕੇ ‘ਤੇ ਕਿਹਾ ਕਿ ਹੁਣ ਉਸ ਦੀਆਂ ਨਜ਼ਰ ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ‘ਤੇ ਟਿੱਕੀਆਂ ਹਨ। ਜਗਦੀਪ ਨੇ ਕਿਹਾ ਕਿ ਉਸ ਦੇ ਉੱਚੀ ਛਾਲ ਦੇ ਰਿਕਾਰਡ ਤੋਂ ਬਾਅਦ ਉਸ ਨੂੰ ਸਰਬੋਤਮ ਖਿਡਾਰੀ ਚੁਣਨ ਤੋਂ ਬਾਅਦ ਉਸ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਏਸ਼ੀਅਨ ਗੇਮਜ਼ ਲਈ ਛੇਤੀ ਹੀ ਸ਼ੁਰੂ ਹੋਣ ਵਾਲੇ ਟ੍ਰਾਇਲ ਦੀ ਤਿਆਰੀ ਵਿੱਚ ਰੁਝ ਜਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਉਹ ਇਸ ਰਾਸ਼ਟਰੀ ਪੱਧਰ ਦੇ ਕੈਂਪ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਏਸ਼ੀਅਨ ਲਈ ਆਪਣੀ ਜਗ•ਾ ਪੱਕੀ ਕਰੇਗਾ।
ਜਗਦੀਪ ਨੇ ਆਪਣਾ ਨਵਾਂ ਰਿਕਾਰਡ ਆਪਣੇ ਹੀ ਪੁਰਾਣੇ 2.11 ਮੀਟਰ ਦੇ ਰਿਕਾਰਡ ਨੂੰ ਤੋੜ ਕੇ ਬਣਾਇਆ ਸੀ। ਇਸ ਮੀਟ ਵਿੱਚ ਉਸ ਨੂੰ ਇਸ ਕਾਮਯਾਬੀ ਲਈ 20,000/- ਰੁਪਏ ਦਾ ਨਕਦ ਇਨਾਮ ਵੀ ਮਿਲਿਆ ਸੀ। ਖਾਲਸਾ ਕਾਲਜ ਖੇਡ ਵਿਭਾਗ ਦੇ ਇੰਚਾਰਜ, ਬਚਨਪਾਲ ਸਿੰਘ ਨੇ ਦੱਸਿਆ ਕਿ ਜਗਜੀਤ ਇੱਕ ਬਹੁਤ ਹੀ ਹੋਣਹਾਰ, ਉੱਭਰਦਾ ਹੋਇਆ ਐਥਲੀਟ ਹੈ। ਉਨ•ਾਂ ਦੱਸਿਆ ਕਿ ਜਗਦੀਪ ਨੇ ਰਾਂਚੀ (ਝਾਰਖੰਡ) ਵਿਖੇ ਨਵੰਬਰ ਮਹੀਨੇ ਵਿੱਚ ਹੋਈ ਆਲ ਇੰਡੀਆ ਜੂਨੀਅਰ ਐਥਲੈਟਿਕ ਮੀਟ ਵਿੱਚ ਵੀ 2.10 ਮੀਟਰ ਉੱਚੀ ਛਾਲ ਲਗਾ ਕੇ ਸੋਨੇ ਦਾ ਤਮਗਾ ਜਿੱਤਿਆ ਸੀ।