ਅੰਮ੍ਰਿਤਸਰ: 07 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਂਦਿਆਂ ਦੱਸਿਆ ਕਿ ਭਗਤ ਜੀ ਦੇ 40 ਸ਼ਬਦ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਛੋਟੀ ਉਮਰ ਤੋਂ ਹੀ ਭਗਤ ਜੀ ਬੁੱਧੀਮਾਨ ਤੇ ਮਿਹਨਤੀ ਸਨ। ਭਗਤ ਜੀ ਕੇਵਲ 7 ਸਾਲ ਦੀ ਉਮਰ ਵਿੱਚ ਹੀ ਪ੍ਰਭੂ ਭਗਤੀ ਵਿੱਚ ਪਰਪੱਕ ਹੋ ਗਏ ਸਨ ਤੇ ਉਹਨਾਂ ਦੇ ਮਨ ਵਿੱਚ ਦੀਨ-ਦੁੱਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਅਤੇ ਭਲਾਈ ਕਰਨ ਦਾ ਜ਼ਜ਼ਬਾ ਭਰਿਆ ਹੋਇਆ ਸੀ। ਭਗਤ ਰਵਿਦਾਸ ਜੀ ਦਾ ਸਮਕਾਲੀ ਸਮਾਜ ਜਾਤ-ਪਾਤ, ਕਰਮ-ਕਾਡਾਂ ਅਤੇ ਧਾਰਮਿਕ ਕੱਟੜਤਾ ਆਦਿ ਦੇ ਰੋਗਾਂ ਨਾਲ ਪੀੜਤ ਸੀ। ਬਦੇਸ਼ੀ ਹਕੂਮਤ ਦੀ ਗੁਲਾਮੀ ਤੇ ਸੁਦੇਸ਼ੀ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਨੀਵੀਆਂ ਜਾਤਾਂ ਨੂੰ ਉਹਨਾਂ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਤੋ ਵਾਂਝੇ ਕੀਤਾ ਹੋਇਆ ਸੀ। ਇਸ ਮੌਕੇ ਸ਼ੂਦਰ ਜਾਤ ਦਾ ਧਾਰਮਿਕ ਵਿਸ਼ਿਆਂ ਉਪਰ ਬੋਲਣ ਜਾਂ ਸੁਣਨ ਨੂੰ ਅਪਰਾਧ ਮੰਨਿਆਂ ਜਾਂਦਾ ਸੀ ਤੇ ਅਛੂਤ ਜਾਤ ਦੇ ਲੋਕਾਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ। ਜੇਕਰ ਕੋਈ ਅਧਿਆਤਮਿਕ ਪ੍ਰਾਪਤੀ ਲਈ ਯਤਨ ਕਰਦਾ ਸੀ ਤਾਂ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ।
ਪੁਜਾਰੀ ਅਤੇ ਪ੍ਰੋਹਿਤ ਸ਼੍ਰੇਣੀ ਨੇ ਬੜੇ ਯੋਜਨਾਬੱਧ ਢੰਗ ਨਾਲ ਧਾਰਮਿਕ ਗ੍ਰੰਥਾਂ ਵਿੱਚ ਵੰਡ ਪਾਈ ਸੀ ਤੇ ਪ੍ਰੋਹਿਤ ਲੋਕ ਆਪਣੀ ਮਨ ਮਰਜੀ ਨਾਲ ਧਾਰਮਿਕ ਗ੍ਰੰਥਾਂ ਦੇ ਅਰਥ ਕਰਦੇ ਸਨ। ਉਸ ਵਕਤ ਭਗਤ ਰਵਿਦਾਸ ਜੀ ਅਜਿਹੇ ਭ੍ਰਿਸ਼ਟ ਸਮਾਜਿਕ ਪ੍ਰਬੰਧ ਵਿੱਚ ਪੈਦਾ ਹੋਏ ਅਤੇ ਉਹਨਾਂ ਅਛੂਤ ਲੋਕਾਂ ਉੱਪਰ ਹੋ ਰਹੇ ਜੁਲਮ ਨੂੰ ਆਪਣੇ ਪਿੰਡੇ ਉਪਰ ਹੰਢਾਇਆ ਤੇ ਫਿਰ ਬਾਣੀ ਵਿੱਚ ਇਸ ਜੁਲਮ ਵਿਰੁੱਧ ਦ੍ਰਿੜਤਾ-ਪੂਰਵਕ ਅਵਾਜ ਉਠਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀ:ਸਕੱਤਰ ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ, ਮੀਤ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾ, ਸ.ਅੰਗਰੇਜ ਸਿੰਘ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਕੁਲਦੀਪ ਸਿੰਘ ਤੇ ਸ.ਗੁਰਚਰਨ ਸਿੰਘ ਘਰਿੰਡਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਮੱਲੀ ਤੇ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਗੁਰਿੰਦਰ ਸਿੰਘ, ਸ.ਗੁਰਦੇਵ ਸਿੰਘ ਉਬੋਕੇ, ਸ.ਜਸਵਿੰਦਰ ਸਿੰਘ ਦੀਪ ਤੇ ਸ.ਗੁਰਮੀਤ ਸਿੰਘ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਚੀਫ ਗੁ:ਇੰ: ਸ.ਜਗੀਰ ਸਿੰਘ, ਐਡੀ:ਚੀਫ ਸ.ਜੱਸਾ ਸਿੰਘ, ਸੁਪਰਵਾਈਜਰ ਸ.ਜਤਿੰਦਰ ਸਿੰਘ, ਐਡੀ:ਮੈਨੇਜਰ ਸ.ਸਤਨਾਮ ਸਿੰਘ, ਸ.ਬੇਅੰਤ ਸਿੰਘ, ਮੀਤ ਮੈਨੇਜਰ ਸ.ਮੰਗਲ ਸਿੰਘ ਤੇ ਸ.ਭੁਪਿੰਦਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।